ਪੰਜਾਬ ਸਰਕਾਰ ਸੂਬੇ ਦੇ ਵਿਕਾਸ ਨੂੰ ਦੇ ਰਹੀ ਹੈ ਤਰਜੀਹ : ਕੁਲਜੀਤ ਸਿੰਘ ਨਾਗਰਾ
ਵਿਧਾਇਕ ਨਾਗਰਾ ਨੇ ਸਰਹਿੰਦ ਸ਼ਹਿਰ ਦੇ ਵਾਰਡ ਨੰਬਰ 8 ਵਿਖੇ ਗਲੀ ਪੱਕੀ ਕਰਵਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ
5 Dariya News
ਫ਼ਤਹਿਗੜ੍ਹ ਸਾਹਿਬ 14-Jan-2019
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿਖੇ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜੋ ਆਪਣੇ ਆਪ ਵਿੱਚ ਇੱਕ ਮਿਸਾਲ ਹਨ। ਇਹ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਰਹਿੰਦ ਸ਼ਹਿਰ ਦੇ ਵਾਰਡ ਨੰਬਰ 8 ਕਾਕਾ ਰਤਨ ਵਾਲੀ ਗਲੀ ਹਮਾਯੂੰਪੁਰ ਵਿਖੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਛਾਉਣ ਉਪਰੰਤ, ਗਲੀ ਪੱਕੀ ਕਰਵਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਦਿਆਂ ਕੀਤਾ।ਸ. ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦੇ ਰਹੀ ਹੈ ਅਤੇ ਆਉਂਦੇ ਸਮੇਂ ਵਿੱਚ ਪੰਜਾਬ ਦੇਸ਼ ਦਾ ਸਭ ਤੋਂ ਵੱਧ ਵਿਕਸਤ ਤੇ ਖੁਸ਼ਹਾਲ ਸੂਬਾ ਬਣੇਗਾ। ਉਨ੍ਹਾਂ ਕਿਹਾ ਕਿ ਸਰਹਿੰਦ ਸ਼ਹਿਰ ਵਿਖੇ 92.88 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਵਿਛਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਜੋ ਕਿ ਜਲਦੀ ਹੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 2 ਮੁੱਖ ਪੰਪਿੰਗ ਸਟੇਸ਼ਨ ਅਤੇ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਬਣਾਏ ਜਾਣਗੇ ਅਤੇ ਸਰਹਿੰਦ ਸ਼ਹਿਰ ਦੇ ਲਗਭਗ 12 ਹਜ਼ਾਰ ਘਰਾਂ ਨੂੰ ਸੀਵਰੇਜ ਦਾ ਕੂਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਿਵੇਂ ਜਿਵੇਂ ਸੀਵਰੇਜ ਦਾ ਕੰਮ ਮੁਕੰਮਲ ਹੋ ਰਿਹਾ ਹੈ ਓਵੇਂ ਨਾਲ ਹੀ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਸ. ਨਾਗਰਾ ਨੇ ਦੱਸਿਆ ਕਿ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਚਾਰ ਨੰਬਰ ਚੁੰਗੀ ਤੋਂ ਲੈ ਕੇ ਜੋਤੀ ਸਰੂਪ ਤੱਕ ਦੀ ਸੜਕ ਨੂੰ 2.80 ਕਰੋੜ ਦੀ ਲਾਗਤ ਨਾਲ ਚਹੁੰ ਮਾਰਗੀ ਕਰ ਕੇ ਲੋਕਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵੱਲ ਆਉਂਦੀਆਂ 10.70 ਕਿਲੋਮੀਟਰ ਸੜਕਾਂ ਨੂੰ 10 ਤੋਂ 18 ਫੁੱਟ ਚੌੜਾ ਕਰਨ 'ਤੇ 05 ਕਰੋੜ 24 ਲੱਖ 66 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਦੀਵਾਨ ਟੋਡਰ ਮੱਲ ਗੇਟ ਤੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਗੇਟ ਤੋਂ ਭੈਰੋਂਪੁਰ ਬਾਈਪਾਸ ਤੋਂ ਇੱਕ ਕਿਲੋਮੀਟਰ ਅੱਗੇ ਤੱਕ ਸੜਕ ਨੂੰ ਚਹੁੰ ਮਾਰਗੀ ਕਰਨ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ, ਜਿਸ 'ਤੇ 19 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। ਇਸੇ ਤਰ੍ਹਾਂ ਰੁੜਕੀ ਤੋਂ ਚਨਾਰਥਲ ਤੱਕ ਜਾਂਦੀ 06 ਕਿਲੋਮੀਟਰ ਸੜਕ ਦੀ ਅਪਗ੍ਰੇਡੇਸ਼ਨ 'ਤੇ ਵੀ 05 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਵਿਧਾਇਕ ਨੇ ਦੱਸਿਆ ਕਿ ਗਲੀਆਂ ਪੱਕੀਆਂ ਹੋਣ ਤੋਂ ਬਾਅਦ ਗਲੀਆਂ ਵਿੱਚ ਐਲ.ਈ.ਡੀ. ਲਾਈਟਾਂ ਵੀ ਲਾਈਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਰਾਜ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਉਸੇ ਸਮੇਂ ਦੌਰਾਨ ਸ਼ਹੀਦਾਂ ਦੀ ਇਸ ਮਹਾਨ ਧਰਤੀ ਦੇ ਵਿਕਾਸ ਲਈ ਕਈ ਵੱਡੇ ਪ੍ਰੋਜੈਕਟ ਉਲੀਕੇ ਗਏ ਅਤੇ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਰਹਿੰਦ-ਫਤਹਿਗੜ੍ਹ ਸਾਹਿਬ ਸ਼ਹਿਰ ਵਿੱਚੋਂ ਲੰਘਦੇ ਸਰਹਿੰਦ ਚੋਅ ਦੀ ਮਜ਼ਬੂਤੀ ਅਤੇ ਸੁੰਦਰੀਕਰਨ ਲਈ 5 ਕਰੋੜ 71 ਲੱਖ ਰੁਪਏ ਖਰਚੇ ਜਾ ਰਹੇ ਹਨ।ਇਸ ਮੌਕੇ ਕੌਂਸਲਰ ਕੁਲਦੀਪ ਕੌਰ ਗਿੱਲ, ਗੁਲਸ਼ਨ ਰਾਏ ਬੌਬੀ, ਗੁਰਪ੍ਰੀਤ ਸਿੰਘ ਲਾਲੀ ਅਤੇ ਜਗਜੀਤ ਸਿੰਘ ਕੋਕੀ, ਬਲਬੀਰ ਸਿੰਘ,ਰਜਿੰਦਰ ਪੱਪੀ,ਕਮਲੇਸ਼ ਪੰਡਿਤ, ਗੁਰਮੀਤ ਸਿੰਘ,ਅਵਤਾਰ ਸਿੰਘ,ਸੁਰਿੰਦਰ ਕੁਮਾਰ, ਅਜੈਬ ਸਿੰਘ ਸੋਢੀ, ਸੁਨੀਤਾ, ਕਵੀਤਾ, ਮੀਨੂੰ ਆਨੰਦ,ਨਿੱਕੂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।