5 Dariya News

ਨਾਬਾਰਡ ਨੇ ਆਗਾਮੀ ਵਿੱਤੀ ਵਰ੍ਹੇ ਲਈ ਜ਼ਿਲ੍ਹੇ ਦੇ ਬੈਂਕਾਂ ਨੂੰ 5,780 ਕਰੋੜ ਰੁਪਏ ਦਾ ਕਰਜ਼ਾ ਦੇਣ ਦੇ ਟੀਚੇ 'ਤੇ ਲਾਈ ਮੋਹਰ: ਡਿਪਟੀ ਕਮਿਸ਼ਨਰ

ਚਾਲੂ ਵਿੱਤੀ ਵਰ੍ਹੇ ਨਾਲੋਂ 5 ਫ਼ੀਸਦ ਵੱਧ ਰਕਮ ਕਰਜ਼ ਦੇਣ ਦਾ ਮਿੱਥਿਆ ਟੀਚਾ: ਧਰਮ ਪਾਲ ਗੁਪਤਾ

5 Dariya News

ਬਰਨਾਲਾ 03-Jan-2019

ਨਾਬਾਰਡ ਵੱਲੋ ਆਗਾਮੀ ਵਿੱਤੀ ਵਰ੍ਹੇ 2019-20 ਲਈ ਬਰਨਾਲਾ ਦੇ ਬੈਕਾਂ ਨੂੰ ਕਰਜ਼ ਪ੍ਰਦਾਨ ਕਰਨ ਵਾਸਤੇ ਚਾਲੂ ਵਰ੍ਹੇ ਨਾਲੋਂ 5 ਫੀਸਦੀ ਵੱਧ ਕਰਜ਼ ਰਕਮ ਦੇਣ ਦਾ ਟੀਚਾ ਮਿਥਿਆ ਹੈ ਅਤੇ ਜ਼ਿਲ੍ਹੇ ਦੇ ਬੈਕਾਂ ਨੂੰ 5,780 ਕਰੋੜ ਰੁਪਏ ਦੇ ਕਰਜ਼ ਦੇਣ ਦੇ ਟੀਚੇ 'ਤੇ ਮੋਹਰ ਲਾਈ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਨਾਬਾਰਡ ਵੱਲੋਂ ਸਾਲ 2019-20 ਲਈ ਤਿਆਰ ਕੀਤੀ ਸੰਭਾਵੀ ਕਰਜ਼ਾ ਯੋਜਨਾ ਦਾ ਕਿਤਾਬਚਾ ਜਾਰੀ ਕਰਨ ਮੌਕੇ ਕੀਤਾ।ਸ੍ਰੀ ਗੁਪਤਾ ਨੇ ਕਿਹਾ ਕਿ ਨਾਬਾਰਡ ਵੱਲੋਂ ਜ਼ਿਲ੍ਹੇ ਦੀਆਂ ਕਾਰੋਬਾਰੀ ਸੰਸਥਾਵਾਂ ਅਤੇ ਬੈਕਾਂ ਦੇ ਵਿਕਾਸ ਦੇ ਆਧਾਰ 'ਤੇ ਸੰਭਾਵੀ ਕਰਜ਼ਾ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਤਿਆਰ ਕਰਨ ਮੌਕੇ ਵੱਖ-ਵੱਖ ਖੇਤਰਾਂ ਜਿਨ੍ਹਾਂ 'ਚ ਖੇਤੀਬਾੜੀ, ਛੋਟੀਆਂ ਤੇ ਮਾਧਿਅਮ ਸਨਅਤਾਂ, ਸਿੱਖਿਆ, ਹਾਊਸਿੰਗ, ਨਵਿਆਉਣਯੋਗ ਊਰਜਾ ਆਦਿ ਖੇਤਰਾਂ 'ਚ ਹੋ ਰਹੇ ਨਿਰੰਤਰ ਵਿਕਾਸ 'ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ਦੀ ਮਦਦ ਨਾਲ ਜ਼ਿਲ੍ਹੇ 'ਚ ਰਹਿਣ ਵਾਲੇ ਨਾਗਰਿਕਾਂ ਨੂੰ ਸੁਖਾਲੇ ਕਰਜ਼ ਮੁਹੱਈਆ ਕਰਨ 'ਚ ਮਦਦ ਮਿਲੇਗੀ ਤਾਂ ਜੋ ਉਹ ਆਪਣੇ ਕਾਰੋਬਾਰਾਂ 'ਚ ਲੋੜੀਂਦਾ ਵਾਧਾ ਕਰ ਸਕਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੈਂਕ ਅਧਿਕਾਰੀ ਬੈਂਕਿੰਗ ਖੇਤਰ 'ਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਬੈਂਕਾਂ ਦੀਆਂ ਸਰਕਾਰੀ ਸਕੀਮਾਂ ਨੂੰ ਪਾਰਦਰਸ਼ੀ ਅਤੇ ਇਮਾਨਦਾਰੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਕਰਦੇ ਹੋਏ ਬੈਂਕਾਂ ਦੇ ਕੰਮ-ਕਾਜ਼ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਕਰਨ 'ਤੇ ਜ਼ੋਰ ਦਿੱਤਾ, ਤਾਂ ਜੋ ਉਹ ਲੋਕ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਕੇ ਜੀਵਨ ਪੱਧਰ ਉੱਚਾ ਕਰ ਸਕਣ। ਨਾਬਾਰਡ ਦੇ ਡੀ.ਡੀ.ਐੱਮ. ਮਾਨਵਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀਆਂ ਹਦਾਇਤਾਂ 'ਤੇ ਨਾਬਾਰਡ ਵੱਲੋਂ ਹਰ ਸਾਲ ਹੀ ਜ਼ਿਲ੍ਹੇ ਦੀਆਂ ਬੈਕਾਂ ਨੂੰ ਕਰਜ਼ਾ ਦੇਣ ਲਈ ਅਗੇਤਰਾ ਕਰੈਡਿਟ ਪਲਾਨ ਤਿਆਰ ਕੀਤਾ ਜਾਂਦਾ ਹੈ ਜੋ ਕਿ ਬਰਨਾਲਾ ਜ਼ਿਲ੍ਹੇ ਲਈ ਇਸ ਵਾਰ 5 ਫ਼ੀਸਦ ਵਾਧੇ ਨਾਲ ਜਾਰੀ ਹੋਇਆ ਹੈ।ਇਸ ਮੌਕੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਏ.ਜੀ.ਐਮ. ਮਨੁ ਭਾਰਦਵਾਜ, ਜ਼ਿਲ੍ਹਾ ਲੀਡ ਮੈਨੇਜਰ ਤਰਲੋਚਨ ਸਿੰਘ, ਡਿਪਟੀ ਐਲ.ਡੀ.ਐਮ ਸਤੀਸ਼ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।