5 Dariya News

ਨਹਿਰੂ ਯੁਵਾ ਕੇਂਦਰ ਨੇ ਮਨਾਇਆ ਰਾਸ਼ਟਰੀ ਯੁਵਾ ਸਪਤਾਹ

ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਸਮਰਪਿਤ ਰਾਸ਼ਟਰੀ ਯੁਵਾ ਸਪਤਾਹ ਤਹਿਤ ਕਰਵਾਏ ਗਏ ਵੱਖ ਵੱਖ ਪ੍ਰੋਗਰਾਮ

5 Dariya News

ਫਿਰੋਜ਼ਪੁਰ 22-Jan-2019

ਨਹਿਰੂ ਯੁਵਾ ਕੇਂਦਰ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਲਾਲ ਵੀ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਸਮਰਪਿਤ ਰਾਸ਼ਟਰੀ ਯੁਵਾ ਸਪਤਾਹ ਮਨਾਇਆ ਗਿਆ, ਜਿਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲਾ ਮੇਘਾ ਵਿਖੇ ਸ਼੍ਰੀ ਵਰਿੰਦਰਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਐਨ.ਵਾਈ.ਕੇ ਦੀ ਅਗਵਾਈ ਚ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਲੜੀ ਤਹਿਤ ਲਕਸ਼ੇ ਯੂਥ ਕਲੱਬ ਮੱਖੂ ਵੱਲੋਂ ਕਲੱਬ ਪ੍ਰਧਾਨ ਰਾਜੀਵ ਕਪੂਰ ਅਤੇ ਜਨਰਲ ਸਕੱਤਰ ਮਾਸਟਰ ਸੁਭਾਸ਼ ਚੰਦਰ ਦੀ ਅਗਵਾਈ ਚ ਭਾਸ਼ਣ ਮੁਕਾਬਲੇ ਕਰਵਾਏ ਗਏ। ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਵੱਲੋਂ ਪਿੰਡ ਬਾਜੇ ਕੇ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਤੋਂ ਇਲਾਵਾ ਵੱਖ ਵੱਖ ਕਲੱਬਾਂ ਵੱਲੋਂ ਸਵੱਛਤਾ ਪ੍ਰੋਗਰਾਮ, ਖੇਡ ਮੁਕਾਬਲੇ, ਗੀਤ ਮੁਕਾਬਲੇ ਆਦਿ ਪ੍ਰੋਗਰਾਮ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਦੀ ਅਗਵਾਈ ਵਿਚ ਕਰਵਾਏ ਗਏ।ਕੌਮੀ ਹਫ਼ਤੇ ਦਾ ਸਮਾਪਤੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਵਾਮੀ ਵਿਵੇਕਾਨੰਦ ਦੀ ਵੱਡ ਅਕਾਰੀ ਤਸਵੀਰ ਤੇ ਫ਼ੁਲ ਮਾਲਾਵਾਂ ਪਾ ਕੇ ਕੀਤੀ ਗਈ। ਇਸ ਉਪਰੰਤ ਡਾ: ਸਤਿੰਦਰ ਸਿੰਘ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਸਵਾਮੀ ਵਿਵੇਕਾਨੰਦ ਬਾਰੇ ਆਪਣੇ ਵਿਚਾਰ ਸਾਂਝ ਕੀਤੇ। ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੇ ਪ੍ਰਿੰਸੀਪਲ ਊਦੇ ਪ੍ਰਕਾਸ਼ ਵੱਲੋਂ ਸਵਾਮੀ ਵਿਵੇਕਾਨੰਦ ਦੀ ਜੀਵਨੀ ਅਤੇ ਫ਼ਲਸਫ਼ੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸ੍ਰ: ਗੁਰਦੇਵ ਸਿੰਘ ਜੋਸਨ ਲੇਖਾਕਾਰ ਨਹਿਰੂ ਯੁਵਾ ਕੇਂਦਰ ਵੱਲੋਂ ਡਾ: ਸਤਿੰਦਰ ਸਿੰਘ ਪ੍ਰਿੰਸੀਪਲ ਅਤੇ ਸ਼ੀ੍ਰ ਉਦੇ ਪ੍ਰਕਾਸ਼ ਵੱਲੋਂ ਸਵਾਮੀ ਵਿਵੇਕਾਨੰਦ ਦੀਆਂ ਕਿਤਾਬਾਂ ਬੱਚਿਆਂ ਵਿਚ ਵੰਡੀਆਂ ਗਈਆਂ।  ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਭੰਗੜਾ, ਕਵਿਤਾ ਆਦਿ ਪੇਸ਼ ਕੀਤਾ ਗਿਆ। ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੁਖਵਿੰਦਰ ਸਿੰਘ, ਰਜੇਸ਼ ਕੁਮਾਰ, ਗੀਤਾ, ਬਲਜੀਤ ਕੌਰ, ਵਿਜੈ ਅਤੇ ਅਮਰਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।