5 Dariya News

ਜ਼ਿਲੇ ਵਿਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ

ਪਹਿਲੇ ਦਿਨ ਸਰਪੰਚੀ ਲਈ ਇਕ ਅਤੇ ਪੰਚੀ ਲਈ 14 ਨਾਮਜ਼ਦਗੀਆਂ ਹੋਈਆਂ ਦਾਖ਼ਲ, 19 ਦਸੰਬਰ ਤੱਕ ਚੱਲੇਗਾ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਸਿਲਸਿਲਾ

5 Dariya News

ਕਪੂਰਥਲਾ 15-Dec-2018

ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਅਤੇ ਅੱਜ ਪਹਿਲੇ ਦਿਨ ਜ਼ਿਲੇ ਵਿਚ ਸਰਪੰਚੀ ਲਈ ਇਕ ਅਤੇ ਪੰਚੀ ਲਈ 14 ਨਾਮਜ਼ਦਗੀਆਂ ਦਾਖ਼ਲ ਹੋਈਆਂ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਕਪੂਰਥਲਾ ਸ. ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੱਜ ਪਹਿਲੇ ਦਿਨ ਬਲਾਕ ਫਗਵਾੜਾ ਵਿਖੇ ਸਰਪੰਚੀ ਲਈ ਇਕ ਅਤੇ ਪੰਚੀ ਲਈ 10 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਜਦਕਿ ਬਲਾਕ ਨਡਾਲਾ ਵਿਚ ਪੰਚੀ ਲਈ 4 ਨਾਮਜ਼ਦਗੀਆਂ ਦਾਖ਼ਲ ਹੋਈਆਂ। ਉਨਾਂ ਦੱਸਿਆ ਕਿ ਬਾਕੀ ਤਿੰਨ ਬਲਾਕਾਂ ਵਿਚ ਅੱਜ ਕੋਈ ਨਾਮਜ਼ਦਗੀ ਨਹੀਂ ਹੋਈ। ਉਨਾਂ ਦੱਸਿਆ ਕਿ ਭਲਕੇ ਐਤਵਾਰ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਜਾਣਗੇ ਜਦਕਿ 17 ਦਸੰਬਰ ਤੋਂ 19 ਦਸੰਬਰ ਤੱਕ ਰੋਜ਼ਾਨਾ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ ਜਾ ਸਕਦੀਆਂ ਹਨ। ਉਨਾਂ ਦੱਸਿਆ ਕਿ ਇਨਾਂ ਚੋਣਾਂ ਲਈ ਜ਼ਿਲੇ ਵਿਚ 70 ਰਿਟਰਨਿੰਗ ਅਫ਼ਸਰ ਲਗਾਏ ਗਏ ਹਨ, ਜੋ ਕਿ ਅੱਜ ਨਾਮਜ਼ਦਗੀਆਂ ਪ੍ਰਾਪਤ ਕਰਨ ਲਈ ਆਪਣੇ-ਆਪਣੇ ਨਿਰਧਾਰਤ ਸਥਾਨਾਂ 'ਤੇ ਮੌਜੂਦ ਰਹੇ।  

ਉਨਾਂ ਦੱਸਿਆ ਕਿ ਇਨਾਂ ਚੋਣਾਂ ਲਈ ਜ਼ਿਲੇ ਦੇ ਪੰਜ ਬਲਾਕਾਂ ਨੂੰ 70 ਕਲੱਸਟਰਾਂ ਵਿਚ ਵੰਡਿਆ ਗਿਆ ਹੈ ਅਤੇ ਇਨਾਂ ਲਈ 70 ਰਿਟਰਨਿੰਗ ਅਫ਼ਸਰ ਅਤੇ 70 ਸਹਾਇਕ ਰਿਟਰਨਿੰਗ ਅਫ਼ਸਰ ਲਗਾਏ ਗਏ ਹਨ। ਉਨਾਂ ਦੱਸਿਆ ਕਿ ਕਪੂਰਥਲਾ ਬਲਾਕ ਨੂੰ 16, ਢਿਲਵਾਂ ਨੂੰ 13, ਨਡਾਲਾ ਨੂੰ 12, ਫਗਵਾੜਾ ਨੂੰ 14 ਅਤੇ ਸੁਲਤਾਨਪੁਰ ਲੋਧੀ ਬਲਾਕ ਨੂੰ 15 ਕਲੱਸਟਰਾਂ ਵਿਚ ਵੰਡਿਆ ਗਿਆ ਹੈ। ਉਨਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 20 ਦਸੰਬਰ ਨੂੰ ਹੋਵੇਗੀ ਅਤੇ ਵਾਪਸੀ 21 ਦਸੰਬਰ ਨੂੰ ਕਰਵਾਈ ਜਾ ਸਕਦੀ ਹੈ। ਵਾਪਸੀ ਤੋਂ ਤੁਰੰਤ ਬਾਅਦ ਚੋਣ ਪਿੜ ਵਿੱਚ ਰਹਿ ਗਏ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਮਤਦਾਨ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਅਤੇ ਉਸੇ ਦਿਨ ਹੀ ਗਿਣਤੀ ਹੋਵੇਗੀ। ਉਨਾਂ ਕਿਹਾ ਕਿ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਦੀ ਅਗਵਾਈ ਹੇਠ ਇਨਾਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨਾ ਯਕੀਨੀ ਬਣਾਇਆ ਜਾਵੇਗਾ।