ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ ਵਿਖੇ 6ਵੀਂ ਦੱਖਣੀ ਏਸ਼ੀਅਨ ਇਤਿਹਾਸ ਕਾਨਫਰੰਸ ਸ਼ੁਰੂ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਬੇ ਕੁਚਲੇ ਲੋਕਾਂ ਦੇ ਭਲੇ ਲਈ ਸਮਾਜਿਕ ਕ੍ਰਾਂਤੀ ਲਿਆਂਦੀ-ਪਰਨੀਤ ਕੌਰ
5 Dariya News
ਪਟਿਆਲਾ 01-Feb-2019
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭੇ ਗਏ ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਤਿੰਨ ਰੋਜ਼ਾ 6ਵੀਂ ਦੱਖਣੀ ਏਸ਼ੀਅਨ ਇਤਿਹਾਸ ਕਾਨਫਰੰਸ ਅੱਜ ਇਥੇ ਸ਼ੁਰੂ ਹੋਈ।ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ 'ਚ ਸ਼ੁਰੂ ਹੋਈ ਇਸ ਕੌਮਾਂਤਰੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਵਿਆਪੀ ਸਚਾਈ, ਅਮਨ ਅਤੇ ਆਪਸੀ ਪਿਆਰ ਦੇ ਸੰਦੇਸ਼ ਨੂੰ ਕੁਲ ਦੁਨੀਆਂ ਤੱਕ ਪੁੱਜਦਾ ਕਰਨ ਲਈ ਉਨ੍ਹਾਂ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹਰ ਮਹੀਨੇ ਵੱਖ-ਵੱਖ ਸਮਾਗਮ ਕਰਵਾਏ ਜਾਣੇ ਹਨ, ਇਸੇ ਲੜੀ ਤਹਿਤ ਇਹ ਕਾਨਫਰੰਸ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੀ ਸਮਰਪਿਤ ਕੀਤੀ ਗਈ ਹੈ।'ਦੱਖਣੀ ਖਿੱਤੇ ਦੇ ਦੇਸ਼ਾਂ ਵਿੱਚ ਗਰੀਬੀ, ਸਮਾਜਿਕ, ਆਰਥਿਕ, ਸੱਭਿਆਚਾਰਕ, ਰਾਜਨੀਤਕ ਅਤੇ ਧਾਰਮਿਕ ਕਾਰਨਾਂ ਕਰਕੇ ਦੱਬੇ ਕੁਚਲੇ ਰਹੇ ਵਰਗਾਂ ਦਾ ਮੁਲਾਂਕਣ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਵਿਰਾਸਤ' ਵਿਸ਼ੇ 'ਤੇ ਸ਼ੁਰੂ ਹੋਈ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਜੀਵਨ ਨੂੰ ਉਚਾ ਚੁੱਕਣਾ ਸੀ ਅਤੇ ਉਨ੍ਹਾਂ ਨੇ ਧਰਮ, ਜਾਤ-ਪਾਤ ਅਤੇ ਲਿੰਗ ਆਦਿ ਦੇ ਭੇਦਭਾਵ ਨੂੰ ਮਿਟਾ ਕੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ।ਪਰਨੀਤ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਪਦੇਸ਼ ਕੁਲ ਦੁਨੀਆਂ ਲਈ ਸਾਂਝਾ ਸੀ ਅਤੇ ਉਨ੍ਹਾਂ ਨੇ ਇਸਦੇ ਪ੍ਰਚਾਰ ਲਈ ਉਦਾਸੀਆਂ ਦੇ ਨਾਮ 'ਤੇ ਦੇਸ਼ਾਂ-ਦੇਸ਼ਾਂਤਰਾਂ ਦੀ ਯਾਤਰਾ ਕੀਤੀ। ਉਨ੍ਹਾਂ ਨੇ ਉਸ ਵੇਲੇ ਜਾਲਮ ਹਾਕਮਾਂ ਵੱਲੋਂ ਲਤਾੜੇ ਅਤੇ ਨਿਮਾਣੇ ਲੋਕਾਂ ਦੇ ਭਲੇ ਲਈ ਆਵਾਜ ਬੁਲੰਦ ਕਰਦਿਆਂ ਇੱਕ ਸਮਾਜਿਕ ਕ੍ਰਾਂਤੀ ਲਿਆਂਦੀ, ਜਿਸ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਔਰਤਾਂ, ਦਲਿਤਾਂ, ਆਦਿਵਾਸੀਆਂ, ਕਬਲਿਆਂ, ਉਦਯੋਗਿਕ ਕਾਮਿਆਂ, ਸੀਮਾਂਤ ਕਿਸਾਨਾਂ, ਖੇਤੀਬਾੜੀ ਮਜ਼ਦੂਰਾਂ ਅਤੇ ਅਜਿਹੇ ਹੋਰਨਾਂ ਦਬੇ ਕੁਚਲੇ ਲੋਕਾਂ ਸਮੇਤ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਹੈ, ਜਿਸ ਦੀ ਸਾਰਥਿਕਤਾ ਅਜੋਕੇ ਸਮੇਂ ਵੀ ਉਨੀ ਹੀ ਹੈ।ਉਨ੍ਹਾਂ ਨੇ ਇਸ ਮੌਕੇ ਇਤਿਹਾਸ ਵਿਭਾਗ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹੋ ਜਿਹੀਆਂ ਕਾਨਫਰੰਸਾਂ ਨਾਲ ਖੋਜ਼ ਕਰਨ ਵਿਚ ਵਿਦਿਆਰਥੀਆਂ ਨੂੰ ਕਾਫੀ ਸਾਰੀ ਸਮੱਗਰੀ ਆਸਾਨੀ ਨਾਲ ਇਕੋ ਜਗ੍ਹਾ ਤੋਂ ਪ੍ਰਾਪਤ ਹੋ ਜਾਂਦੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਸ਼ੇ 'ਤੇ ਸੈਮੀਨਾਰ ਕਰਵਾਉਣਾ ਇਤਿਹਾਸ ਵਿਭਾਗ ਦੀ ਬਹੁਤ ਵੱਡੀ ਪ੍ਰਾਪਤੀ ਹੈ। ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਪੰਜਵੀਂ ਦੱਖਣੀ ਏਸ਼ੀਆ ਇਤਿਹਾਸ ਕਾਨਫਰੰਸ ਦੀ ਕਾਰਵਾਈ ਦੀ ਕਿਤਾਬ ਵੀ ਜਾਰੀ ਕੀਤੀ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਮੇਤ ਉਨ੍ਹਾਂ ਦੀਆਂ ਯਾਤਰਾਵਾਂ ਦਾ ਵਿਸ਼ੇਸ਼ ਜਿਕਰ ਕਰਦਿਆਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਅਜਿਹੇ ਸੈਮੀਨਾਰ ਲਗਾਤਾਰ ਕਰਵਾਉਂਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਨਵੇ ਖੋਜਾਰਥੀ ਬੁੱਧੀਜੀਵੀਆਂ ਦੇ ਵਿਚਾਰਾਂ ਤੋਂ ਜਾਣੂ ਹੋ ਸਕਣ।ਇਸ ਤੋਂ ਪਹਿਲਾਂ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਸਮਾਜਿਕ ਇਕਸਾਰਤਾ ਦੇ ਮਾਡਲ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਵਿਚਾਰਧਾਰਾ ਦੀ ਨੀਂਹ ਰੱਖੀ ਸੀ, ਉਸੇ ਹੀ ਵਿਚਾਰਧਾਰਾ ਤੇ ਅੱਜ ਦੇ ਇਨਸਾਨਾਂ ਨੂੰ ਅਮਲ ਕਰਨਾ ਚਾਹੀਦਾ ਹੈ। ਕਾਨਫਰੰਸ ਦੌਰਾਨ ਡੀਨ ਰਿਸਰਚ ਡਾ. ਜਸਪਾਲ ਕੌਰ ਧੰਜੂ ਤੇ ਇਤਿਹਾਸ ਵਿਭਾਗ ਦੇ ਮੁਖੀ ਡਾ. ਮੁਹੰਮਦ ਇਦਰੀਸ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਾਨਫਰੰਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ।ਉਦਘਾਟਨੀ ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋ. ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਸੱਚੇ ਪੈਗੰਬਰ ਵਜੋਂ ਸਮਾਜ ਵਿੱਚ ਨਵੇਂ ਦਿਸਹੱਦੇ ਸਥਾਪਤ ਕੀਤੇ, ਇਨ੍ਹਾਂ 'ਚ ਗੁਰੂ, ਸੰਗਤ, ਲੰਗਰ ਅਤੇ ਧਰਮਸ਼ਾਲਾ ਆਦਿ ਪ੍ਰਮੁੱਖ ਸਨ। ਉਨ੍ਹਾਂ ਨੇ ਇਹ ਸੰਸਥਾਵਾਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਸਥਾਪਤ ਕੀਤੀਆਂ ਅਤੇ ਇਸ ਨਾਲ ਸਿੱਖ ਪੰਥ ਦੇ ਨਾਮ ਹੇਠ ਭਾਰਤ 'ਚ ਇੱਕ ਨਵੇਂ ਧਰਮ ਦੀ ਸ਼ੁਰੂਆਤ ਹੋਈ।ਕੁੰਜੀਵਤ ਭਾਸ਼ਣ ਦਿੰਦਿਆਂ ਜੰਮੂ ਯੂਨੀਵਰਸਿਟੀ ਦੇ ਡਾ. ਜਿਗਰ ਮੁਹੰਮਦ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਦੱਬੇ ਕੁਚਲੇ ਲੋਕਾਂ ਦੇ ਹੱਕ 'ਚ ਡੱਟ ਕੇ ਪਹਿਰਾ ਦਿੱਤਾ ਅਤੇ ਉਨ੍ਹਾਂ ਨੇ ਅੱਜ ਦੀ ਇਸ ਕਾਨਫਰੰਸ ਦੇ ਉਦੇਸ਼ ਅਤੇ ਵਿਸ਼ੇ ਦੀ ਸ਼ਾਲਾਘਾ ਕੀਤੀ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀਆਂ ਸਿੱਖਿਆਵਾਂ, ਜੀਵਨ ਅਤੇ ਫ਼ਿਲਾਸਫ਼ੀ 'ਤੇ ਚਰਚਾ ਕਰਦਿਆਂ ਗੁਰੂ ਸਾਹਿਬ ਵੱਲੋਂ ਪੁਰਾਣੇ ਰੀਤੀ ਰਿਵਾਜਾਂ ਦੇ ਖੰਡਨ ਕਰਨ ਸਮੇਤ ਉਨ੍ਹਾਂ ਵੱਲੋਂ ਚਲਾਈ ਲੰਗਰ ਦੀ ਪ੍ਰਥਾ ਦਾ ਖਾਸ ਤੌਰ 'ਤੇ ਜਿਕਰ ਕੀਤਾ।ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ ਬੰਗਲਾਦੇਸ਼ ਦੀ ਢਾਕਾ ਯੂਨੀਵਰਸਿਟੀ ਤੋਂ ਡਾ. ਮਿਸਬਾਹ ਕਮਾਲ ਤੇ ਜਰਮਨੀ ਦੀ ਗੁਟਨਬਰਗ ਯੂਨੀਵਰਸਿਟੀ ਤੋਂ ਡਾ. ਅਜੀਤ ਸਿੰਘ ਸਿਕੰਦ ਨੇ ਜਿੱਥੇ ਬੰਗਲਾਦੇਸ਼ 'ਚ ਲਿਬਰੇਸ਼ਨ ਮੂਵਮੈਂਟ 'ਚ ਭਾਰਤ ਖਾਸ ਕਰਕੇ ਪੰਜਾਬ ਦੇ ਯੋਗਦਾਨ ਦਾ ਜਿਕਰ ਕੀਤਾ ਉਥੇ ਹੀ ਦੱਖਣੀ ਏਸ਼ੀਆ ਖਿੱਤੇ ਦੇ ਦੇਸ਼ਾਂ ਨੂੰ ਦਰਪੇਸ਼ ਸਮਾਜਿਕ, ਆਰਥਿਕ ਅਤੇ ਸਿਆਸੀ ਮੁਸ਼ਕਿਲਾਂ ਦੇ ਹੱਲ ਲਈ ਇਕਠੇ ਮਿਲਕੇ ਹੰਭਲਾ ਮਾਰਨ ਲਈ ਵੀ ਆਖਿਆ। ਉਨ੍ਹਾਂ ਨੇ ਇਸ ਕਾਨਫਰੰਸ ਤੋਂ ਪੈਦਾ ਹੋਏ ਵਿਚਾਰਾਂ ਨੂੰ ਇਨ੍ਹਾਂ ਦੇਸ਼ਾਂ 'ਚ ਲਾਗੂ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਸਥਾਨਾਂ 'ਤੇ ਸਥਾਪਤ ਧਾਰਮਿਕ ਅਸਥਾਨਾਂ 'ਤੇ ਖੁੱਲਾ ਆਉਣ-ਜਾਣ ਦੀ ਇਜ਼ਾਜਤ ਦੇਣ ਵੀ ਵਕਾਲਤ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਲਵੀਰ ਸਿੰਘ ਢਿੱਲੋਂ, ਡਾ. ਕੁਲਵੀਰ ਸਿੰਘ ਢਿੱਲੋਂ, ਡਾ. ਜਸ਼ਨਦੀਪ ਸਿੰਘ ਸੰਧੂ, ਡਾ. ਬਲਰਾਜ ਸਿੰਘ, ਡਾ. ਪ੍ਰਨੀਤ ਕੌਰ, ਡਾ. ਬਲਵਿੰਦਰ ਕੌਰ ਭੱਟੀ, ਮੈਡਮ ਸੰਦੀਪ ਕੌਰ ਅਤੇ ਸਮੂਹ ਵੱਖ-ਵੱਖ ਵਿਭਾਗਾਂ ਤੋਂ ਖੋਜਾਰਥੀਆਂ ਸਮੇਤ ਦੱਖਣੀ ਏਸ਼ੀਅਨ ਦੇਸ਼ਾਂ, ਆਸਟ੍ਰੇਲੀਆ, ਯੂ.ਕੇ., ਜਰਮਨੀ ਆਦਿ ਤੋਂ ਕਰੀਬ 250 ਡੈਲੀਗੇਟਾਂ ਨੇ ਸਮੂਲੀਅਤ ਕੀਤੀ।