ਬਸਤੀ ਟਿੱਬੀ ਸਾਹਿਬ ਦੇ ਸਕੂਲੀ ਬੱਚਿਆਂ ਨੂੰ ਸਵਾਇਨ ਫਲੂ ਬਾਰੇ ਜਾਗਰੂਕ ਕੀਤਾ
5 Dariya News
ਸ੍ਰੀ ਮੁਕਤਸਰ ਸਾਹਿਬ 22-Jan-2019
ਡਾ. ਸੁਖਪਾਲ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਬਸਤੀ ਟਿੱਬੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿੱਚ ਸਵਾਇਨ ਫਲੂ ਪ੍ਰਤੀ ਜਾਗਰੂਕ ਕੀਤਾ। ਇਸ ਸਮੇਂ ਗੁਰਤੇਜ਼ ਸਿੰਘ ਅਤੇ ਵਿਨੋਦ ਖੁਰਾਣਾ ਜਿਲਾ ਮਾਸ ਮੀਡੀਆ ਅਫ਼ਸਰ, ਭਗਵਾਨ ਦਾਸ ਹੈਲਥ ਇੰਸਪੈਕਟਰ ਅਤੇ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਵਾਇਨ ਫਲੂ ਇੰਫਲੂਐਂਜਾਂ ਵਾਇਰਸ (ਐਚ 1ਐਨ 1) ਨਾਲ ਹੁੰਦੀ ਹੈ। ਸਵਾਇਨ ਫਲੂ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਖੰਘ ਨਾਲ, ਛਿੱਕਾਂ, ਵਗਦੀ ਨੱਕ, ਹੱਥ ਮਿਲਾਉਣ ਨਾਲ, ਕਿਸੇ ਨੂੰ ਸਪਰਸ਼ ਨਾਲ, ਖੁੱਲੇ ਵਿੱਚ ਥੁੱਕਣ ਨਾਲ ਫੈਲਦੀ ਹੈ। ਇਹ ਬਜੁਰਗਾਂ, ਕਮਜੋਰ ਵਿਅਕਤੀਆਂ, ਬੱਚੇ, ਗਰਭਵਤੀ ਮਾਵਾਂ ਅਤੇ ਦਮੇ ਦੇ ਮਰੀਜਾਂ ਨੂੰ ਛੇਤੀ ਹੁੰਦੀ ਹੈ ਅਤੇ ਘਾਤਕ ਸਿੱਧ ਹੁੰਦੀ ਹੈ, ਕਿਉਕਿ ਉਹਨਾਂ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ, ਇਸ ਲਈ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ। ਪਰ ਜੇਕਰ ਬੰਦਾ ਤੰਦਰੁਸਤ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਇਹ ਬਿਮਾਰੀ 5-7 ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦੀ ਹੈ। ਜਿਨਾਂ ਵਿਅਕਤੀਆਂ ਨੂੰ ਬੁਖਾਰ, ਖਾਂਸੀ, ਦੁਖਦਾ ਗਲਾ, ਡਾਇਰੀਆ, ਉਲਟੀਆਂ ਅਤੇ ਸਾਹ ਆਉਣ ਵਿੱਚ ਤਕਲੀਫ ਨਜ਼ਰ ਆਵੇ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਸ ਦਾ ਇਲਾਜ ਮੁਫ਼ਤ ਹੁੰਦਾ ਹੈ। ਇਸ ਮੌਕੇ ਉਹਨਾਂ ਅਪੀਲ ਕੀਤੀ ਕਿ ਉਹ ਭੀੜ ਵਾਲੀਆਂ ਥਾਵਾਂ ਤੇ ਨਾਂ ਜਾਣ ਅਤੇ ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰਾਂ ਸਾਫ਼ ਕਰਨੇ ਚਾਹੀਦੇ ਹਨ। ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਅਕਤੀਆਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਖੰਘਦੇ ਜਾਂ ਛਿੱਕਦੇ ਸਮੇਂ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ। ਨੀਂਦ ਪੂਰੀ ਲਵੋ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹੋ, ਬਹੁਤ ਸਾਰਾ ਪਾਣੀ ਪੀਓ ਅਤੇ ਪੌਸ਼ਟਿਕ ਭੋਜਨ ਖਾਓ। ਉਹਨਾ ਸਾਰੇ ਅਧਿਆਪਿਕਾਂ ਅਤੇ ਬੱਚਿਆਂ ਨੁੰ ਅਪੀਲ ਕੀਤੀ ਕਿ ਉਹ ਇਹ ਸੰਦੇਸ਼ ਆਪਣੇ ਘਰ, ਮੁਹੱਲੇ ਅਤੇ ਆਪਣੇ ਸ਼ਹਿਰ ਵਿੱਚ ਵੱਧ ਤੋਂ ਵੱਧ ਦੇਣ ਤਾਂ ਜ਼ੋ ਆਪਾਂ ਆਪਣੇ ਸਮਾਜ ਨੁੰ ਤੰਦਰੁਸਤ ਰੱਖ ਸਕੀਏ। ਇਸ ਸਮੇਂ ਅਧਿਆਪਿਕ ਨੀਰੂ, ਅੰਮ੍ਰਿਤ ਕੌਰ, ਪੂਨਮ, ਵੀਨਾ, ਭੁਪਿੰਦਰ ਕੌਰ, ਹਰਿ ਕ੍ਰਿਸ਼ਨ, ਸਰਿੰਦਰ ਕੁਮਾਰ, ਨਿਸ਼ਾ ਰਾਣੀ ਅਤੇ ਵਿਦਿਆਰਥੀ ਹਾਜਿਰ ਸਨ।