5 Dariya News

ਬਟਾਲਵੀਆਂ ਨੇ ਨਸ਼ਿਆਂ ਖਿਲਾਫ਼ ਬਣਾਇਆ ਵਿਸ਼ਵ ਰਿਕਾਰਡ

ਅਸ਼ਵਨੀ ਸੇਖੜੀ ਦੀ ਅਗਵਾਈ ਹੇਠ ਬਟਾਲਾ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਟਰੈਕਟਰ ਰੈਲੀ ਕੱਢੀ ਗਈ

5 Dariya News

ਬਟਾਲਾ 09-Feb-2019

ਬਟਾਲਾ ਨਿਵਾਸੀਆਂ ਨੇ ਨਸ਼ਿਆਂ ਦੇ ਖਿਲਾਫ਼ ਵਿਸ਼ਵ ਦੀ ਸਭ ਵੱਡੀ ਟਰੈਕਟਰ ਰੈਲੀ ਕਰਕੇ ਅੱਜ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਅਗਵਾਈ ਹੇਠ ਅੱਜ ਬਟਾਲਾ ਦੇ ਵਿਸ਼ਵਾ ਮਿੱਤਰ ਸੇਖੜੀ ਕਾਲਜ ਤੋਂ ਸ਼ੁਰੂ ਹੋਈ 2000 ਤੋਂ ਵੱਧ ਟਰੈਕਟਰਾਂ ਦੀ ਰੈਲੀ ਨੇ ਸੂਬਾ ਪੰਜਾਬ ਸਮੇਤ ਪੂਰੀ ਦੁਨੀਆਂ ਨੂੰ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿੱਤਾ ਹੈ। ਵਿਸ਼ਵ ਦੀ ਸਭ ਤੋਂ ਵੱਡੀ ਟਰੈਕਟਰ ਰੈਲੀ ਵਿੱਚ ਟਰੈਕਟਰਾਂ ਸਮੇਤ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਨਸ਼ਾ ਮੁਕਤ ਪੰਜਾਬ ਦਾ ਸੰਕਲਪ ਲਿਆ ਅਤੇ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਗੱਲ ਕਹੀ। ਇਸ ਮੌਕੇ ਰੈਲੀ ਦੇ ਪ੍ਰਬੰਧਕ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬਟਾਲਾ ਤੋਂ ਨਸ਼ਿਆਂ ਖਿਲਾਫ਼ ਉੱਠੀ ਇਹ ਅਵਾਜ਼ ਸੂਬੇ ਨੂੰ ਨਸ਼ਾ ਮੁਕਤ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਮਿਸਾਲੀ ਕੰਮ ਕੀਤਾ ਹੈ ਅਤੇ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਵਿੱਚ ਰਾਜ ਸਰਕਾਰ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਰੈਲੀ ਦਾ ਸੰਕਲਪ 'ਨਸ਼ਾ ਮੁਕਤ ਪੰਜਾਬ' ਹੈ ਅਤੇ ਅੱਜ ਬਟਾਲਾ ਵਾਸੀਆਂ ਨੇ ਆਪਣੇ ਇਲਾਕੇ ਅਤੇ ਆਪਣੇ ਸੂਬੇ 'ਚੋਂ ਨਸ਼ਾ ਖਤਮ ਕਰਨ ਦਾ ਪ੍ਰਣ ਲਿਆ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜਾਂ ਤਾਂ ਉਹ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰ ਦੇਣ ਨਹੀਂ ਤਾਂ ਲੋਕ ਅਤੇ ਕਾਨੂੰਨ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ। 

ਸਾਬਕਾ ਮੰਤਰੀ ਸ੍ਰੀ ਸੇਖੜੀ ਨੇ ਕਿਹਾ ਕਿ ਅੱਜ ਦੀ ਇਸ ਵਿਸ਼ਵ ਪੱਧਰੀ ਟਰੈਕਟਰ ਰੈਲੀ ਵਿੱਚ ਪੰਜਾਬ ਦੇ 1650 ਨਿੱਜੀ ਅਨਏਡਿਡ ਕਾਲਜਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਪੂਰਾ ਸਹਿਯੋਗ ਕੀਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਲਜਾਂ ਵਲੋਂ 10 ਲੱਖ ਵਿਦਿਆਰਥੀਆਂ ਨੂੰ ਪਹਿਲਾਂ ਹੀ ਨਸ਼ਿਆਂ ਵਿਰੱਧ ਮੁਹਿੰਮ ਵਿੱਚ ਲਾਮਬੱਧ ਕੀਤਾ ਜਾ ਚੁੱਕਾ ਹੈ ਅਤੇ 1650 ਕਾਲਜਾਂ ਦੇ ਕੈਂਪਸ ਨੂੰ ਨਸ਼ਾ ਮੁਕਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਉਨ੍ਹਾਂ ਟਰੈਕਟਰ ਰੈਲੀ 'ਚ ਭਾਗ ਲੈਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ।ਟਰੈਕਟਰ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਸੰਦੇਸ਼ ਰਾਹੀਂ ਇਸ ਟਰੈਕਟਰ ਰੈਲੀ 'ਚ ਭਾਗ ਲੈ ਰਹੇ ਨੌਜਵਾਨਾਂ ਸਮੇਤ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਵਿਰੱਧ ਲੜ੍ਹਾਈ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਇਸ ਵਿੱਚ ਕੋਈ ਢਿੱਲ-ਮੱਠ ਨਹੀਂ ਵਰਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਾ ਰਹਿਤ ਜੀਵਨ ਬਤੀਤ ਕਰਕੇ ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ। ਇਸ ਮੌਕੇ ਉਨ੍ਹਾਂ ਬਟਾਲਾ ਵਿਖੇ ਨਸ਼ਿਆਂ ਵਿਰੁੱਧ ਟਰੈਕਟਰ ਰੈਲੀ ਕੱਢਣ ਲਈ ਵਧਾਈ ਵੀ ਦਿੱਤੀ। ਇਸ ਤੋਂ ਬਾਅਦ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਅਤੇ ਵੀ.ਐੱਮ.ਐੱਸ. ਕਾਲਜ ਦੇ ਸੀ.ਈ.ਓ. ਸ੍ਰੀ ਅਭਿਨਵ ਸੇਖੜੀ ਦੀ ਅਗਵਾਈ ਹੇਠ 2000 ਤੋਂ ਵੱਧ ਟਰੈਕਟਰਾਂ ਦੀ ਰੈਲੀ ਕੱਢੀ ਗਈ ਜਿਸ ਨੇ ਪੂਰੇ ਇਲਾਕੇ ਵਿੱਚ ਨਸ਼ਾ ਮੁਕਤ ਪੰਜਾਬ ਦਾ ਹੋਕਾ ਦਿੱਤਾ। ਇਸ ਮੌਕੇ ਸਿਟੀ ਕਾਂਗਰਸ ਪ੍ਰਧਾਨ ਸ੍ਰੀ ਸਵਰਨ ਮੁੱਢ, ਦਿਹਾਤੀ ਕਾਂਗਰਸ ਪ੍ਰਧਾਨ ਨਿਸ਼ਾਨ ਸਿੰਘ ਪਵਾਰ, ਸਵਿੰਦਰ ਸਿੰਘ ਭਾਗੋਵਾਲ, ਬਲਦੇਵ ਸਿੰਘ, ਨਿੱਜੀ ਅਨਏਡਿਡ ਕਾਲਜਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਬਟਾਲਾ ਸ਼ਹਿਰ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।