5 Dariya News

ਬਹਿਬਲ ਕਲਾਂ ਗੋਲੀ ਕਾਂਡ 'ਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਤੋਂ ਪੰਜਾਬ ਕਾਂਗਰਸ ਸਰਕਾਰ ਜਾਣਬੁੱਝ ਕੇ ਢਿੱਲ ਵਰਤ ਰਹੀ : ਰਣਜੀਤ ਸਿੰਘ ਬ੍ਰਹਮਪੁਰਾ

5 Dariya News

ਧਾਰੀਵਾਲ 27-Jan-2019

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅੱਜ ਇੱਕ ਸਮਾਗਮ ਦੌਰਾਨ ਧਾਰੀਵਾਲ ਵਿਖੇ ਪਹੁੰਚੇ ਜਿੱਥੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਨੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੋਕੇ ਸ੍ਰ. ਬ੍ਰਹਮਪੁਰਾ ਦੇ ਨਾਲ ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਸ੍ਰ. ਜਸਵੰਤ ਸਿੰਘ ਰੰਧਾਵਾ, ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਸਾਬਕਾ ਵਿਧਾਇਕ ਸ੍ਰ. ਮਨਮੋਹਨ ਸਿੰਘ ਸਠਿਆਲਾ, ਸਾਬਕਾ ਵਿਧਾਇਕ ਸ੍ਰ. ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਓਐਸਡੀ. ਦਮਨਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਸਮੇਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲ ਪਰਿਵਾਰ ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਪਰਿਵਾਰ ਨੇ ਆਪਣੇ ਨਿੱਜੀ ਮੁਫਾਦਾਂ ਲਈ ਸਿੱਖ ਧਰਮ, ਸਿੱਖ ਪੰਥ, ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਰਾਜਨੀਤਕ ਲਾਹਾ ਖੱਟਣ ਲਈ ਹੀ ਹਮੇਸ਼ਾ ਵਰਤਿਆ ਹੈ ਅਤੇ ਬਾਦਲ ਪਰਿਵਾਰ ਵੱਲੋਂ ਹਰ ਤਰ੍ਹਾਂ ਦਾ ਹਿਲਾ ਵਿਸੀਲਾ ਕੀਤਾ ਗਿਆ ਚਾਹੇਂ ਉਹ ਪਖੰਡੀ ਸਾਧ ਵਲੋਂ ਸਲਾਬਤਪੁਰ ਦੇ ਡੇਰੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਗਿਆ ਹੋਵੇ ਜਿਸ ਨਾਲ ਸਿੱਖਾਂ ਦੀ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਜਿਸ ਲਈ ਸਿਰਫ਼ ਤਾਂ ਸਿਰਫ਼ ਬਾਦਲ ਪਰਿਵਾਰ ਜ਼ਿੰਮੇਵਾਰ ਹੈ।

ਉਨ੍ਹਾਂ ਕਿਹਾ ਕਿ ਕੋਟਕਪੂਰਾ, ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਨਾਲ ਸਿੱਖਾਂ ਦੇ ਜ਼ਹਿਨ ਵਿੱਚ ਬਾਦਲਾਂ ਪ੍ਰਤੀ ਭਾਰੀ ਰੋਸ ਹੈ ਇਸ ਕਰਕੇ ਟਕਸਾਲੀ ਅਕਾਲੀ ਦਲ ਨੂੰ ਸੁਰਜੀਤ ਕੀਤਾ ਗਿਆ ਹੈ ਤਾਂ ਜੋ ਸਿੱਖੀ ਸਿਧਾਂਤਾਂ ਦੀ ਹਿਫ਼ਾਜ਼ਤ ਕੀਤੀ ਜਾ ਸਕੇ ਅਤੇ ਧਰਮ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ ਨਾਲ ਲੋਕਾਂ ਦਾ ਕ੍ਰੋਧ ਸਤਵੇਂ ਅਸਮਾਨ ਤੱਕ ਜਾ ਪੁੱਜਿਆ ਜਿਸ ਦਾ ਖਮਿਆਜ਼ਾ ਬਾਦਲ ਅਕਾਲੀ ਦਲ ਦੇ ਲੀਡਰਾਂ ਅਤੇ ਜਥੇਦਾਰਾਂ ਨੂੰ ਆਪਣੇ ਘਰਾਂ 'ਚੋਂ ਨਿਕਲਣਾ ਮੁਸ਼ਕਲ ਹੋ ਗਿਆ।ਉਨ੍ਹਾਂ ਪੰਜਾਬ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਾਫ਼ ਸ਼ਬਦਾਂ ਵਿੱਚ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਨੇ ਹੁਣ ਤੱਕ ਕਿਸਾਨਾਂ ਦੇ ਕਰਜ਼ੇ ਨਹੀਂ ਮੁਆਫ਼ ਕੀਤੇ ਜਿਸ ਕਰਕੇ ਕਾਂਗਰਸ ਪਾਰਟੀ ਦੀ ਅਗਵਾਈ ਕਰਨ ਵਾਲੀ ਪੰਜਾਬ ਸਰਕਾਰ ਦੀ ਧੋਖਾਧੜੀ ਸਾਫ਼ ਨਜ਼ਰ ਆਉਂਦੀ ਹੈ ਅਤੇ ਦੂਸਰਾ ਹਰ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ, ਆਰਥਿਕ ਪੱਖੋਂ ਕਮਜ਼ੋਰ ਪਛੜੀਆਂ ਸ਼੍ਰੇਣੀਆਂ ਦੀ ਗ਼ਰੀਬ ਲੜਕੀਆਂ ਦੇ ਵਿਆਹ ਸਮੇਂ ਸ਼ਗਨ ਸਕੀਮ 51000/- ਰੁਪਏ ਦੇਣ ਵਿੱਚ ਵੀ ਪੂਰੀ ਤਰ੍ਹਾਂ ਨਾਲ ਅਸਫ਼ਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਦਾ ਜਹਾਜ਼ ਡੁੱਬ ਜਾਵੇਗਾ ਜੋ ਕਿ ਸੂਬੇ ਵਿੱਚ ਸੱਤਾਧਾਰੀ ਪਾਰਟੀ ਲਈ ਬਹੁਤ ਮਾੜਾ ਹੈ।ਮੀਡੀਆ ਵਿਕਤੀਆ ਵੱਲੋਂ ਪੁੱਛੇ ਸਵਾਲ ਜਿਸ ਵਿੱਚ ਅੱਜ ਐਸ.ਆਈ.ਟੀ ਦੁਆਰਾ ਬਹਿਬਲ ਕਲਾਂ ਗੋਲੀ ਕਾਂਡ 'ਚ ਦੋਸ਼ੀ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਨੂੰ ਹਿਰਾਸਤ ਵਿੱਚ ਲਏ ਜਾਣ ਤੇ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਇਹ ਇੱਕ ਚੰਗਾ ਕਦਮ ਹੈ ਪਰ ਫਿਲਹਾਲ ਇਸ ਘਟਨਾਕ੍ਰਮ ਦੇ ਮਗਰ ਬੜੇ ਵੱਡੇ ਮਗਰਮੱਛ ਹਨ ਜਿੰਨ੍ਹਾਂ ਨੂੰ ਪੰਜਾਬ ਕਾਂਗਰਸ ਸਰਕਾਰ ਆਪਣਾ ਨਿੱਜੀ ਰਿਸ਼ਤਾ ਨਿਭਾਉਣ ਖਾਤਰ ਜਾਣਬੁੱਝ ਕੇ ਬਚਾਅ ਕਰ ਰਹੀ ਹੈ ਜਿਸ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀਆਂ ਨਜ਼ਦੀਕੀਆਂ ਸਾਫ਼ ਸਪੱਸ਼ਟ ਹੁੰਦੀਆਂ ਹਨ।