ਮਿਸ਼ਨ ਤੰਦਰੁਸਤ ਪੰਜਾਬ : ਇਲਾਜ ਨਾਲੋਂ ਪ੍ਰਹੇਜ਼ ਚੰਗਾ, ਥੋੜੀ ਜਿਹੀ ਸਾਵਧਾਨੀ ਨਾਲ ਸਵਾਇਨ ਫਲੁ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ : ਡਾ: ਸੁਖਪਾਲ ਸਿੰਘ
5 Dariya News
ਸ੍ਰੀ ਮੁਕਤਸਰ ਸਾਹਿਬ 19-Dec-2018
ਡਾ: ਸੁਖਪਾਲ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮੂਹ ਸੀਨੀਅਰ ਅਧਿਕਾਰੀ/ ਪ੍ਰੋਗ੍ਰਾਮ ਅਫ਼ਸਰ, ਮਲੇਰੀਆ ਵਿੰਗ, ਮਾਸ ਮੀਡੀਆ ਵਿੰਗ ਅਤੇ ਹੋਰ ਸਬੰਧਿਤ ਸਟਾਫ ਦੀ ਮੀਟਿੰਗ ਕੀਤੀ ਗਈ ਅਤੇ ਸਵਾਇਨ ਫਲੂ ਸਬੰਧੀ ਕੀਤੇ ਜਾਣ ਵਾਲੇ ਲੋੜੀਂਦੇ ਪ੍ਰਬੰਧਾਂ ਅਤੇ ਆਮ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਗਤੀਵਿਧੀਆਂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਉਹਨਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਆਦਿ ਵਿਖੇ ਆਪਣੇ ਪੈਰਾ ਮੈਡੀਕਲ ਸਟਾਫ਼ ਨੂੰ ਭੇਜਣ ਅਤੇ ਹਾਜਰੀਨ ਨੂੰ ਸਵਾਈਨ ਫਲੂ ਤੋਂ ਬਚਾਅ ਸਬੰਧੀ ਜਾਣਕਾਰੀ ਦੇਣ। ਇਸ ਮੋਕੇ ਡਾ ਸੁਖਪਾਲ ਸਿੰਘ ਜੀ ਨੇ ਦੱਸਿਆ ਕਿ ਸਵਾਇਨ ਫਲੂ ਇੰਫਲੂਐਂਜਾਂ ਵਾਇਰਸ (ਐਚ1ਐਨ1) ਨਾਲ ਹੁੰਦੀ ਹੈ। ਸਵਾਇਨ ਫਲੂ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਖੰਘ ਨਾਲ, ਛਿੱਕਾਂ, ਵਗਦੀ ਨੱਕ, ਹੱਥ ਮਿਲਾਉਣ ਨਾਲ, ਕਿਸੇ ਨੂੰ ਸਪਰਸ਼ ਨਾਲ, ਖੁੱਲੇ ਵਿੱਚ ਥੁੱਕਣ ਨਾਲ ਫੈਲਦੀ ਹੈ। ਇਹ ਬਜੁਰਗਾਂ, ਕਮਜੋਰ ਵਿਅਕਤੀਆਂ, ਬੱਚੇ, ਗਰਭਵਤੀ ਮਾਵਾਂ ਅਤੇ ਦਮੇ ਦੇ ਮਰੀਜਾਂ ਨੂੰ ਛੇਤੀ ਹੁੰਦੀ ਹੈ ਅਤੇ ਘਾਤਕ ਸਿੱਧ ਹੁੰਦੀ ਹੈ ਕਿਉਕਿ ਉਹਨਾਂ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ, ਇਸ ਲਈ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ। ਪਰ ਜੇਕਰ ਬੰਦਾ ਤੰਦਰੁਸਤ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਕਿਉਕਿ ਇਹ ਬਿਮਾਰੀ 5-7 ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦੀ ਹੈ। ਜਿਨਾਂ ਵਿਅਕਤੀਆਂ ਨੂੰ ਬੁਖਾਰ ,ਖਾਂਸੀ, ਦੁਖਦਾ ਗਲਾ, ਡਾਇਰੀਆ, ਉਲਟੀਆਂ ਅਤੇ ਸਾਹ ਆਉਣ ਵਿੱਚ ਤਕਲੀਫ ਨਜ਼ਰ ਆਵੇ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਸ ਦਾ ਇਲਾਜ ਮੁਫ਼ਤ ਹੁੰਦਾ ਹੈ। ਇਸ ਸਮੇਂ ਗੁਰਤੇਜ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ ਨੇ ਹਾਜਰੀਨ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਨੂੰ ਜਾਗਰੂਕ ਕਰਨ ਕਿ ਉਹ ਭੀੜ ਵਾਲੀਆਂ ਥਾਵਾਂ ਨਾ ਜਾਣ ਅਤੇ ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰਾਂ ਸਾਫ਼ ਕਰਨੇ ਚਾਹੀਦੇ ਹਨ। ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਅਕਤੀਆਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਖੰਘਦੇ ਜਾਂ ਛਿੱਕਦੇ ਸਮੇਂ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ। ਨੀਂਦ ਪੂਰੀ ਲਵੋ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹੋ, ਬਹੁਤ ਸਾਰਾ ਪਾਣੀ ਪੀਓ ਅਤੇ ਪੌਸ਼ਟਿਕ ਭੋਜਨ ਖਾਓ। ਇਸ ਸਮੇਂ ਡਾ ਏ.ਕੇ. ਥਾਪਰ ਸਹਾਇਕ ਸਿਵਲ ਸਰਜਨ, ਡਾ ਕੀਮਤੀ ਲਾਲ ਸੀਨੀਅਰ ਮੈਡੀਕਲ ਅਫ਼ਸਰ, ਡਾ ਜਾਗ੍ਰਿਤੀ ਚੰਦਰ ਜਿਲਾ ਟੀਕਾਕਰਣ ਅਫ਼ਸਰ, ਡਾ ਵਿਕਰਮ ਅਸੀਜਾ ਜਿਲਾ ਐਪੀਡਮੈਲੋਜਿਸਟ, ਵਿਨੋਦ ਖੁਰਾਣਾ, ਕੁਲਜੀਤ ਸਿੰਘ, ਭਗਵਾਨ ਦਾਸ, ਲਾਲ ਚੰਦ, ਪਵਿੱਤਰ ਸਿੰਘ, ਸੁਮਨ ਆਦਿ ਹਾਜਿਰ ਸਨ।