5 Dariya News

ਪੰਜਾਬ ਰਾਜ ਖੇਡਾਂ (ਅੰਡਰ-14) ਦੀ ਮੇਜ਼ਬਾਨੀ ਲਈ ਬਠਿੰਡਾ ਤਿਆਰ-ਬਰ-ਤਿਆਰ; 3200 ਖਿਡਾਰਣਾਂ ਲੈਣਗੀਆਂ ਹਿੱਸਾ

15 ਜਨਵਰੀ ਨੂੰ ਫ਼ਰੀਦਕੋਟ ਦੇ ਡਿਵੀਜ਼ਨਲ ਕਮਿਸ਼ਨਰ ਕਰਨਗੇ ਖੇਡਾਂ ਦੀ ਸ਼ੁਰੂਆਤ: ਸਹਾਇਕ ਡਾਇਰੈਕਟਰ ਖੇਡਾਂ

5 Dariya News

ਬਠਿੰਡਾ 14-Jan-2019

ਬਠਿੰਡਾ ਵਿਖੇ 15 ਤੋਂ 17 ਜਨਵਰੀ ਤੱਕ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ (ਲੜਕੀਆਂ) ਅੰਡਰ-14 ਵਿੱਚ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿੱਚੋਂ ਕਰੀਬ 3200 ਖਿਡਾਰਣਾਂ ਭਾਗ ਲੈਣਗੀਆਂ ਜਦਕਿ ਇਨ੍ਹਾਂ ਖੇਡਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੂਰੇ ਸੂਬੇ ਵਿੱਚੋਂ 300 ਅਧਿਕਾਰੀ ਨਿਯੁਕਤ ਕੀਤੇ ਗਏ ਹਨ ਅਤੇ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਣ ਵਾਲੇ ਸ਼ਾਨਦਾਰ ਉਦਘਾਟਨੀ ਸਮਾਰੋਹ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਖੇਡ ਸਟੇਡੀਅਮ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਦੀ ਅਗਵਾਈ ਵਿੱਚ ਖੇਡਾਂ ਦੀ ਮੇਜ਼ਬਾਨੀ ਲਈ ਬਠਿੰਡਾ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ 15 ਜਨਵਰੀ ਨੂੰ ਸਵੇਰੇ 11:30 ਵਜੇ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਸ਼ੁਰੂ ਹੋਣ ਵਾਲੀਆਂ ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਫ਼ਰੀਦਕੋਟ ਦੇ ਡਿਵੀਜ਼ਨਲ ਕਮਿਸ਼ਨਰ ਸ਼੍ਰੀ ਹਰਜੀਤ ਸਿੰਘ ਮੁੱਖ ਮਹਿਮਾਨ ਹੋਣਗੇ ਅਤੇ ਖੇਡਾਂ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦੱਸਿਆ ਕਿ ਕੇਂਦਰੀ ਸਕੀਮ 'ਖੇਲੋ ਇੰਡੀਆ' ਅਧੀਨ ਉਭਰਦੇ ਨੌਜਵਾਨ ਖਿਡਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਵੱਖ-ਵੱਖ ਖੇਡ ਅਕਾਦਮੀਆਂ/ਖੇਡ ਵਿੰਗਾਂ ਲਈ ਤਰਾਸ਼ ਕੇ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਦੇ ਮੁਕਾਬਲੇ ਅਤਿ-ਆਧੁਨਿਕ ਸਾਜ਼ੋ-ਸਾਮਾਨ ਅਤੇ ਸਹੂਲਤਾਂ ਨਾਲ ਲੈਸ ਤਿੰਨ ਜ਼ਿਲ੍ਹਿਆਂ ਬਠਿੰਡਾ, ਐਸ.ਏ.ਐਸ. ਨਗਰ (ਮੋਹਾਲੀ) ਅਤੇ ਸੰਗਰੂਰ ਦੇ ਸਟੇਡੀਅਮਾਂ ਵਿਖੇ ਇੱਕੋ ਸਮੇਂ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿਖੇ ਮੁੱਕੇਬਾਜ਼ੀ, ਬਾਸਕਿਟਬਾਲ, ਬੈਡਮਿੰਟਨ, ਕਬੱਡੀ, ਖੋ-ਖੋ, ਫ਼ੁਟਬਾਲ, ਹੈਂਡਬਾਲ, ਕੁਸ਼ਤੀ, ਜੂਡੋ, ਵਾਲੀਬਾਲ ਅਤੇ ਟੇਬਲ ਟੈਨਿਸ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ ਅਤੇ ਤੈਰਾਕੀ, ਹਾਕੀ ਅਤੇ ਜਿਮਨਾਸਟਿਕਸ ਦੇ ਮੁਕਾਬਲੇ ਬਹੁਮੰਤਵੀ ਖੇਡ ਸਟੇਡੀਅਮ, ਸੈਕਟਰ-78, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਕਰਵਾਏ ਜਾਣਗੇ ਜਦਕਿ ਅਥਲੈਟਿਕਸ ਅਤੇ ਰੋਲਰ ਸਕੇਟਿੰਗ ਦੇ ਮੁਕਾਬਲੇ ਸੰਗਰੂਰ ਵਿਖੇ ਹੋਣਗੇ।ਉਨ੍ਹਾਂ ਦੱਸਿਆ ਕਿ ਖੇਡਾਂ ਦੇ ਸੁਚੱਜੇ ਪ੍ਰਬੰਧਾਂ ਅਤੇ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਯਕੀਨੀ ਬਣਾਉਣ ਸਬੰਧੀ ਗਠਤ ਕੀਤੀਆਂ ਵੱਖ-ਵੱਖ ਵਿਸ਼ੇਸ਼ ਕਮੇਟੀਆਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਪੁਨੀਤ ਵੱਲੋਂ ਨਿਰੰਤਰ ਮੀਟਿੰਗਾਂ ਕਰਕੇ ਖਿਡਾਰੀਆਂ ਦੀ ਖ਼ੁਰਾਕ, ਰਿਹਾਇਸ਼, ਸਿਹਤ ਸਹੂਲਤ, ਟਰਾਂਸਪੋਰਟ ਅਤੇ ਸੁਰੱਖਿਆ ਆਦਿ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਮੁਕਾਬਲਿਆਂ ਲਈ ਖੇਡ ਮੈਦਾਨ ਤਿਆਰ ਕਰ ਲਏ ਗਏ ਹਨ ਅਤੇ ਸਰਦੀਆਂ ਦੇ ਸਨਮੁਖ ਵੱਖ-ਵੱਖ ਸਕੂਲਾਂ ਵਿੱਚ ਖਿਡਾਰੀਆਂ ਲਈ ਆਰਾਮਦਾਇਕ ਰਿਹਾਇਸ਼ ਜਿਸ ਵਿੱਚ ਵਧੀਆ ਬਿਸਤਰੇ, ਸਿਹਤਮੰਦ ਭੋਜਨ ਅਤੇ ਸੁਰੱਖਿਆ ਆਦਿ ਦੇ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ।

ਜ਼ਿਲ੍ਹਾ ਪੱਧਰ 'ਤੇ ਜੇਤੂ ਖਿਡਾਰਣਾਂ ਬਣਨਗੀਆਂ ਪੰਜਾਬ ਰਾਜ ਖੇਡਾਂ ਦੀ ਸ਼ਾਨ:

ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਰਾਜ ਖੇਡਾਂ ਲਈ ਖਿਡਾਰਣਾਂ ਦੀ ਚੋਣ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੰਬਰ- 2018 ਦੌਰਾਨ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਵੱਖ-ਵੱਖ ਉਮਰ ਵਰਗ ਵਿੱਚ 55,000 ਖਿਡਾਰੀਆਂ ਨੇ ਭਾਗ ਲਿਆ ਸੀ। ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਇਹ ਗਿਣਤੀ ਪਹਿਲਾਂ ਹੋਈਆਂ ਖੇਡਾਂ ਨਾਲੋਂ ਸਭ ਤੋਂ ਵੱਧ ਹੈ। ਭਵਿੱਖ ਵਿੱਚ ਹੋਣ ਵਾਲੇ ਉੱਚ ਪੱਧਰੀ ਟੂਰਨਾਮੈਂਟਾਂ ਲਈ ਖਿਡਾਰੀਆਂ ਦੀ ਚੋਣ ਇਨ੍ਹਾਂ ਖੇਡਾਂ ਦੌਰਾਨ ਕੀਤੀ ਜਾਵੇਗੀ।