5 Dariya News

ਮੋਦੀ ਸਰਕਾਰ ਨੇ ਪੂਰੇ ਪੰਜ ਸਾਲ ਪੰਜਾਬ ਨੂੰ ਅਣਗੌਲਿਆ ਕੀਤਾ : ਅਮਰਦੀਪ ਸਿੰਘ ਚੀਮਾ

ਚੇਅਰਮੈਨ ਚੀਮਾ ਨੇ ਗੁਰਦਾਸਪੁਰ ਅਤੇ ਪਠਾਨਕੋਟ ਲਈ ਕੀਤੀ ਏਮਜ਼ ਦੀ ਮੰਗ

5 Dariya News

ਬਟਾਲਾ 01-Feb-2019

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਮਰਦੀਪ ਸਿੰਘ ਚੀਮਾ ਨੇ ਮੋਦੀ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਲਈ ਏਮਜ਼ ਦਿੱਤਾ ਜਾਵੇ ਤਾਂ ਜੋ ਸਰਹੱਦੀ ਖੇਤਰ ਦੇ ਇਹ ਲੋਕ ਸਿਹਤ ਸਹੂਲਤਾਂ ਦਾ ਲਾਭ ਲੈ ਸਕਣ। ਚੇਅਰਮੈਨ ਸ. ਚੀਮਾਂ ਨੇ ਕਿਹਾ ਕਿ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਦੇ ਵੀ 700 ਤੋਂ 750 ਦੇ ਕਰੀਬ ਰੋਜ਼ਾਨਾ ਮਰੀਜ਼ ਪਹੰੁਚਦੇ ਹਨ। ਇਸ ਤੋਂ ਇਲਾਵਾ ਮਹੀਨਾਵਾਰ ਮਰੀਜ਼ਾ ਦਾ ਦਾਖਲਾ ਜੋ ਹੁੰਦਾ ਹੈ ਉਸ ਵਿੱਚ 1550 ਤੋਂ 1600 ਦੇ ਕਰੀਬ ਹਨ ਜਿੰਨਾਂ ਵਿੱਚ 450 ਤੋਂ 470 ਦੇ ਕਰੀਬ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਮਰੀਜ਼ ਹੁੰਦੇ ਹਨ ਜੋ ਹਰ ਮਹੀਨੇ ਦਾਖਲ ਹੁੰਦੇ ਹਨ ਤੇ ਇਲਾਜ਼ ਕਰਵਾ ਕੇ ਛੁੱਟੀ ਲੈ ਜਾਂਦੇ ਹਨ। ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਦੂਸਰੇ ਰਾਜਾਂ ਤੋਂ ਆਉਣ ਵਾਲੇ ਮਰੀਜ਼ਾ ਦਾ ਵੀ ਬੜੀ ਹੀ ਫਰਾਖਦਿਲੀ ਨਾਲ ਇਲਾਜ਼ ਕਰਦਾ ਹੈ ਤੇ ਹਰ ਤਰਾਂ ਦੀਆਂ ਸਹੂਲਤਾਂ ਜਿੰਨਾ ਵਿੱਚ ਮੁਫਤ ਦਵਾਈਆਂ, ਮੈਡੀਕਲ ਟੈਸਟ ਦੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ ਤਾਂ ਜੋ ਸਿਹਤ ਸਹੂਲਤਾਂ ਦੀ ਕਮੀ ਦੇ ਪੱਖੋਂ ਕਿਸੇ ਵੀ ਮਰੀਜ਼ ਦਾ ਕੋਈ ਨੁਕਸਾਨ ਨਾ ਹੋ ਸਕੇ। ਚੀਮਾ ਨੇ ਦੱਸਿਆ ਕਿ ਪੰਜਾਬ ਸਮੇਤ ਦੋ ਹੋਰ ਗੁਆਂਢੀ ਰਾਜਾਂ ਦੇ ਮਰੀਜ਼ਾਂ ਦੀ ਵੱਡੀ ਗਿਣਤੀ ਵਿੱਚ ਰੋਜ਼ਾਨਾਂ ਆਮਦ ਨੂੰ ਦੇਖਦਿਆਂ ਹੀ ਲੰਬੇ ਸਮੇ ਤੋਂ ਸਾਡੇ ਵਲੋਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਪਠਾਨਕੋਟ ਅਤੇ ਗੁਰਦਾਸਪੁਰ ਦੇ ਇਲਾਕੇ ਵਿੱਚ ਏਮਜ਼ ਵਰਗੀ ਕੋਈ ਵੱਡੀ ਸੰਸਥਾ ਮੋਦੀ ਸਰਕਾਰ ਪੰਜਾਬ ਨੂੰ ਪ੍ਰਦਾਨ ਕਰੇ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਹਰ ਪੱਖੋਂ ਹੀ ਪੰਜਾਬ ਨੂੰ ਅਣਗੌਲਿਆ ਰੱਖਿਆ ਹੈ।ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਮੰਗ ਨੂੰ ਰੱਦ ਕਰਦਿਆਂ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਲਈ ਦੋ ਏਮਜ਼ ਮਨਜੂਰ ਕਰ ਲਏ ਹਨ ਜਿਸ ਕਰਕੇ ਬੜੀ ਹੈਰਾਨ ਹੰਦੀ ਹੈ। ਉਨਾਂ ਕਿਹਾ ਕਿ ਦੋਵਾਂ ਏਮਜ਼ ਤੇ 3600 ਕਰੋੜ ਦੇ ਕਰੀਬ ਰੁਪਏ ਖਰਚਾ ਆਉਣਾ ਹੈ ਜਿਸ ਦੌਰਾਨ 1661 ਕਰੋੜ ਸਾਂਭਾ ਇਲਾਕੇ ਵਿੱਚ ਅਤੇ 1828 ਕਰੋੜ ਰੁਪਈਆ ਅਵੰਤੀਪੁਰਾ ਵਿਖੇ ਬਣਨ ਵਾਲੇ ਏਮਜ਼ ਤੇ ਖਰਚ ਕੀਤੇ ਜਾਣੇ ਹਨ ਤੇ ਇਹ ਏਮਜ਼ ਲਗਭਗ 6 ਸਾਲ ਦੇ ਸਮੇ ਵਿੱਚ ਬਣ ਕੇ ਤਿਆਰ ਹੋਣੇ ਹਨ। 

ਚੀਮਾ ਨੇ ਦੱਸਿਆ ਕਿ 6 ਸਾਲ ਬਾਅਦ ਬਣਨ ਵਾਲੇ ਉਨਾ ਏਮਜ਼ ਦੀ ਓ.ਪੀ.ਡੀ ਲਗਭਗ 1500 ਹੋਵੇਗੀ ਜਦੋ ਕਿ ਸਿਵਲ ਹਸਪਤਾਲ ਪਠਾਨਕੋਟ ਵਿਖੇ ਤਿੰਨਾ ਰਾਜਾਂ ਦੇ ਮਰੀਜ਼ਾਂ ਦੀ ਓ ਪੀ ਡੀ 750 ਦੇ ਕਰੀਬ ਹੈ ਇਸ ਲਈ ਇਹ ਸਿੱਧਾ ਸਿੱਧਾ ਪੰਜਾਬ ਨਾਲ ਧੱਕਾ ਹੈ। ਚੇਅਰਮੈਨ ਚੀਮਾ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਪੰਜਾਬ ਪ੍ਰਤੀ ਅਜਿਹੇ ਵਤੀਰੇ ਨੂੰ ਲੈ ਕੇ ਵੀ ਭਾਜਪਾ ਦੀ ਭਾਈਵਾਲ ਸਿਆਸੀ ਪਾਰਟੀ ਅਕਾਲੀ ਦਲ ਪਤਾ ਨਹੀਂ ਕਿਉਂ ਚੁੱਪ ਬੈਠੀ ਹੈ ਅਤੇ ਪਤਾ ਨਹੀਂ ਕਿਹੜੇ ਮੂੰਹ ਨਾਲ ਮੋਦੀ ਸਰਕਾਰ ਦੇ ਗੁਣ ਗਾਣ ਕਰਦੀ ਫਿਰਦੀ ਹੈ। ਚੇਅਰਮੈਨ ਸ. ਚੀਮਾ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਹੁਣ ਤਾਂ ਤੁਹਾਡੀ ਸੱਤਾ ਦੇ ਕੇਵਲ ਚੰਦ ਮਹੀਨੇ ਹੀ ਬਚੇ ਹਨ, ਇਸ ਲਈ ਜੇਕਰ ਵਾਕਿਆ ਹੀ ਪੰਜਾਬ ਪ੍ਰਤੀ ਤੁਸੀਂ ਆਪਣਾ ਕੋਈ ਫਰਜ਼ ਸਮਝਦੇ ਹੋ ਤਾਂ ਪਠਾਨਕੋਟ ਅਤੇ ਗੁਰਦਾਸਪੁਰ ਦੇ ਇਲਾਕੇ ਵਿੱਚ ਏਮਜ਼ ਨੂੰ ਮਨਜੂਰੀ ਦੇ ਦੇਵੋ ਤਾਂ ਕੁਝ ਤਾਂ ਤੁਹਾਡਾ ਯੋਗਦਾਨ ਪੰਜਾਬੀਆਂ ਦੇ ਭਲੇ ਲਈ ਇਤਿਹਾਸ ਵਿੱਚ ਦਰਜ ਹੋ ਸਕੇ। ਸ. ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਤੋਂ ਪੰਜਾਬ ਦੇ ਭਲੇ ਦੀ ਕੋਈ ਉਮੀਦ ਹੈ ਤਾਂ ਨਹੀਂ ਪਰ ਫੇਰ ਵੀ ਜੇਕਰ ਕੁਝ ਕਰ ਜਾਂਦੇ ਹਨ ਤਾਂ ਵਧੀਆ ਹੋਵੇਗਾ। ਚੇਅਰਮੈਨ ਨੇ ਇਸ ਮੌਕੇ ਕਿਹਾ ਹੈ ਉਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਵੀ ਇਹ ਸਾਰਾ ਕੁਝ ਲਿਆਂਦਾ ਹੈ ਤੇ ਉਨਾ ਨੇ ਹਰ ਤਰਾਂ ਦਾ ਸਹਿਯੋਗ ਕਰਨ ਲਈ ਕਿਹਾ ਹੈ। ਉਨਾਂ ਕਿਹਾ ਕਿ ਲੋਕਸਭਾ ਚੋਣਾਂ ਤੋਂ ਬਾਅਦ ਕੇਂਦਰ ਦੀ ਸੱਤਾ ਵਿੱਚ ਕਾਂਗਰਸ ਦਾ ਆਉਣਾ ਤੈਅ ਹੈ ਅਤੇ ਕਾਂਗਰਸ ਦੀ ਸਰਕਾਰ ਵਲੋਂ ਹੀ ਇਹ ਵੱਡਾ ਕੰਮ ਸਿਰੇ ਚਾੜਿਆ ਜਾਵੇਗਾ।ਵਰਣਨਯੋਗ ਹੈ ਕਿ ਚੇਅਰਮੈਨ ਅਮਰਦੀਪ ਸਿੰਘ ਚੀਮਾ ਵਲੋਂ ਪੰਜਾਬ ਦੇ ਲੋਕਾਂ ਦੀਆਂ ਸਿਹਤ ਸੁਵਿਧਾਵਾਂ ਲਈ ਦਿਨ ਰਾਤ ਯਤਨ ਕੀਤੇ ਜਾ ਰਹੇੇ ਹਨ ਜਿਸ ਤਹਿਤ ਕਈ ਵਾਰ ਸਰਹੱਦੀ ਜਿਲਾ ਗੁਰਦਾਸਪੁਰ ਲਈ ਏਮਜ਼ ਦੀ ਮੰਗ ਵੀ ਵੱਡੇ ਪੱਧਰ ਤੇ ਰੱਖੀ ਜਾਂਦੀ ਰਹੀ ਹੈ ਤੇ ਚੀਮਾ ਇਸ ਸੰਸਥਾ ਨੂੰ ਜ਼ਿਲਾ ਗੁਰਦਾਸਪੁਰ ਵਿੱਚ ਲਿਆਉਣ ਲਈ ਅਜੇ ਵੀ ਯਤਨਸ਼ੀਲ ਹਨ ਤੇ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ।