5 Dariya News

1984 ਦਾ ਕਤਲੇਆਮ ਸਿੱਖ ਨਸਲਕੁਸ਼ੀ ਸੀ, ਦੰਗੇ ਨਹੀ : ਕਰਨੈਲ ਸਿੰਘ ਪੀਰ ਮੁਹੰਮਦ

'84 ਕਤਲੇਆਮ ਦੇ ਬਾਕੀ ਦੋਸ਼ੀਆਂ ਨੂੰ ਸਜਾ ਦੁਆਉਣ ਲਈ ਅੱਗੇ ਆਵੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ

5 Dariya News (ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਅਨੰਦਪੁਰ ਸਾਹਿਬ 10-Jan-2019

ਨਵੰਬਰ 1984 ਦਾ ਸਿੱਖ ਕਤਲੇਆਮ ਅਸਲ ਵਿਚ ਸਿੱਖ ਨਸਲਕੁਸ਼ੀ ਸੀ ਪਰ ਇਸ ਨੂੰ ਜਾਣ ਬੁਝ ਕੇ ਦੰਗਿਆਂ ਦਾ ਨਾਮ ਦਿਤਾ ਜਾਂਦਾ ਹੈ ਜੋ ਗਲਤ ਹੈ। ਇਹ ਗੱਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਹੀ। ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 1984 ਦੇ ਹੋਏ ਸਿੱਖ ਕਤਲੇਆਮ ਵਿਚ ਜਿੱਥੇ ਕਾਂਗਰਸੀ ਆਗੂਆਂ ਦਾ ਸਿੱਧੇ ਤੋਰ ਤੇ ਹੱਥ ਸੀ ਉਥੇ ਆਰ ਐਸ ਐਸ ਦੇ ਵੀ ਕਈ ਆਗੂ ਇਸ ਵਿਚ ਸ਼ਾਮਲ ਸਨ।ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਸਹਿਯੋਗ ਨਾਲ ਜੋ ਲੜਾਈ ਲੜੀ ਉਸ ਦੇ ਨਤੀਜੇ ਵਜੋਂ ਸੱਜਣ ਕੁਮਾਰ ਨੂੰ ਸਜਾ ਦੁਆਉਣ ਵਿਚ ਸਫਲ ਹੋਏ ਹਾਂ ਤੇ ਹੁਣ ਬਾਕੀ ਦੋਸ਼ੀਆਂ ਨੂੰ ਸਜਾ ਦੁਆਉਣ ਲਈ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਅੱਗੇ ਆਵੇ। ਉਨ੍ਹਾਂ ਕਿਹਾ ਕਿ ਕਮਲ ਨਾਥ ਦੇ ਖਿਲਾਫ ਸੱਜਣ ਕੁਮਾਰ ਨਾਲੋਂ ਵੀ ਜਿਆਦਾ ਸਬੂਤ ਹਨ ਤੇ ਜੇਕਰ ਸਹੀ ਤਰੀਕੇ ਨਾਲ ਪੈਰਵੀ ਕੀਤੀ ਜਾਵੇ ਤਾਂ ਕਮਲ ਨਾਥ ਨੂੰ ਬਹੁਤ ਜਲਦ ਸਜਾ ਮਿਲ ਸਕਦੀ ਹੈ। ਪੀਰ ਮੁਹੰਮਦ ਵਲੋਂ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਦਿਤੇ ਅਸਤੀਫੇ ਤੋਂ ਬਾਅਦ ਕੀ ਕੀਤਾ ਜਾਵੇਗਾ ਪੁੱਛਣ ਤੇ ਪੀਰ ਮੁਹੰਮਦ ਨੇ ਕਿਹਾ ਕਿ 14 ਜਨਵਰੀ ਨੂੰ ਮਾਘੀ ਦੇ ਦਿਹਾੜੇ ਮੌਕੇ ਇਸ ਸਬੰਧੀ ਐਲਾਨ ਕੀਤਾ ਜਾਵੇਗਾ ਜੋ ਪੰਥਕ  ਹਿੱਤਾਂ ਨੂੰ ਧਿਆਨ ਵਿਚ ਰਖ ਕੇ ਹੋਵੇਗਾ। ਕੋਈ ਨਵੀਂ ਪਾਰਟੀ ਬਨਾਉਣ ਤੋ ਕੋਰਾ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੋਈ ਵੀ ਪਾਰਟੀ ਨਹੀ ਬਨਾਉਣਗੇ। ਟਕਸਾਲੀ ਅਕਾਲੀ ਦੱਲ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਉਹ ਸਾਰੇ ਬਹੁਤ ਵਧੀਆ ਤੇ ਕਿਰਦਾਰ ਵਾਲੇ ਆਗੂ ਹਨ ਪਰ ਇਸ ਸਮੇ ਸਮੁੱਚਾ ਮਾਹੋਲ ਬੇਵਿਸ਼ਵਾਸੀ ਵਾਲਾ ਬਣਿਆ ਹੋਇਆ ਹੈ ਜਿਸ ਨੂੰ ਦੇਖਦਿਆਂ ਸਪੱਸ਼ਟ ਨੀਤੀ ਦੀ ਲੋੜ ਹੈ। ਇਸ ਤੋ ਪਹਿਲਾਂ ਪੀਰ ਮੁਹੰਮਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ:ਮਨਜੀਤ ਸਿੰਘ ਨਾਲ ਵਿਸ਼ੇਸ਼ ਤੋਰ ਤੇ ਮੁਲਾਕਾਤ ਵੀ ਕੀਤੀ।