5 Dariya News

ਕਿਸਾਨ ਉਤਪਾਦਕ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਰਾਜਪਾਲ ਵੱਲੋਂ ਰਾਜ ਪੱਧਰੀ ਮੁਹਿੰਮ ਦਾ ਆਗਾਜ਼

ਸਾਲ 2019 ਦੌਰਾਨ ਸੂਬੇ ਵਿੱਚ 1000 ਕਿਸਾਨ ਉਤਪਾਦਕ ਸੰਸਥਾਵਾਂ ਦਾ ਗਠਨ ਕੀਤਾ ਜਾਵੇਗਾ-ਵਿਸ਼ਵਜੀਤ ਖੰਨਾ

5 Dariya News

ਲੁਧਿਆਣਾ 27-Dec-2018

ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਕਰਨ ਅਤੇ ਖੇਤੀ ਉਤਪਾਦਕਤਾ ਨੂੰ ਵਧਾਉਣ ਨੂੰ ਧਿਆਨ ਵਿੱਚ ਰੱਖਦਿਆਂ ਨਾਬਾਰਡ ਵੱਲੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਇਕੱਠੇ ਕਰਕੇ ਕਿਸਾਨ ਉਤਪਾਦਕ ਸੰਸਥਾਵਾਂ ਦਾ ਗਠਨ ਕਰਨ ਦੇ ਮੰਤਵ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਸੰਬੰਧੀ ਇੱਕ ਰਾਜ ਪੱਧਰੀ ਸਮਾਗਮ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਇਸ ਮੁਹਿੰਮ ਦਾ ਆਗਾਜ਼ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਕੀਤਾ। ਸਮਾਗਮ ਵਿੱਚ ਸ੍ਰੀ ਵਿਸ਼ਵਜੀਤ ਖੰਨਾ ਵਧੀਕ ਮੁੱਖ ਸਕੱਤਰ (ਵਿਕਾਸ) ਕਮ ਵਿੱਤ ਕਮਿਸ਼ਨਰ (ਵਿਕਾਸ, ਡਾ. ਬਲਦੇਵ ਸਿੰਘ ਢਿੱਲੋਂ ਉੱਪ ਕੁਲਪਤੀ ਪੀ. ਏ. ਯੂ., ਸ੍ਰੀਮਤੀ ਰਚਨਾ ਦੀਕਸ਼ਤ ਖੇਤਰੀ ਡਾਇਰੈਕਟਰ ਭਾਰਤੀ ਰਿਜ਼ਰਵ ਬੈਂਕ ਚੰਡੀਗੜ੍ਹ, ਸ੍ਰੀ ਜੇ. ਐੱਮ. ਬਾਲਾਮੁਰੁਗਨ ਸਕੱਤਰ ਪੰਜਾਬ ਸਰਕਾਰ, ਸ੍ਰ. ਜੇ. ਪੀ. ਐੱਸ. ਬਿੰਦਰਾ ਚੀਫ਼ ਜਨਰਲ ਮੈਨੇਜਰ ਨਾਬਾਰਡ ਆਦਿ ਸ਼ਾਮਿਲ ਸਨ। ਆਪਣੇ ਸੰਬੋਧਨ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਨਾਬਾਰਡ ਵੱਲੋਂ ਕੀਤੇ ਜਾ ਰਹੇ ਇਕ ਕਾਰਜ ਦੀ ਸ਼ਲਾਘਾ ਕੀਤੀ, ਜਿਸ ਨਾਲ ਕਿਸਾਨਾਂ ਦੀ ਆਮਦਨੀ ਦੁੱਗਣੀ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਕਿਸਾਨ ਫ਼ਸਲੀ ਵਿਭਿੰਨਤਾ ਨੂੰ ਅਪਨਾਉਣ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਸੂਬੇ ਵਿੱਚ ਖੇਤੀ ਵਿਕਾਸ ਵਿੱਚ ਸਥਿਰਤਾ ਆ ਗਈ ਹੈ, ਜਿਸ ਲਈ ਲੋੜ ਹੈ ਕਿ ਹੁਣ ਆਧੁਨਿਕ ਖੇਤੀ ਤਕਨੀਕਾਂ ਵਿਕਸਤ ਕੀਤੀਆਂ ਜਾਣ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਕਿਸਾਨ ਉਤਪਾਦਕ ਸੰਸਥਾਵਾਂ ਦਾ ਗਠਨ ਇਸ ਦਿਸ਼ਾ ਅਤੇ ਖੇਤੀ ਵਿਭਿੰਨਤਾ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦਾ ਹੈ।ਵਿਸ਼ਵਜੀਤ ਖੰਨਾ ਨੇ ਆਪਣੇ ਸੰਬੋਧਨ ਦੌਰਾਨ ਸੂਬੇ ਵਿੱਚ ਖੇਤੀ ਖੇਤਰ ਵਿੱਚ ਦਰਪੇਸ਼ ਮੁੱਦਿਆਂ ਦਾ ਵਰਨਣ ਕੀਤਾ ਅਤੇ ਕਿਹਾ ਕਿ ਇਨ੍ਹਾਂ ਮੁੱਦਿਆਂ ਦਾ ਸਾਰਥਕ ਹੱਲ ਕਿਸਾਨ ਉਤਪਾਦਕ ਸੰਸਥਾਵਾਂ ਦੇ ਗਠਨ ਨਾਲ ਹੀ ਸੰਭਵ ਹੈ। 

ਸ੍ਰੀ ਬਿੰਦਰਾ ਨੇ ਦੱਸਿਆ ਕਿ ਨਾਬਾਰਡ ਨੇ ਇਸ ਗੱਲ ਦਾ ਪਤਾ ਲਗਾਇਆ ਹੈ ਕਿ ਜੇਕਰ ਕਿਸਾਨਾਂ, ਖਾਸ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਇਕੱਠੇ ਕਰਕੇ ਕਿਸਾਨ ਉਤਪਾਦਕ ਸੰਸਥਾਵਾਂ ਦੇ ਰੂਪ ਵਿੱਚ ਸੰਗਠਿਤ ਕਰ ਦਿੱਤਾ ਜਾਵੇ ਤਾਂ ਇਹ ਕਿਸਾਨਾਂ ਦੀ ਆਰਥਿਕਤਾ ਨੂੰ ਉੱਪਰ ਚੁੱਕਣ ਅਤੇ ਖੇਤੀ ਉੱਨਤੀ ਵਿੱਚ ਸਹਾਈ ਹੋ ਸਕਦਾ ਹੈ। ਨਾਬਾਰਡ ਸਮੇਤ ਹੋਰ ਸੰਸਥਾਵਾਂ ਵੱਲੋਂ ਇਸ ਦਿਸ਼ਾ ਵਿੱਚ  ਸੰਸਥਾਵਾਂ ਨੂੰ ਕਲੱਸਟਰ ਦੇ ਰੂਪ ਵਿੱਚ ਵਿਕਸਤ ਕਰਕੇ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਨਾਬਾਰਡ ਵੱਲੋਂ ਮੌਜੂਦਾ ਸਮੇਂ ਤੱਕ 29 ਰਾਜਾਂ ਵਿੱਚ 4004 ਅਤੇ ਪੰਜਾਬ ਵਿੱਚ 91 ਕਿਸਾਨ ਉੱਤਪਾਦਕ ਸੰਸਥਾਵਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਇਸ ਪ੍ਰੋਗਰਾਮ ਨੂੰ ਮਿਲੀ ਸ਼ੁਰੂਆਤੀ ਸਫ਼ਲਤਾ ਤੋਂ ਉਤਸ਼ਾਹਿਤ ਹੋ ਕੇ ਨਾਬਾਰਡ ਨੇ ਇਨ੍ਹਾਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਮਾਗਮ ਦੌਰਾਨ ਕਿਸਾਨਾਂ ਨੂੰ ਸੰਸਥਾਵਾਂ ਬਣਾਉਣ ਅਤੇ ਇਕੱਠੇ ਹੋ ਕੇ ਆਧੁਨਿਕ ਤਰੀਕਿਆਂ ਨਾਲ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਰਾਜ ਪੱਧਰੀ ਮੁਹਿੰਮ ਦੇ ਆਗਾਜ਼ ਦੇ ਤਹਿਤ ਸੂਬੇ ਭਰ ਵਿੱਚ 2-3 ਪਿੰਡਾਂ ਦੇ ਕਲੱਸਟਰ ਬਣਾ ਕੇ 3000 ਦੇ ਕਰੀਬ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ।ਇਸ ਮੌਕੇ ਨਵੇਂ ਤਿਆਰ ਕੀਤੀਆਂ ਗਈਆਂ ਸੰਸਥਾਵਾਂ ਵੱਲੋਂ ਸ਼ਹਿਦ, ਹਲਦੀ, ਸ਼ੱਕਰ, ਗੁੜ, ਦਾਲਾਂ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ 'ਫਾਰਮਰਜ਼ ਪ੍ਰੋਡਿਊਸਰਜ਼ ਆਰਗੇਨਾਈਜੇਸ਼ਨਜ਼ ਇੰਨ ਪੰਜਾਬ' ਵੀ ਰਿਲੀਜ਼ ਕੀਤੀ ਗਈ। ਸਮਾਗਮ ਦੌਰਾਨ ਲੁਧਿਆਣਾ ਵਿੱਚ ਤਾਇਨਾਤ ਨਾਬਾਰਡ ਦੇ ਅਸਿਸਟੈਂਟ ਜਨਰਲ ਮੈਨੇਜਰ ਸ੍ਰੀ ਪ੍ਰਵੀਨ ਭਾਟੀਆ, ਸੂਬੇ ਭਰ ਤੋਂ 300 ਤੋਂ ਵਧੇਰੇ ਕਿਸਾਨਾਂ, ਬੈਂਕਾਂ ਦੇ ਨੁਮਾਇੰਦਿਆਂ, ਗੈਰ ਸਰਕਾਰੀ ਸੰਸਥਾਵਾਂ ਅਤੇ ਹੋਰ ਧਿਰਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।