5 Dariya News

ਖੇਲੋ ਇੰਡੀਆ ਯੂਥ ਗੇਮਜ਼ : ਅਰਜੁਨ ਚੀਮਾ ਨੇ ਨਿਸ਼ਾਨੇਬਾਜ਼ੀ ਵਿੱਚ ਸੋਨੇ ਦਾ ਤਮਗਾ ਫੁੰਡਿਆ

ਖੇਡਾਂ ਵਿੱਚ ਪੰਜਾਬ ਨੇ ਹੁਣ ਤੱਕ 16 ਸੋਨੇ, 13 ਚਾਂਦੀ ਤੇ 18 ਕਾਂਸੀ ਦੇ ਤਮਗੇ ਸਣੇ ਕੁੱਲ 47 ਤਮਗੇ ਜਿੱਤੇ

5 Dariya News

ਚੰਡੀਗੜ੍ਹ/ਪੁਣੇ 14-Jan-2019

ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਪੰਜਾਬ ਨੇ ਅੱਜ ਇਕ ਸੋਨੇ, ਦੋ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਅੱਜ ਦੇ ਤਮਗਿਆਂ ਨੂੰ ਮਿਲਾ ਕੇ ਪੰਜਾਬ ਵੱਲੋਂ ਹੁਣ ਤੱਕ ਜਿੱਤੇ ਤਮਗਿਆਂ ਦੀ ਕੁੱਲ ਗਿਣਤੀ 47 ਹੋ ਗਈ ਹੈ ਜਿਸ ਵਿੱਚ 16 ਸੋਨੇ, 13 ਚਾਂਦੀ ਤੇ 18 ਕਾਂਸੀ ਦੇ ਤਮਗੇ ਸ਼ਾਮਲ ਹਨ।ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅੱਜ ਜਿੱਤੇ ਤਮਗਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਜੁਨ ਚੀਮਾ ਨੇ ਅੰਡਰ 21 ਦੇ ਏਅਰ ਪਿਸਟਲ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਅੰਡਰ 17 ਹਾਕੀ ਵਿੱਚ ਪੰਜਾਬ ਦੇ ਮੁੰਡਿਆਂ ਦੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਫਾਈਨਲ ਵਿੱਚ ਪੰਜਾਬ ਦੀ ਟੀਮ ਨੂੰ ਹਰਿਆਣਾ ਹੱਥੋਂ 0-1 ਨਾਲ ਹਾਰ ਮਿਲੀ। ਰਾਜ ਕੰਵਰ ਸਿੰਘ ਸੰਧੂ ਨੇ ਅੰਡਰ 17 ਦੇ ਏਅਰ ਪਿਸਟਲ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਗਗਨਦੀਪ ਗਿੱਲ ਨੇ ਅੰਡਰ 17 ਵੇਟਲਿਫਟਿੰਗ ਦੇ 102 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਨ੍ਹਾਂ ਅੱਗੇ ਦੱਸਿਆ ਕਿ ਫੁਟਬਾਲ ਦੇ ਅੰਡਰ 17 ਤੇ 21 ਦੋਵਾਂ ਵਰਗਾਂ ਵਿੱਚ ਪੰਜਾਬ ਦੇ ਮੁੰਡਿਆਂ ਦੀ ਟੀਮ ਨੇ ਸੈਮੀ ਫਾਈਨਲ ਵਿੱਚ ਦਾਖਲਾ ਪਾ ਲਿਆ।