5 Dariya News

ਡਿਪਟੀ ਕਮਿਸ਼ਨਰ ਵੱਲੋਂ 50 ਸਰਕਾਰੀ ਸਕੂਲਾਂ ਦੀਆਂ ਲਾਇਬਰੇਰੀਆਂ ਲਈ ਦਿੱਤੀਆਂ ਕਿਤਾਬਾਂ

ਟੀਮ ਪੜ੍ਹੋ ਪੰਜਾਬ ਤੇ ਗਰੀਨ ਅਰਥ ਫਾਉਂਡੇਸ਼ਨ ਦੇ ਉਪਰਾਲੇ ਸ਼ਲਾਘਾਯੋਗ: ਧਰਮ ਪਾਲ ਗੁਪਤਾ

5 Dariya News

ਬਰਨਾਲਾ 03-Jan-2019

ਸਰਕਾਰੀ ਸਕੂਲਾਂ 'ਚ ਪ੍ਰਾਇਮਰੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਈ ਸੂਬੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ 'ਚ ਕਿਤਾਬਾਂ ਪੜ੍ਹਨ ਦੇ ਰੁਝਾਨ 'ਚ ਵਾਧਾ ਕਰਨ ਲਈ ਜ਼ਿਲ੍ਹਾ ਬਰਨਾਲਾ ਦੇ 50 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਵੱਲੋਂ ਲਾਇਬਰੇਰੀਆਂ ਲਈ ਕਿਤਾਬਾਂ ਦਿੱਤੀਆਂ ਗਈਆਂ। ਇਹ ਕਿਤਾਬਾਂ ਗਰੀਨ ਅਰਥ ਫਾਉਂਡੇਸ਼ਨ ਸੰਸਥਾ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਹਨ।ਇਸ ਮੌਕੇ ਸਰਕਾਰੀ ਸਕੂਲਾਂ ਦੇ ਕੁਝ ਅਧਿਆਪਕਾਂ ਨੂੰ ਵਧੀਆ ਕਾਰਗੁਜ਼ਾਰੀ ਕਰਨ ਬਦਲੇ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਭੇਜੇ ਸ਼ਲਾਘਾ ਪੱਤਰ ਵੀ ਵੰਡੇ ਗਏ। ਇਨ੍ਹਾਂ ਅਧਿਆਪਕਾਂ 'ਚ ਸੁਖਪਾਲ ਸਿੰਘ ਮੌੜਾਂ, ਹਰਜਿੰਦਰ ਸਿੰਘ ਕਰਮਪੁਰਾ, ਰਮਨਦੀਪ ਸਿੰਘ ਬਾਜਵਾ ਪੱਤੀ, ਕਰਮਜੀਤ ਸਿੰਘ ਬਾਬਾ ਆਲਾ, ਮਗਿੰਦਰਜੀਤ ਸਿੰਘ ਨੈਣੇਵਾਲਾ ਅਤੇ ਨਵਜੋਤ ਸਿੰਘ ਹਰੀਜਨ ਬਸਤੀ ਦੇ ਨਾਂ ਸ਼ਾਮਲ ਹਨ।ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ 'ਚ ਸਮਾਜਸੇਵੀ ਸੰਸਥਾਂਵਾਂ ਵੀ ਵੱਧ ਚੜ੍ਹ ਕੇ ਹਿੱਸਾ ਪਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਗਰੀਨ ਅਰਥ ਫਾਉਂਡੇਸ਼ਨ ਵੱਲੋਂ ਰੁੱਖ ਲਗਾਉਣ, ਲਾਇਬਰੇਰੀਆਂ ਮੁੜ ਸੁਰਜੀਤ ਕਰਨ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪੜ੍ਹਾਈ 'ਚ ਮਦਦ ਕਰਨ ਦਾ ਬੀੜਾ ਚੁੱਕਿਆ ਗਿਆ ਹੈ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਇਹ ਵੀ ਦੱਸਿਆ 60 ਸਮਾਰਟ ਸਕੂਲਾਂ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਸਕੂਲਾਂ 'ਚ ਵੀ ਸਮਾਰਟ ਕਲਾਸਰੂਮ ਬਣਾਉਣ ਦੀ ਕਵਾਇਦ ਜਾਰੀ ਹੈ ਅਤੇ ਜਲਦ ਹੀ ਇਨ੍ਹਾਂ 'ਚ ਵੀ ਐਲ.ਈ.ਡੀ. ਟੀ.ਵੀ. ਲਗਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਵੀ ਇਸ ਕੰਮ 'ਚ ਭਰਪੂਰ ਯੋਗਦਾਨ ਦਿੱਤਾ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮਨਿੰਦਰ ਕੌਰ, ਡਿਪਟੀ ਡੀ.ਈ.ਓ. ਸ਼ਿਵਪਾਲ ਗੋਇਲ, ਪੜ੍ਹੋ ਪੰਜਾਬ ਦੇ ਕੋਆਰਡੀਨੇਟਰ ਕੁਲਦੀਪ ਸਿੰਘ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਵਿਜਯ ਭਾਸਕਰ, ਗਰੀਨ ਅਰਥ ਸੰਸਥਾ ਦੇ ਪ੍ਰਧਾਨ ਨਰਿੰਦਰ ਕੁਮਾਰ, ਜਨਰਲ ਸਕੱਤਰ ਸੁਨੀਲ ਕੁਮਾਰ ਸੱਗੀ, ਪਰਗਟ ਸਿੰਘ, ਮਹਿੰਦਰਪਾਲ, ਊਸ਼ਾ ਰਾਣੀ, ਸੂਰਿਆ ਅਤੇ ਹਰਿੰਦਰ ਸਿੰਘ ਸਮੇਤ ਹੋਰ ਅਧਿਆਪਕ ਵੀ ਮੌਜੂਦ ਸਨ।