ਮਿਸ਼ਨ ਤੰਦਰੁਸਤ ਪੰਜਾਬ : ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਖਾਧ ਪਦਾਰਥਾਂ ਦੇ ਭਰੇ ਸੈਂਪਲ
5 Dariya News
ਸ੍ਰੀ ਮੁਕਤਸਰ ਸਾਹਿਬ 18-Dec-2018
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲੋਕਾਂ ਨੂੰ ਮਿਲਾਵਟ ਰਹਿਤ ਖਾਣ ਦੀਆਂ ਚੀਜਾਂ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ ਵੱਖ ਖੁਰਾਕੀ ਪਦਾਰਥਾਂ ਦੇ ਨਮੂਨੇ ਲਗਾਤਾਰ ਲਏ ਜਾ ਰਹੇ ਹਨ। ਮਿਲਾਵਟੀ ਖੁਰਾਕੀ ਪਦਾਰਥਾਂ ਦੀ ਜਾਂਚ ਮੁਹਿੰਮ ਨੂੰ ਜਾਰੀ ਰੱਖਦਿਆਂ ਸਿਹਤ ਵਿਭਾਗ ਵੱਲੋਂ ਡਾ ਸੁਖਪਾਲ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਦੀ ਦੇਖ ਰੇਖ ਵਿੱਚ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੇ 5 ਸੈਂਪਲ ਇਕੱਤਰ ਕੀਤੇ ਗਏ। ਕੰਵਲਪ੍ਰੀਤ ਸਿੰਘ ਸਹਾਇਕ ਫੂਡ ਕਮਿਸ਼ਨਰ, ਡਾ ਤਰੁਣ ਬਾਂਸਲ ਫੂਡ ਸੇਫ਼ਟੀ ਅਫ਼ਸਰ ਦੀ ਅਗਵਾਈ ਵਾਲੀ ਟੀਮ ਵੱਲੋਂ ਤਹਿਸੀਲ ਸ੍ਰ੍ਰੀ ਮੁਕਤਸਰ ਸਾਹਿਬ ਵਿੱਚੋਂ ਦਹੀਂ, ਦੁੱਧ ਅਤੇ ਘਿਓ ਸਮੇਤ ਕੁੱਲ 5 ਖੁਰਾਕੀ ਪਦਾਰਥਾਂ ਦੇ ਨਮੂਨੇ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਸੁਖਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਨਾਂ ਲਏ ਗਏ ਨਮੂਨਿਆਂ ਨੂੰ ਸਟੇਟ ਲਬਾਰਟਰੀ ਪੰਜਾਬ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਫੇਲ ਪਾਏ ਗਏ ਨਮੂਨਿਆ ਵਾਲਿਆ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਡਾ ਬਰਾੜ ਜੀ ਨੇ ਕਿਹਾ ਕਿ ਸਿਹਤ ਵਿਭਾਗ ਜਿਲਾ ਵਾਸੀਆਂ ਨੁੰ ਚੰਗੀ ਸਿਹਤ ਲਈ ਮਿਲਾਵਟ ਰਹਿਤ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਉਹਨਾਂ ਹਦਾਇਤਾ ਦਿੱਤੀਆਂ ਕਿ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਨੂੰ ਲਾਗੂ ਕਰਨ ਲਈ ਫੂਡ ਲਾਇਸੰਸ ਬਨਾਉਣਾ ਅਤੇ ਰਜਿਸ਼ਟ੍ਰੇਸ਼ਨ ਕਰਵਾਉਣੀ 100 ਪ੍ਰਤੀਸ਼ਤ ਯਕੀਨੀ ਬਨਾਇਆ ਜਾਵੇ। ਉਨਾਂ ਕਿਹਾ ਕਿ ਹਰੇਕ ਫੂਡ ਵੈਂਡਰ ਨੂੰ ਫੂਡ ਸੇਫ਼ਟੀ ਐਕਟ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਨੂੰ ਲਾਗੂ ਕਰਨ ਲਈ ਫੂਡ ਲਾਇਸੰਸ ਬਨਵਾਉਣਾ ਅਤੇ ਰਜਿਸ਼ਟ੍ਰੇਸ਼ਨ ਜਰੂਰੀ ਹੈ। ਕੰਵਲਪ੍ਰੀਤ ਸਿੰਘ ਸਹਾਇਕ ਫੂਡ ਕਮਿਸ਼ਨਰ ਅਤੇ ਡਾ ਤਰੁਣ ਬਾਂਸਲ ਫੂਡ ਸੇਫ਼ਟੀ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਹਦਾਇਤਾ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਪਰੋਕਤ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਜਿਲੇ ਵਿੱਚ ਮਿਲਾਵਟੀ ਦੁੱਧ ਨੂੰ ਰੋਕਣ ਲਈ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੇ ਰੈਗੁਲਰ ਸੈਂਪਲ ਲਏ ਜਾਣਗੇ ਤਾਂ ਕਿ ਇਲਾਕੇ ਵਿੱਚ ਮਿਲਾਵਟਖੋਰੀ ਵਿੱਚ ਠੱਲ ਪਾਈ ਜਾ ਸਕੇ।