5 Dariya News

ਜ਼ਰੂਰਤਮੰਦ ਦਿਵਆਂਗਜਨ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ : ਵਿਜੇ ਸਾਂਪਲਾ

ਕੇਂਦਰੀ ਰਾਜ ਮੰਤਰੀ ਨੇ 371 ਯੋਗ ਲਾਭਪਾਤਰੀਆਂ ਨੂੰ ਮੁਫ਼ਤ 756 ਸੌਂਪੇ ਸਹਾਇਕ ਉਪਰਕਰਣ ਅਤੇ ਬਣਾਉਟੀ ਅੰਗ

5 Dariya News

ਹੁਸ਼ਿਆਰਪੁਰ 21-Jan-2019

ਸਮਾਜਿਕ ਨਿਆਂ ਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ  ਵਿਜੇ ਸਾਂਪਲਾ ਨੇ ਕਿਹਾ ਕਿ ਜ਼ਰੂਰਤਮੰਦ ਦਿਵਆਂਗਜਨ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵਲੋਂ ਹਮੇਸ਼ਾਂ ਇਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਲੋੜਵੰਦ ਸਰਕਾਰੀ ਸਹੂਲਤ ਤੋਂ ਵਾਂਝਾ ਨਾ ਰਹੇ, ਇਸ ਲਈ ਸਮੇਂ-ਸਮੇਂ 'ਤੇ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾ ਰਹੇ ਹਨ। ਉਹ ਅੱਜ ਜਰੂਰਤਮੰਦ ਦਿਵਆਂਗਜਨ ਨੂੰ ਮੁਫ਼ਤ ਸਹਾਇਕ ਉਪਕਰਣ ਅਤੇ ਬਣਾਉਟੀ ਅੰਗ ਵੰਡਣ ਲਈ ਕਰਵਾਏ ਗਏ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਅਲੀਮਕੋ ਦੇ ਸਹਿਯੋਗ ਨਾਲ ਏ.ਡੀ.ਆਈ.ਪੀ. ਯੋਜਨਾ ਅਧੀਨ ਬਣਾਉਟੀ ਅੰਗ ਪ੍ਰਦਾਨ ਕਰਨ ਲਈ ਇਹ ਸਮਾਰੋਹ ਡੀ.ਏ.ਵੀ. ਸਕੂਲ ਹੁਸ਼ਿਆਰਪੁਰ ਵਿੱਚ ਕਰਵਾਇਆ ਗਿਆ ਸੀ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮਾਰੋਹ ਵਿੱਚ 371 ਯੋਗ ਲਾਭਪਾਤਰੀਆਂ ਨੂੰ ਮੁਫ਼ਤ 756 ਸਹਾਇਕ ਉਪਕਰਣ ਅਤੇ ਬਣਾਉਟੀ ਅੰਗ ਸੌਂਪੇ ਗਏ, ਜਿਨ੍ਹਾਂ ਦੀ ਲਾਗਤ 28.13 ਲੱਖ ਰੁਪਏ ਹੈ।ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਦਿਵਆਂਗਜਨ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੀ ਭਲਾਈ ਅਤੇ ਪੁਨਰਵਾਸ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਵੱਖ-ਵੱਖ ਕੈਂਪਾਂ ਰਾਹੀਂ 14 ਲੱਖ ਤੋਂ ਜ਼ਿਆਦਾ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਨਾ ਸਿਰਫ਼ ਦਿਵਆਂਗਜਨ ਬਲਕਿ ਬਜ਼ੁਰਗਾਂ ਦੀ ਦੇਖ-ਭਾਲ ਵੀ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਜ਼ਰੂਰੀ ਉਪਕਰਣ ਮੁਹੱਈਆ ਕਰਵਾਏ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਅਲੀਮਕੋ ਵਲੋਂ ਵੱਖ-ਵੱਖ ਸ਼੍ਰੇਣੀ ਦੀ ਦਿਵਆਂਗਤਾ ਲਈ ਸਹਾਇਕ ਉਪਕਰਣ ਅਤੇ ਬਣਾਉਟੀ ਅੰਗ ਦਿੱਤੇ ਗਏ ਹਨ, ਜਿਨ੍ਹਾਂ ਵਿੱਚ 4 ਸਮਾਰਟ ਕੇਨ, 2 ਬਰੇਲ, 10 ਸਲੇਟ ਅਤੇ ਇਕ ਬਰੇਲ ਕਿੱਟ, 6 ਮੋਟਰਰਾਈਜ਼ਡ ਟਰਾਈ ਸਾਈਕਲ, 13 ਟਰਾਈ ਸਾਈਕਲ, 71 ਵੀਲ੍ਹਚੇਅਰਜ਼, 10 ਸੀ.ਪੀ.ਚੇਅਰਜ਼, 36 ਬੈਸਾਖੀ, 10 ਵਾਕਰ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ, ਬਜ਼ੁਰਗਾਂ ਅਤੇ ਸੁਣਨ ਤੋਂ ਅਸਮਰੱਥ ਵਿਅਕਤੀਆਂ ਲਈ 301 ਸੁਣਨ ਵਾਲੀਆਂ ਮਸ਼ੀਨਾਂ ਸ਼ਾਮਲ ਹਨ।ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਦਿਵਆਂਗਜਨ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 'ਹਰ ਵੀਰਵਾਰ ਦਿਵਆਂਗਾਂ ਦਾ ਸਤਿਕਾਰ' ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਰ ਵੀਰਵਾਰ ਜ਼ਿਲ੍ਹੇ ਦੀ ਇਕ ਸਬ-ਡਵੀਜ਼ਨ ਦੇ ਸਰਕਾਰੀ ਹਸਪਤਾਲ ਵਿੱਚ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਤਾਂ ਜੋ ਦਿਵਆਂਗਜਨ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਦਿਵਆਂਗਜਨ ਦੀ ਵੋਟ ਅਜੇ ਨਹੀਂ ਬਣੀ, ਉਹ ਪਹਿਲ ਦੇ ਆਧਾਰ 'ਤੇ ਆਪਣੀ ਵੋਟ ਬਣਵਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਮੁਕੇਸ਼ ਗੌਤਮ, ਅਲਿਮਕੋ ਕੰਪਨੀ ਦੇ ਅਧਿਕਾਰੀ ਸ੍ਰੀ ਅਰੁਣ ਮਿਸ਼ਰਾ, ਸ੍ਰੀ ਅਸ਼ੋਕ ਕੁਮਾਰ ਸਾਹੂ ਅਤੇ ਸ੍ਰੀ ਇਸ਼ਵਿੰਦਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਾ. ਰਮਨ ਘਈ, ਸ੍ਰੀ ਭਾਰਤ ਭੂਸ਼ਨ ਵਰਮਾ, ਸ੍ਰੀ ਸਾਹਿਲ ਸ਼ਰਮਾ, ਸ੍ਰੀ ਸੰਜੀਵ ਤਲਵਾੜਾ, ਸ੍ਰੀ ਮਨੋਜ ਸ਼ਰਮਾ, ਸ੍ਰੀਮਤੀ ਕੁਲਵੰਤ ਕੌਰ, ਸ੍ਰੀ ਜਰਨੈਲ ਸਿੰਘ ਧੀਰ ਤੋਂ ਇਲਾਵਾ ਵੱਖ-ਵੱਖ ਐਨ.ਜੀ.ਓਜ਼ ਅਤੇ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।