5 Dariya News

ਖੇਲੋ ਇੰਡੀਆ ਖੇਡਾਂ ਦੇ ਆਖਰੀ ਦਿਨ ਪੰਜਾਬ ਦੇ ਤੀਰਅੰਦਾਜ਼ ਸੰਗਮਪ੍ਰੀਤ ਸਿੰਘ ਨੇ ਸੋਨੇ ਉਤੇ ਲਾਇਆ ਨਿਸ਼ਾਨਾ

ਆਖਰੀ ਦਿਨ ਪੰਜਾਬ ਨੇ ਇਕ ਸੋਨੇ ਤੇ ਦੋ ਕਾਂਸੀ ਦੇ ਤਮਗੇ ਜਿੱਤੇ, ਪੰਜਾਬ ਨੇ 23 ਸੋਨੇ, 19 ਚਾਂਦੀ ਤੇ 30 ਕਾਂਸੀ ਦੇ ਤਗਮਿਆਂ ਸਣੇ ਕੁੱਲ 72 ਤਮਗੇ ਜਿੱਤੇ

5 Dariya News

ਚੰਡੀਗੜ੍ਹ 20-Jan-2019

ਪੁਣੇ ਵਿਖੇ ਪਿਛਲੇ 12 ਦਿਨਾਂ ਤੋਂ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਆਖਰੀ ਦਿਨ ਅੱਜ ਪੰਜਾਬ ਨੇ ਤਿੰਨ ਤਮਗੇ ਜਿੱਤੇ। ਤੀਰਅੰਦਾਜ਼ੀ ਵਿੱਚ ਇਕ-ਇਕ ਸੋਨੇ ਤੇ ਕਾਂਸੀ ਅਤੇ ਕੁੜੀਆਂ ਦੀ ਹਾਕੀ ਨੇ ਇਕ ਕਾਂਸੀ ਦਾ ਤਮਗਾ ਜਿੱਤਿਆ।ਇਨ੍ਹਾਂ ਖੇਡਾਂ ਵਿੱਚ ਪੰਜਾਬ ਨੇ 23 ਸੋਨੇ, 19 ਚਾਂਦੀ ਤੇ 30 ਕਾਂਸੀ ਦੇ ਤਗਮਿਆਂ ਸਣੇ ਕੁੱਲ 72 ਤਮਗੇ ਜਿੱਤੇ।ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੇ ਸਮੁੱਚੇ ਖੇਡ ਦਲ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਅਗਲੀ ਵਾਰ ਪੰਜਾਬ ਦੇ ਖਿਡਾਰੀ ਹੋਰ ਵੀ ਤਮਗੇ ਜਿੱਤਣਗੇ। ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀ ਇਸ ਵਾਰ ਤਮਗਾ ਨਹੀਂ ਜਿੱਤ ਸਕੇ, ਉਹ ਅੱਗੇ ਤੋਂ ਹੋਰ ਵੀ ਮਿਹਨਤ ਕਰ ਕੇ ਤਮਗਾ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣਗੇ।ਉਨ੍ਹਾਂ ਕਿਹਾ ਕਿ ਕੌਮੀ ਖੇਡਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ ਪੰਜਾਬ ਦੇ ਖਿਡਾਰੀਆਂ ਨੂੰ ਹੁਣੇ ਤੋਂ ਹੀ ਤਿਆਰੀ ਕਸ ਲੈਣੀ ਚਾਹੀਦੀ ਹੈ।ਵਧੀਕ ਮੁੱਖ ਸਕੱਤਰ (ਖੇਡਾਂ) ਸ੍ਰੀ ਸੰਜੇ ਕੁਮਾਰ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਪ੍ਰਾਪਤੀ ਦਾ ਸਿਹਰਾ ਕੋਚਿੰਗ ਸਟਾਫ਼ ਅਤੇ ਖਿਡਾਰੀਆਂ ਦੇ ਮਾਪਿਆਂ ਸਿਰ ਬੰਨਿਆਂ।ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਖੇਡਾਂ ਦੇ ਆਖਰੀ ਦਿਨ ਤਮਗਾ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਰਅੰਦਾਜ਼ੀ ਦੇ ਅੰਡਰ-21 ਵਿੱਚ ਸੰਗਮਪ੍ਰੀਤ ਸਿੰਘ ਨੇ ਸੋਨੇ ਅਤੇ ਅੰਡਰ-17 ਵਿੱਚ ਅਮਨਪ੍ਰੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ। ਸੰਗਮਪ੍ਰੀਤ ਸਿੰਘ ਨੇ ਕੰਪਾਊਂਡ ਈਵੈਂਟ ਦੇ ਫਾਈਨਲ ਵਿੱਚ ਹਰਿਆਣਾ ਦੇ ਰਾਹੁਲ ਨੂੰ 145-139 ਨਾਲ ਹਰਾਇਆ।ਕੁੜੀਆਂ ਦੀ ਅੰਡਰ-21 ਹਾਕੀ ਵਿੱਚ ਪੰਜਾਬ ਦੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਕਾਂਸੀ ਦੇ ਤਮਗੇ ਵਾਲੇ ਮੈਚ ਵਿੱਚ ਪੰਜਾਬ ਨੇ ਉੜੀਸਾ ਨੂੰ 2-1 ਨਾਲ ਹਰਾਇਆ।