ਅਭੀਵਿਅਕਤੀ ਫ਼ਾਊਂਡੇਸ਼ਨ ਵੱਲੋਂ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਦੇ ਸਹਿਯੋਗ ਨਾਲ ਕਿਸਾਨ ਉਤਪਾਦਕ ਸੰਗਠਨ ਜਾਗਰੂਕਤਾ ਮੁਹਿੰਮ ਤਹਿਤ ਜਿਲਾ ਪੱਧਰੀ ਮੀਟਿੰਗ ਦਾ ਆਯੋਜਨ
ਜ਼ਿਲੇ ਦੇ 60 ਕਲੱਸਟਰਾਂ ਵਿੱਚ ਕਿਸਾਨ ਉਤਪਾਦਕ ਸੰਗਠਨ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ
5 Dariya News
ਬਠਿੰਡਾ 09-Feb-2019
ਅਭੀਵਿਅਕਤੀ ਫ਼ਾਊਂਡੇਸ਼ਨ ਨੇ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਦੇ ਸਹਿਯੋਗ ਨਾਲ ਬਠਿੰਡਾ ਵਿੱਚ ਕਿਸਾਨ ਉਤਪਾਦਕ ਸੰਗਠਨ ਜਾਗਰੂਕਤਾ ਮੁਹਿੰਮ ਤਹਿਤ ਜਿਲਾ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਕਾਸ ਮਿੱਤਲ, ਜਿਲਾ ਵਿਕਾਸ ਪ੍ਰਬੰਧਕ ਨਾਬਾਰਡ, ਡੀ. ਐਲ. ਦੁਗੱਲ ਡਿਪਟੀ ਰਜਿਸਟ੍ਰਾਰ ਕੋਪਰੇਟਿਵ ਸੁਸਾਇਟੀਜ਼ ਬਠਿੰਡਾ, ਹਰਜਿੰਦਰ ਸਿੰਘ ਡੀ.ਡੀ.ਪੀ.ੳ ਬਠਿੰਡਾ, ਡਾ. ਧਰਮਿੰਦਰ ਸਿੰਘ ਖੇਤੀਬਾੜੀ ਅਫਸਰ, ਮੈਡਮ ਊਸ਼ਾ ਰਾਣੀ ਸੀ.ਡੀ.ਪੀ.ੳ ਬਠਿੰਡਾ, ਹਰਨੇਕ ਸਿੰਘ ਡਾਇਰੈਕਟਰ ਪੰਜਾਬ ਨੈਸ਼ਨਲ ਬੈਂਕ ਫਾਰਮਰ ਟ੍ਰੇਨਿੰਗ ਸੈਂਟਰ ਮਹਿਰਾਜ, ਸੁਖਦੇਵ ਸਿੰਘ ਬਾਗਬਾਨੀ ਵਿਕਾਸ ਅਫਸਰ, ਇਕਬਾਲ ਸਿੰਘ ਡਿਪਟੀ ਐਲ. ਡੀ. ਐਮ. ਦੇਵ ਰਾਜ ਇੰਸਪੈਕਟਰ ਡਾਇਰੀ ਵਿਭਾਗ, ਸ੍ਰ. ਅਮ੍ਰਿਤਪਾਲ ਸਿੰਘ ਰੀਜ਼ਨਲ ਡਾਇਰੈਕਟਰ ਅਭੀ ਵਿਅਕਤੀ ਫਾਊਂਡੇਸ਼ਨ ਨੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਵਿਕਾਸ ਪ੍ਰਬੰਧਕ ਨਾਬਾਰਡ ਵਿਕਾਸ ਮਿੱਤਲ ਨੇ ਦੱਸਿਆ ਕਿ ਨਾਬਾਰਡ ਦੁਆਰਾ ਪੰਜਾਬ ਦੇ 3000 ਕਲੱਸਟਰਾਂ ਵਿੱਚ ਇਸ ਜਾਗਰੂਕਤਾ ਮੁਹਿੰਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਉਹ ਕਿਸਾਨ ਉਤਪਾਦਕ ਸੰਗਠਨ ਤੋਂ ਕਿਸ ਤਰਾਂ ਫਾਇਦਾ ਲੈ ਸਕਦੇ ਹਨ। ਉਨਾਂ ਦੱਸਿਆ ਕਿ ਜੋ ਕਿਸਾਨ ਆਪਣੀ ਆਮਦਨ ਵਧਾਉਣਾ ਚਾਹੁੰਦੇ ਹਨ ਉਨਾਂ ਲਈ ਕਿਸਾਨ ਉਤਪਾਦਕ ਸੰਗਠਨ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਨਾਬਾਰਡ ਦੇ ਸਹਿਯੋਗ ਨਾਲ ਪੰਜਾਬ ਵਿੱਚ 91 ਕਿਸਾਨ ਉਤਪਾਦਕ ਸੰਗਠਨ ਬਣਾਏ ਜਾ ਚੁੱਕੇ ਹਨ। ਇਸ ਮੌਕੇ ਸੰਸਥਾ ਦੇ ਰੀਜ਼ਨਲ ਡਾਇਰੈਕਟਰ ਸ੍ਰ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ [ਨਾਬਾਰਡ] ਦੇ ਸਹਿਯੋਗ ਨਾਲ ਇਸ ਅਭਿਆਨ ਦੇ ਤਹਿਤ ਬਠਿੰਡਾ ਜ਼ਿਲੇ ਦੇ 60 ਕਲੱਸਟਰਾਂ ਵਿੱਚ ਕਿਸਾਨ ਉਤਪਾਦਕ ਸੰਗਠਨ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਉਨਾਂ ਦੱਸਿਆਂ ਕਿ ਇਸੇ ਅਭਿਆਨ ਤਹਿਤ ਇਸ ਮੀਟਿੰਗ ਵਿੱਚ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਜ਼ਿਲਾ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਤੋਂ ਆਏ ਮਾਹਿਰਾਂ ਵੱਲੋਂ ਵਲੰਟੀਅਰਜ਼ ਨੂੰ ਟ੍ਰੇਨਿੰਗ ਦਿੱਤੀ ਗਈ ਹੈ, ਜੋ ਅੱਗੇ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਗੇ ਤਾਂ ਜੋ ਜ਼ਿਲੇ ਵਿੱਚ ਕਿਸਾਨ ਉਤਪਾਦਕ ਸੰਗਠਨਾਂ ਦਾ ਗਠਨ ਕੀਤਾ ਜਾ ਸਕੇ। ਉਨਾਂ ਅਨੁਸਾਰ ਨਾਬਾਰਡ ਕਾਫੀ ਉਪਰਾਲੇ ਕਰ ਰਹੀ ਹੈ ਕਿ ਕਿਸਾਨਾਂ ਦੀਆਂ ਆਮਦਨ ਨੂੰ ਦੁੱਗਣਾ ਕੀਤਾ ਜਾ ਸਕੇ। ਇਸ ਲਈ ਸਾਨੂੰ ਪੈਦਾਵਾਰ ਵਧਾਉਣ, ਵਾਧੂ ਖਰਚਿਆਂ ਨੂੰ ਘਟਾਉਣ ਅਤੇ ਸਹਾਇਕ ਧੰਦਿਆਂ ਵੱਲ ਵਧੇਰੇ ਧਿਆਨ ਦੇਣਾ ਪਵੇਗਾ। ਇਸ ਦੌਰਾਨ ਕਲੱਸਟਰ ਲੈਵਲ ਕੈਪਾਂ ਬਾਰੇ ਵਿਚਾਰ ਵਟਾਦਰਾਂ ਕਰਕੇ 10 ਤੋਂ 28 ਫਰਵਰੀ ਤੱਕ 60 ਕੈਂਪ ਲਗਾਉਣ ਦਾ ਪਲੈਨ ਫਾਈਨਲ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਡਾ. ਧਰਮਿੰਦਰ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਭਲਾਈ ਲਈ ਹਮੇਸ਼ਾ ਕੰਮ ਕਰਦਾ ਰਿਹਾ ਹੈ ਅਤੇ ਇਸ ਅਭਿਆਨ ਵਿੱਚ ਵੀ ਪੂਰੀ ਤਰਾਂ ਸ਼ਮੂਲੀਅਤ ਕਰੇਗਾ। ਇਸ ਦੌਰਾਨ ਉਨਾਂ ਨੇ ਫ਼ਸਲੀ ਬਦਲਾਵ ਦੀ ਗੱਲਬਾਤ ਕੀਤੀ ਅਤੇ ਇਸ ਨੂੰ ਸਮੇਂ ਦੀ ਜ਼ਰੂਰਤ ਦੱਸਿਆ ਇਸ ਦੇ ਨਾਲ ਹੀ ਉਨਾਂ ਨੇ ਅਭੀਵਿਅਕਤੀ ਫਾਊਂਡੇਸ਼ਨ ਵੱਲੋਂ ਪਰਾਲੀ ਸੁਰੱਖਿਆ ਅਭਿਆਨ ਤਹਿਤ ਕੀਤੇ ਕੰਮਾਂ ਦੀ ਵੀ ਸਿਫ਼ਤ ਕੀਤੀ। ਉਨਾਂ ਦੱਸਿਆ ਕਿ ਪ੍ਰੋਸੈਸਿੰਗ ਕਰਨਾ ਸਮੇਂ ਦੀ ਜ਼ਰੂਰਤ ਹੈ । ਇਸ ਨਾਲ ਕਿਸਾਨ ਆਪਣੀ ਆਮਦਨ ਨੂੰ ਕਾਫ਼ੀ ਵਧਾਅ ਸਕਦਾ ਹੈ। ਉਨਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਆਏ ਹੋਏ ਮਾਹਿਰਾਂ ਵੱਲੋਂ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਮਾਸਟਰ ਟ੍ਰੇਨਰ ਵਿੰਦਰ ਰਾਠੋਰ ਅਤੇ ਅਭੀਵਿਅਕਤੀ ਫਾਊਂਡੇਸ਼ਨ ਦੇ ਵਲੰਟੀਅਰਜ਼, ਕੋਪਰੇਟਿਵ ਦੇ ਸਕੱਤਰਾਂ ਅਤੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।