5 Dariya News

ਮਜ਼ਦੂਰ ਵਰਗ ਦੀ ਲੜਕੀ ਨੇ ਖੇਡੋ ਇੰਡੀਆ 'ਚ ਜਿੱਤਿਆ ਸਿਲਵਰ ਮੈਡਲ-ਮਨਪ੍ਰੀਤ ਸਿੰਘ

ਪੰਜਾਬ ਸਕੂਲ ਸਟੇਟ ਖੇਡਾਂ ਵਿਚ ਵੀ ਜਿੱਤ ਚੁੱਕੀ ਹੈ ਗੋਲਡ ਮੈਡਲ, ਖੇਡੋ ਇੰਡੀਆ ਤਹਿਤ ਪੂਨੇ ਵਿਖੇ ਹੋਏ ਸਨ ਕੁਸ਼ਤੀ ਮੁਕਾਬਲੇ

5 Dariya News

ਫਾਜ਼ਿਲਕਾ 22-Jan-2019

ਪੂਨਾ ਵਿਖੇ ਹੋਏ ਖੇਡੋ ਇੰਡੀਆ ਦੇ ਕੁਸ਼ਤੀ ਮੁਕਾਬਲੇ 'ਚ ਸਿਲਵਰ ਮੈਡਲ ਜਿੱਤ ਕੇ ਵਾਪਸ ਪਰਤੀ ਅਬੋਹਰ ਦੀ ਖਿਡਾਰਨ ਅਨੁ ਦਾ ਜ਼ਿਲ੍ਹੇ ਅੰਦਰ ਪੰਹੁਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਬਹੁਤ ਹੀ ਗਰੀਬ ਤੇ ਮਜ਼ਦੂਰ ਵਰਗ ਨਾਲ ਸਬੰਧਤ ਇਸ ਖਿਡਾਰਨ ਨੂੰ ਡਿਪਟੀ ਕਮਿਸ਼ਨਰ  ਮਨਪ੍ਰੀਤ ਸਿੰਘ ਨੇ ਜਿੱਤ ਦੀ ਵਧਾਈ ਦਿੰਦਿਆਂ ਹੋਰਨਾਂ ਖਿਡਾਰੀਆਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਜਿਥੇ ਖੇਡਾਂ ਸ਼ਰੀਰਿਕ ਤੇ ਮਾਨਸਿਕ ਵਿਕਾਸ 'ਚ ਵਾਧਾ ਕਰਦੀਆਂ ਹਨ ਉਥੇ ਖਿਡਾਰੀ ਆਪਣੇ ਮਾਂ-ਪਿਓ, ਜ਼ਿਲ੍ਹੇ ਤੇ ਦੇਸ਼ ਦਾ ਨਾਮ ਖੇਡਾਂ ਵਿੱਚ ਚਮਕਾਉਣ 'ਚ ਵੀ ਆਪਣਾ ਵੱਢਮੁਲਾ ਯੋਗਦਾਨ ਪਾਉਂਦੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ੍ਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਚਲਾਏ ਜਾ ਰਹੇ ਕੁਸ਼ਤੀ ਸੈਂਟਰ ਤੋਂ ਕੋਚਿੰਗ ਲੈ ਰਹੀ ਅਤੇ ਸਥਾਨਕ ਸਰਕਾਰੀ ਬਰਾਂਚ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਅਨੁ ਨੇ ਪੁਨਾ (ਮਹਾਰਾਸ਼ਟਰ) ਵਿੱਚ ਆਯੋਜਿਤ ਖੇਡੋ ਇੰਡੀਆ ਰਾਸ਼ਟਰੀ ਯੂਥ ਫੈਸਟੀਵਲ ਵਿਚ ਫਰੀ ਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤ ਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਇਹ ਮੈਡਲ ਅੰਡਰ 17 'ਚ 69 ਕਿਲੋ ਦੇ ਵਰਗ ਦੇ ਕੁਸ਼ਤੀ ਮੁਕਾਬਲੇ 'ਚ ਪ੍ਰਾਪਤ ਕੀਤਾ ਹੈ। ਇਸ ਖਿਡਾਰਨ ਨੂੰ ਦੇਸ਼ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਸਿਲਵਰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ। ਕੁਸ਼ਤੀ ਕੋਚ ਸ. ਹਰਪਿੰਦਰ ਸਿੰਘ ਨੇ ਹੋਰ ਦੱਸਿਆ ਕਿ ਅਬੋਹਰ ਦੀ ਇੰਦਰਾ ਨਗਰੀ ਵਿੱਚ ਰਹਿ ਰਹੀ ਇਹ ਖਿਡਾਰਨ ਬਹੁਤ ਹੀ ਗਰੀਬ ਵਰਗ ਨਾਲ ਸਬੰਧਤ ਹੈ ਅਤੇ ਇਸ ਦੇ ਮਾਂ-ਪਿਓ ਮਿਹਨਤ ਮਜ਼ਦੂਰੀ ਕਰਕੇ ਬੜੀ ਮਿਹਨਤ ਨਾਲ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਖਿਡਾਰਨ ਵੱਲੋਂ ਲੁਧਿਆਣਾ ਵਿਚ ਆਯੋਜਿਤ ਹੋਈਆਂ ਪੰਜਾਬ ਸਕੂਲ ਸਟੇਟ ਖੇਡਾਂ ਦੌਰਾਨ ਵੀ ਇਸ ਖਿਡਾਰਨ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਂ-ਪਿਓ, ਸਕੂਲ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਜਾ ਚੁੱਕਾ ਹੈ।