ਮੈਗਸੀਪਾ ਨੇ ਕੰਮਕਾਜੀ ਥਾਵਾਂ 'ਤੇ ਔਰਤਾਂ ਦੇ ਜਿਣਸੀ ਉਤਪੀੜਨ ਦੀ ਰੋਕਥਾਮ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ
5 Dariya News
ਮੋਗਾ 11-Feb-2019
ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿੱਚ ਕੰਮਕਾਜੀ ਔਰਤਾਂ ਦੇ ਜਿਣਸੀ ਉਤਪੀੜਨ ਦੀ ਰੋਕਥਾਮ ਲਈ ਵਿਭਿੰਨ ਕਾਨੂੰਨੀ ਅਤੇ ਸੰਸਥਾਗਤ ਢਾਂਚੇ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ (ਮੈਗਸੀਪਾ) ਪੰਜਾਬ ਦੇ ਖੇਤਰੀ ਸੈਂਟਰ ਬਠਿੰਡਾ ਵੱਲੋਂ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਲਗਾਈ ਗਈ। ਇਸ ਵਿੱਚ ਐੱਮ.ਸੀ ਕਾਨਫਰੰਸ ਹਾਲ ਵਿੱਚ ਅੱਜ 7 ਜ਼ਿਲ੍ਹਿਆਂ ਜਿਨ੍ਹਾ ਵਿੱਚ ਬਠਿੰਡਾ,ਮੋਗਾ,ਮੁਕਤਸਰ,ਫਰੀਦਕੋਟ,ਫਿਰੋਜ਼ਪੁਰ,ਫਾਜ਼ਿਲਕਾ ਅਤੇ ਮਾਨਸਾ ਦੇ ਸਰਕਾਰੀ ਕਰਮਚਾਰੀਆਂ ਨੇ ਹਿੱਸਾ ਲਿਆ। ਭਾਰਤ ਸਰਕਾਰ ਦੇ ਅਮਲਾ ਅਤੇ ਸਿਖਲਾਈ ਵਿਭਾਗ ਵੱਲੋਂ ਸਪਾਂਸਰ ਕੀਤੇ ਇਸ ਪ੍ਰੋਗਰਾਮ ਵਿੱਚ ਲਿੰਗ ਮੁੱਦੇ, ਉਨ੍ਹਾਂ ਦੀਆਂ ਕਿਸਮਾਂ, ਇਸ ਸਬੰਧੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਅਤੇ ਸਰਕੂਲਰਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਵਿੱਚ ਡਾਕਟਰ ਦਲੀਪ ਕੁਮਾਰ, ਪ੍ਰਿੰਸੀਪਲ, ਬੀ.ਕੇ.ਐਸ.ਐਮ ਲਾਅ ਕਾਲਜ ਮੋਗਾ, ਡਾ. ਨਿੰਮੀ ਐਚ.ਓ.ਡੀ, ਲਾਅ ਵਿਭਾਗ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਅਤੇ ਵਕੀਲਾਂ ਕਸ਼ਮੀਰੀ ਲਾਲ ਅਤੇ ਗੁਰਮੀਤ ਸਿੰਘ ਸੇਖੋਂ ਨੇ ਆਪਣੇ ਵਿਚਾਰ ਪ੍ਰਗਟਾਏ ਅਤੇ ਪ੍ਰਸ਼ਨ ਉਤਰ ਸੈਸ਼ਨ ਵਿੱਚ ਹਿੱਸਾ ਲਿਆ।ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਮੈਗਸੀਪਾ ਦੇ ਰਿਜ਼ਨਲ ਸੈਂਟਰ ਬਠਿੰਡਾ ਦੇ ਰਿਜ਼ਨਲ ਪ੍ਰਾਜੈਕਟ ਡਾਇਰੈਕਟਰ ਸ਼੍ਰੀ ਜਰਨੈਲ ਸਿੰਘ ਨੇ ਕਿਹਾ ਕਿ ਔਰਤਾਂ ਸਾਡੇ ਸਮਾਜ ਵਿੱਚ ਬਹੁਮੁਖੀ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਇਹ ਸਾਡੀ ਸਮੂਹਿਕ ਜਿੰਮੇਵਾਰੀ ਹੈ ਕਿ ਅਸੀਂ ਕੰਮਕਾਜੀ ਸਥਾਨਾਂ 'ਤੇ ਉਨ੍ਹਾਂ ਦੀ ਸੁਰੱਖਿਆ ਗਰਿਮਾ ਨੂੰ ਯਕੀਨੀ ਬਣਾਈਏ। ਥੰਮਕਾਜੀ ਸਥਾਨਾਂ 'ਤੇ ਔਰਤਾ ਖਿਲਾਫ਼ ਜਿਣਸੀ ਉਤਪੀੜਨ ਰੋਕਣ ਅਤੇ ਉਨ੍ਹਾਂ ਦੀ ਰਾਖੀ ਲਈ ਵਿਭਿੰਨ ਪ੍ਰਮੁੱਖ ਕਾਨੂੰਨਾਂ ਅਤੇ ਉਪਾਇਆ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਜਰਨੈਲ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਰਜਿਸਟਰਡ ਸ਼ਿਕਾਇਤਾ ਦੇ ਪ੍ਰਭਾਵੀ ਨਿਵਾਰਨ ਨੂੰ ਯਕੀਨੀ ਬਨਾਉਣ ਲਈ ਸਬੰਧਿਤ ਵਿਭਾਗ ਵੱਲੋਂ ਇਨ੍ਹਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਔਰਤ ਮੁਲਾਜ਼ਮਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਸਬੰਧਤ ਕਾਰਜ ਸਥਾਨਾਂ 'ਤੇ ਸਮੂਹਿਕ ਰੂਪ ਨਾਲ ਇਸ ਸਮਾਜਿਕ ਬੁਰਾਈ ਖਿਲਾਫ਼ ਆਵਾਜ਼ ਬੁਲੰਦ ਕਰਨ। ਇਸ ਤੋਂ ਪਹਿਲਾਂ ਰਿਜ਼ਨਲ ਸੈਂਟਰ ਬਠਿੰਡਾ ਦੇ ਕੋਆਰਡੀਨੇਟਰ ਸ਼੍ਰੀ ਮਨਦੀਪ ਸਿੰਘ ਨੇ ਇਸ ਪ੍ਰੋਗਰਾਮ ਦੇ ਪਿਛੋਕੜ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।