5 Dariya News

ਡਿਪਟੀ ਕਮਿਸ਼ਨਰ ਵੱਲੋਂ ਨਬਾਰਡ ਦਾ 'ਪੋਟੈਂਸ਼ਲ ਲਿੰਕਡ ਕ੍ਰੈਡਿਟ ਪਲਾਨ' ਜਾਰੀ

ਅਗਲੇ ਮਾਲੀ ਵਰ੍ਹੇ ਲਈ 3954.77 ਕਰੋੜ ਰੁਪਏ ਦੀ ਤਜ਼ਵੀਜ਼ਤ ਕਰਜ਼ਾ ਯੋਜਨਾ

5 Dariya News

ਰੂਪਨਗਰ 20-Dec-2018

ਜ਼ਿਲ੍ਹਾ ਰੁਪਨਗਰ ਵਿੱਚ ਵੱਖ-ਵਖ ਬੈਂਕਾਂ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਵਾਸਤੇ ਜ਼ਿਲ੍ਹੇ ਦੇ ਲੀਡ ਬੈਂਕ ਯੂਕੋ ਬੈਂਕ ਵੱਲੋਂ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਆਯੋਜਿਤ 164ਵੀਂ ਜ਼ਿਲ੍ਹਾ ਪੱਧਰੀ ਜਾਇਜਾ ਕਮੇਟੀ ਅਤੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਵੱਖ-ਵੱਖ ਸਕੀਮਾਂ ਜਿੰਨ੍ਹਾਂ ਵਿੱਚ ਡੇਅਰੀ ਵਿਕਾਸ, ਬਾਗਬਾਨੀ,ਪਸ਼ੂ ਪਾਲਣ, ਅਨੁਸੂਚਿਤ ਜਾਤੀਆਂ/ਕਬੀਲਿਆਂ ਬਾਰੇ, ਭੋਂ ਵਿਕਾਸ, ਵਿੱਤ ਨਿਗਮ, ਜ਼ਿਲ੍ਹਾ ਦਿਹਾਤੀ ਵਿਕਾਸ ਏਜੰਸੀ ਤਹਿਤ ਐਸ.ਜੀ.ਐਸ.ਵਾਈ. ਸਕੀਮ, ਖਾਦੀ ਪੇਂਡੂ ਉਦਯੋਗ ਬੋਰਡ ਆਦਿ ਸਬੰਧੀ ਕੀਤੇ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਪ੍ਰਾਪਤ ਕੀਤੇ ਟੀਚਿਆਂ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਸਮੂਹ ਬੈਂਕਾਂ ਨੂੰ ਕਮਜ਼ੋਰ ਵਰਗਾਂ, ਮੁਦਰਾ ਯੋਜਨਾ ਅਤੇ ਸਟੈਂਡ ਅਪ ਕਰਜ਼ ਵੱਧ ਤੋਂ ਵੱਧ ਕਰਨ ਲਈ ਆਖਿਆ ਤਾਂ ਜੋ ਯੋਗ ਵਰਗਾਂ ਅਤੇ ਲਾਭਪਾਤਰੀਆਂ ਨੂੰ ਇਨ੍ਹਾਂ ਦਾ ਫਾਇਦਾ ਮਿਲ ਸਕੇ। ਮੀਟਿੰਗ ਦੌਰਾਨ ਕੌਮੀ ਖੇਤੀਬਾੜੀ ਤੇ ਦਿਹਾਤੀ ਵਿਕਾਸ ਬੈਂਕ (ਨਬਾਰਡ) ਵੱਲੋਂ ਜ਼ਿਲ੍ਹੇ ਲਈ ਮਾਲੀ ਵਰ੍ਹੇ 2019-20 ਲਈ ਤਿਆਰ ਕੀਤੀ ਤਜ਼ਵੀਜਤ ਕਰਜ਼ਾ ਯੋਜਨਾ (ਪੋਟੈਂਸ਼ਲ ਲਿੰਕਡ ਕ੍ਰੈਡਿਟ ਪਲਾਨ) ਅੱਜ ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 3954.77 ਕਰੋੜ ਰੁਪਏ ਦੀ ਨਬਾਰਡ ਦੀ ਇਹ ਕਰਜ਼ਾ ਯੋਜਨਾ ਜ਼ਿਲ੍ਹੇ ਦੇ ਪ੍ਰਾਥਮਿਕ ਖੇਤਰ ਲਈ ਲੋੜੀਂਦੇ ਕਰਜ਼ਿਆਂ ਦੀ ਪੂਰਤੀ ਕਰੇਗੀ ਜਿਸ ਨਾਲ ਅੱਗੋਂ ਬੈਂਕਾਂ ਰਾਹੀਂ ਇਹ ਰਾਸ਼ੀ ਲੋੜਵੰਦ ਕਿਸਾਨਾਂ, ਦਰਮਿਆਨੇ ਤੇ ਲਘੂ ਉਦਮੀਆਂ ਅਤੇ ਹੋਰ ਪ੍ਰਾਥਮਿਕ ਖੇਤਰ ਕਰਜ਼ਿਆਂ ਦੇ ਲਾਭਪਾਤਰੀਆਂ ਨੂੰ ਉਪਲਬਧ ਹੋਵੇਗੀ। 

ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਵੀ. ਕੇ. ਸਿੰਘ ਨੇ ਇਸ ਸੰਭਾਵਿਤ ਯੋਜਨਾ ਦਾ ਮੱਦਵਾਰ ਵੇਰਵਾ ਦਿੰਦਿਆਂ ਦੱਸਿਆ ਕਿ 3954.77 ਕਰੋੜ ਰੁਪਏ ਦੀ ਇਸ ਕਰਜ਼ਾ ਯੋਜਨਾ ਤਹਿਤ 2699.41 ਕਰੋੜ ਫ਼ਸਲੀ ਕਰਜ਼ਿਆਂ ਅਤੇ ਮਿਆਦੀ ਖੇਤੀਬਾੜੀ ਕਰਜ਼ਿਆਂ ਲਈ, 671.89 ਕਰੋੜ ਰੁਪਏ ਦਰਮਿਆਨੇ ਤੇ ਲਘੂ ਉਦਮੀਆਂ ਵਾਸਤੇ ਅਤੇ 37.12 ਕਰੋੜ ਰੁਪਏ ਨਿਰਯਾਤ, 107.25 ਕਰੋੜ ਰੁਪਏ ਸਿੱਖਿਆ ਲਈ, 350.62 ਕਰੋੜ ਰੁਪਏ ਮਕਾਨ ਕਰਜਿਆਂ  ਲਈ, 47.68 ਕਰੋੜ ਰੁਪਏ ਨਵੀਨੀਕਰਨ ਊਰਜਾ ਲਈ ਅਤੇ 40.89 ਕਰੋੜ ਰੁਪਏ ਸਮਾਜਿਕ ਅਤੇ ਹੋਰ ਪ੍ਰਾਥਮਿਕ ਖੇਤਰਾਂ ਵਾਸਤੇ  ਰੱਖੇ ਗਏ ਹਨ।ਮੀਟਿੰਗ ਦੌਰਾਨ ਸ਼੍ਰੀ ਸ਼ੁਸ਼ੀਲ ਕੁਮਾਰ ਸ਼ਰਮਾ  ਚੀਫ ਜ਼ਿਲ੍ਹਾ ਮੈਨੇਜਰ ਲੀਡ ਬੈਂਕ ਨੇ ਦਸਿਆ ਕਿ 30 ਸਤੰਬਰ 2018  ਤੱਕ ਖੇਤੀ ਬਾੜੀ ਸੇਕਟਰ ਲਈ  77738.03 ਲੱਖ ਰੁਪਏ ਦੇ ਕਰਜੇ,ਦਰਮਿਆਨੇ ਅਤੇ ਛੋਟੇ ਸੈਕਟਰ ਲਈ 28976.24 ਲੱਖ ਅਤੇ ਹੋਰ ਤਰਜੀਹੀ ਧੰਦਿਆਂ ਲਈ 10085.95 ਲੱਖ ਰੁਪਏ ਦੇ ਕਰਜੇ ਦਿੰਦੇ ਹੋਏ 64 ਫੀ ਸਦੀ ਪ੍ਰਾਪਤੀ ਕੀਤੀ ਗਈ ਹੈ। ਇਸ ਮੀਟਿੰਗ ਦੌਰਾਨ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਕਪਿਲ ਸੇਠ ਜੋਨਲ ਹੈਡ ਯੂਕੋ ਬੈਂਕ, ਸ਼੍ਰੀ ਸੰਜੇ ਕੱਕੜ ਰਿਜ਼ਰਵ ਬੈਂਕ ਆਫ ਇੰਡੀਆ ਦੇ ਨੁਮਾਇੰਦੇ, ਸ਼੍ਰੀ ਰਾਜ ਕਪੂਰ ਉਪ ਪੁਲਿਸ ਕਪਤਾਨ,  ਸ਼੍ਰੀ ਵੀ.ਕੇ.ਸਿੰਘ ਡੀ.ਡੀ.ਐਮ. ਨਬਾਰਡ, ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ ਚੀਫ ਲੀਡ ਜ਼ਿਲ੍ਹਾ ਮੈਨੇਜਰ ਮੋਜੂਦ ਸਨ।