5 Dariya News

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੀਮ ਵੱਲੋਂ ਲਗਾਇਆ ਗਿਆ ਚੌਥਾ ਬਾਲ ਮੇਲਾ

5 Dariya News

ਬਰਨਾਲਾ 10-Jan-2019

'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ੍ਰੀਮਤੀ ਮਨਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਸਾਇੰਸ ਅਤੇ ਗਣਿਤ ਸਬੰਧੀ ਚੌਥਾ ਬਾਲ ਮੇਲਾ ਲਗਾਇਆ ਗਿਆ। ਇਸ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਗੁਪਤਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਬੱਚਿਆਂ ਨੂੰ ਪੜ੍ਹਾਈ ਵੱਲ ਵਧੇਰੇ ਉਤਸ਼ਾਹਿਤ ਕਰਨ ਵਿੱਚ ਲਾਭਦਾਇਕ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਵੱਲੋਂ ਵੱਖ-ਵੱਖ ਵਿਸ਼ਿਆਂ ਸਬੰਧੀ ਮਾਡਲ ਤਿਆਰ ਕਰਨ ਨਾਲ ਉਸ ਵਿਸ਼ੇ ਸਬੰਧੀ ਹੋਰ ਗਿਆਨ ਮਿਲਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਵਿਗਿਆਨਿਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱÎਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਵਿਕਸਤ ਕਰਨ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੇਲੇ ਵਿੱਚ 74 ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਸਾਇੰਸ, ਵਰਕਿੰਗ ਅਤੇ ਗਣਿਤ ਮਾਡਲਾਂ ਦੀ ਟੇਬਲ ਉੱਪਰ ਪ੍ਰਦਰਸ਼ਨੀ ਲਾਈ ਗਈ। ਪ੍ਰਦਰਸ਼ਨੀ ਵਿੱਚ ਸਾਇੰਸ ਦੇ 94 ਅਤੇ ਗਣਿਤ ਦੇ 85 ਮਾਡਲ ਸ਼ਾਮਲ ਸਨ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਤਿਆਰ ਕੀਤੇ ਟੀ.ਐਲ.ਐਮ ਦੀ ਵੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਵੀਨ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਸ੍ਰੀ ਕੁਲਦੀਪ ਸਿੰਘ ਭੁੱਲਰ, ਸਹਾਇਕ ਕੋਆਰਡੀਨੇਟਰ ਸ੍ਰੀ ਰਮਨਦੀਪ ਸਿੰਘ, ਸ੍ਰੀ ਲਛਮਣ ਸਿੰਘ, ਸ੍ਰੀ ਕਰਮਜੀਤ ਸਿੰਘ, ਹਰਬੰਸ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ ਹਾਜ਼ਰ ਸੀ।