5 Dariya News

ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਡੈਪੋ ਤੇ ਬਡੀ ਪ੍ਰੋਗਰਾਮ ਸਬੰਧੀ ਪੁੱਟੀ ਨਵੀਂ ਪੁਲਾਂਘ

ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ, ਸੈਕਟਰ-66 ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵੱਡੀ ਗਿਣਤੀ ਨੌਜਵਾਨਾਂ ਨੇ ਨਸ਼ਿਆਂ ਖ਼ਿਲਾਫ਼ ਡਟਣ ਦਾ ਕੀਤਾ ਅਹਿਦ

5 Dariya News

ਐਸ.ਏ.ਐਸ. ਨਗਰ (ਮੁਹਾਲੀ) 15-Dec-2018

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਲਾਏ ਜਾ ਰਹੇ ਡੈਪੋ ਤੇ ਬਡੀ ਪ੍ਰੋਗਰਾਮਾਂ ਸਬੰਧੀ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਨਵੀਂ ਪੁਲਾਂਘ ਪੁੱਟੀ ਹੈ। ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ, ਸੈਕਟਰ-66 ਵਿਖੇ ਡੈਪੋ ਤੇ ਬਡੀ ਪ੍ਰੋਗਰਾਮਾਂ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਨੌਜਵਾਨਾਂ ਅਤੇ ਉਨ੍ਹਾਂ ਨੇ ਮਾਪਿਆਂ ਨੇ ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਡਟਣ ਦਾ ਅਹਿਦ ਕੀਤਾ। ਇਸ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਨਸ਼ਾ ਪੀੜਤਾਂ ਨੇ ਇਸ ਸਮਾਗਮ ਦੌਰਾਨ ਪੰਜਾਬੀ ਗਾਇਕ ਸ਼ਿਵਜੋਤ ਅਤੇ ਸੰਦੀਪ ਬਰਾੜ ਦੇ ਗੀਤਾਂ 'ਤੇ ਰੱਜ ਕੇ ਭੰਗੜਾ ਪਾਇਆ, ਜਿਸ ਨਾਲ ਉਨ੍ਹਾਂ ਦੇ ਸਵੈ-ਭਰੋਸੇ ਵਿੱਚ ਵਾਧਾ ਹੋਇਆ। ਇਸ ਨਾਲ ਉਨ੍ਹਾਂ ਨੂੰ ਤੰਦਰੁਸਤ ਹੋ ਕੇ ਮੁੜ ਹਾਸੇ ਖੇੜੇ ਵਾਲੀ ਜ਼ਿੰਦਗੀ ਬਤੀਤ ਕਰਨ ਵਿੱਚ ਮਦਦ ਮਿਲੇਗੀ।  ਸਮਾਗਮ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ ਨੇ ਕਿਹਾ ਕਿ ਡੈਪੋ ਤੇ ਬਡੀ ਵਰਗੇ ਨਸ਼ਾ ਵਿਰੋਧੀ ਪ੍ਰੋਗਰਾਮ ਸ਼ੁਰੂ ਕਰਨ ਅਤੇ ਇਨ੍ਹਾਂ ਸਬੰਧੀ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਹੈ ਕਿ ਨਸ਼ਿਆਂ ਖ਼ਿਲਾਫ਼ ਸਮਾਜ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਹੋ ਸਕੇ ਤੇ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਦੇ ਚਿਹਰਿਆਂ 'ਤੇ ਮੁੜ ਰੌਣਕ ਪਰਤੇ ਤੇ ਉਨ੍ਹਾਂ ਦੀ ਜ਼ਿੰਦਗੀ ਖੁਸ਼ੀਆਂ-ਖੇੜਿਆਂ ਭਰੀ ਹੋਵੇ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਵੱਖ-ਵੱਖ ਗਾਇਕਾਂ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਹਨ, ਜਿਨ੍ਹਾਂ ਨੂੰ ਦੇਖ ਕਿ ਇਸ ਸੈਂਟਰ ਵਿਖੇ ਇਲਾਜ ਕਰਵਾ ਰਹੇ ਨੌਜਵਾਨਾਂ ਨੂੰ ਭਾਰੀ ਉਤਸ਼ਾਹ ਮਿਲਿਆ ਹੈ ਤੇ ਨਸ਼ਿਆਂ ਨੂੰ ਮਾਤ ਪਾਉਣ ਲਈ ਇਨ੍ਹਾਂ ਨੌਜਵਾਨਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ ਤੇ ਹੋਰਨਾਂ ਬਿਮਾਰੀਆਂ ਵਾਂਙ ਮਰੀਜ਼ ਇਸ ਬਿਮਾਰੀ ਦਾ ਵੀ ਇਲਾਜ ਕਰਵਾ ਸਕਦਾ ਹੈ, ਜਿਸ ਲਈ ਸਰਕਾਰ ਨੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਦੇ ਨਾਲ-ਨਾਲ ਓਟ ਕਲੀਨਿਕ ਵੀ ਖੋਲ੍ਹੇ ਹੋਏ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਪੀ.ਜੀ.ਆਈ. ਚੰਡੀਗੜ੍ਹ ਦੇ ਡਾ. ਧਰਮਵੀਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਮਾਗਮ ਦੇ ਰੂਪ ਵਿੱਚ ਕੀਤੇ ਉਪਰਾਲੇ ਦੀ ਸ਼ਲਾਘਾ ਕੀਤਾ ਤੇ ਕਿਹਾ ਕਿ ਨਸ਼ਾ ਪੀੜਤ ਮਰੀਜ਼ਾਂ ਨੂੰ ਕਮਰਿਆਂ ਵਿੱਚ ਡੱਕ ਕੇ ਸਿਰਫ਼ ਦਵਾਈ ਦੇਣ ਨਾਲ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਜਾ ਸਕਦਾ, ਸਗੋਂ ਉਨ੍ਹਾਂ ਨੂੰ ਖੁੱਲ੍ਹੇ ਮਾਹੌਲ ਵਿੱਚ ਵੱਖ-ਵੱਖ ਗਤੀਵਿਧੀਆਂ ਨਾਲ ਜੋੜਨਾ ਵੀ ਜ਼ਰੂਰੀ ਹੈ। 

ਉਨ੍ਹਾਂ ਕਿਹਾ ਕਿ ਨਸ਼ਾ ਪੀੜਤ ਮਰੀਜ਼ਾਂ ਦੀ ਦੀ ਸੁਣਨ ਸਮਰੱਥਾ ਅਤੇ ਬੋਲਾਂ ਤੋਂ ਉਨ੍ਹਾਂ ਦੀ ਅਸਲ ਹਾਲਤ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ। ਇਸ ਲਈ ਜਦੋਂ ਵੀ ਕੋਈ ਮਰੀਜ਼ ਨਸ਼ਿਆਂ ਦੇ ਇਲਾਜ ਲਈ ਆਵੇ ਤਾਂ ਉਸ ਦੀ ਸੁਣਨ ਸਮਰੱਥਾ ਅਤੇ ਬੋਲਣ ਸਬੰਧੀ ਸਕਰੀਨਿੰਗ ਜ਼ਰੂਰ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਪੀੜਤਾਂ ਦੇ ਇਲਾਜ ਤੇ ਮੁੜ ਤੋਂ ਆਮ ਜ਼ਿੰਦਗੀ ਜਿਊਣ ਦੇ ਕਾਬਲ ਬਣਾਉਣ ਲਈ ਵੱਡੀ ਗਿਣਤੀ ਸਕੀਮਾਂ ਅਤੇ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ, ਸੈਕਟਰ-66 ਵਿਖੇ ਸੇਵਾ ਨਿਭਾਅ ਰਹੇ ਡਾ. ਪੂਜਾ ਗਰਗ ਨੇ ਕਿਹਾ ਕਿ ਬੱਚਿਆਂ ਤੱਕ ਨਸ਼ਿਆਂ ਦਾ ਪੁੱਜਣਾ ਚਿੰਤਾ ਦਾ ਵਿਸ਼ਾ ਹੈ, ਜਿਸ ਵੱਲ ਸਮੁੱਚੇ ਸਮਾਜ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਨਸ਼ੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਕਾਰਾਤਮਕ ਮੰਨ ਲੈਂਦੇ ਹਨ ਪਰ ਅਸਲ ਵਿੱਚ ਇਹ ਕਿਸੇ ਵੀ ਪੱਖ ਤੋਂ ਠੀਕ ਨਹੀਂ ਹੈ ਤੇ ਇਹ ਸਿਰਫ਼ ਮਨੁੱਖ ਦੀ ਬਰਬਾਦੀ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ, ਓਟ ਕਲੀਨਿਕਸ ਅਤੇ ਡੈਪੋ ਤੇ ਬਡੀ ਵਰਗੇ ਪ੍ਰੋਗਰਾਮਾਂ ਜ਼ਰੀਏ ਨਸ਼ਿਆਂ ਦੇ ਖਾਤਮੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਸਾਨੂੰ ਸਾਰਿਆਂ ਨੂੰ ਇਸ ਸਬੰਧੀ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਸਭ ਤੋਂ ਪਹਿਲਾਂ ਮਰੀਜ਼ਾਂ ਦੀ ਮਨੋਵਿਗਿਆਨਕ ਜਾਂਚ ਕੀਤੀ ਜਾਂਦੀ ਹੈ, ਉਸ ਉਪਰੰਤ ਇਲਾਜ ਸਬੰਧੀ ਅਗਲੇ ਕਦਮ ਚੁੱਕੇ ਜਾਂਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜੇ ਕਿਸੇ ਨੂੰ ਵੀ ਕਿਸੇ ਵੀ ਨਸ਼ਾ ਪੀੜਤ ਬਾਰੇ ਪਤਾ ਲੱਗੇ ਤਾਂ ਉਸ ਨੂੰ ਨਸ਼ਾ ਛੁਡਾਊ ਕੇਂਦਰਾਂ ਜਾਂ ਓਟ ਕਲੀਨਿਕ ਤੱਕ ਜ਼ਰੂਰ ਪੁੱਜਦਾ ਕੀਤਾ ਜਾਵੇ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਗੀਤਾਂ, ਗਿੱਧੇ, ਭੰਗੜੇ ਸਮੇਤ ਵੱਖ-ਵੱਖ ਨਾਚ ਪੇਸ਼ ਕੀਤੇ ਗਏੇ। ਇਸ ਤੋਂ ਇਲਾਵਾ ਪੰਜਾਬੀ ਗਾਇਕ ਸ਼ਿਵਜੋਤ ਅਤੇ ਸੰਦੀਪ ਬਰਾੜ ਵੱਲੋਂ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਗਿਆ। ਇਨ੍ਹਾਂ ਸਾਰੀਆਂ ਪੇਸ਼ਕਾਰੀਆਂ ਦੀ ਹਾਜ਼ਰੀਨ ਵੱਲੋਂ ਭਰਵੀਂ ਸ਼ਲਾਘਾ ਕੀਤੀ ਗਈ। ਸਮਾਗਮ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਯਸ਼ਪਾਲ ਸ਼ਰਮਾ, ਐਸ.ਪੀ. ਗੁਰਸੇਵਕ ਸਿੰਘ ਬਰਾੜ, ਐਸ.ਡੀ.ਐਮ. ਮੋਹਾਲੀ ਸ੍ਰੀ ਜਗਦੀਪ ਸਹਿਗਲ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਤਹਿਸੀਲਦਾਰ ਸੁਖਪਿੰਦਰ ਕੌਰ, ਸਮੇਤ ਵੱਖ-ਵੱਖ ਵਿਭਾਗਾਂ ਦੇ ਵੱਡੀ ਗਿਣਤੀ ਅਧਿਕਾਰੀ ਹਾਜ਼ਰ ਸਨ।