5 Dariya News

ਗੁਲਦਾਊਦੀ ਦੇ ਫੁੱਲਾਂ ਦੀ ਦੂਸਰੀ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਨੂੰ ਪਟਿਆਲਵੀਆਂ ਨੇ ਦਿੱਤਾ ਭਰਵਾਂ ਹੁੰਗਾਰਾ

ਲੋਕਾਂ ਦੇ ਹੁੰਗਾਰੇ ਨੂੰ ਵੇਖਦਿਆਂ ਪ੍ਰਦਰਸ਼ਨੀ ਦਾ ਸਮਾਂ ਇੱਕ ਦਿਨ ਹੋਰ ਵਧਾਇਆ- ਕੁਮਾਰ ਅਮਿਤ

5 Dariya News

ਪਟਿਆਲਾ 15-Dec-2018

ਬਾਗਬਾਨੀ ਵਿਭਾਗ, ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਪਣਾ ਆਲਾ ਦੁਆਲਾ ਫ਼ੁੱਲਾਂ ਨਾਲ ਸੁੰਦਰ ਤੇ ਮਨਮੋਹਕ ਬਨਾਉਣ ਲਈ ਲੋਕਾਂ ਨੂੰ ਉਤਸ਼ਾਹਤ ਕਰਨ ਹਿੱਤ ਸਥਾਨਕ ਬਾਰਾਂਦਰੀ ਬਾਗ 'ਚ ਸਥਿਤ ਚਿਲਡਰਨ ਪਾਰਕ ਵਿਖੇ ਲਗਾਈ ਗਈ ਗੁਲਦਾਉਦੀ ਦੇ ਫੁੱਲਾਂ ਦੀ ਦੂਸਰੀ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਨੂੰ ਇੱਕ ਦਿਨ ਲਈ ਹੋਰ ਵਧਾ ਦਿੱਤਾ ਗਿਆ ਹੈ। ਇਸ ਪ੍ਰਦਰਸ਼ਨੀ ਨੂੰ ਪਟਿਆਲਾ ਵਾਸੀਆਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਦੇ ਮੱਦੇਨਜ਼ਰ ਇਸ ਪ੍ਰਦਰਸ਼ਨੀ ਨੂੰ 16 ਦਸੰਬਰ ਸੋਮਵਾਰ ਤੱਕ ਵਧਾਉਣ ਦੇ ਆਦੇਸ਼ ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਨੇ ਦਿੱਤੇ। ਡਿਪਟੀ ਕਮਿਸ਼ਨਰ ਅੱਜ ਇਸ ਪ੍ਰਦਰਸ਼ਨੀ ਦਾ ਜਾਇਜ਼ਾ ਲੈਣ ਪੁੱਜੇ ਅਤੇ ਗੁਲਦਾਉਦੀ ਦੇ ਫੁੱਲਾਂ ਦਾ ਆਨੰਦ ਮਾਣ ਰਹੇ ਆਮ ਲੋਕਾਂ ਨਾਲ ਗੱਲਬਾਤ ਕੀਤੀ। ਸ੍ਰੀ ਕੁਮਾਰ ਅਮਿਤ ਨੇ ਇੱਥੇ ਪੁੱਜੇ ਲੋਕਾਂ ਦਾ ਭਰਵਾਂ ਉਤਸ਼ਾਹ ਦੇਖ ਕੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪ੍ਰਦਰਸ਼ਨੀ ਦਾ ਸਮਾਂ ਇੱਕ ਦਿਨ ਹੋਰ ਵਧਾਉਣ ਦੇ ਆਦੇਸ਼ ਦਿੱਤੇ। ਕੁਮਾਰ ਅਮਿਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਅਰੰਭਿਆ ਹੈ, ਜਿਸ ਤਹਿਤ ਸੂਬੇ ਦੇ ਲੋਕਾਂ ਨੂੰ ਸ਼ੁੱਧ ਆਬੋ ਹਵਾ ਅਤੇ ਖਾਣ ਪੀਣ ਦੀਆਂ ਮਿਆਰੀ ਵਸਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਇਸ ਲਈ ਅਜਿਹੀਆਂ ਪ੍ਰਦਰਸ਼ਨੀਆਂ ਸਾਡੇ ਆਲੇ ਦੁਆਲੇ ਨੂੰ ਖੂਬਸੂਰਤ ਵਧਾਉਣ ਲਈ ਪ੍ਰੇਰਣਾ ਸ੍ਰੋਤ ਦਾ ਕੰਮ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਬਾਰਾਂਦਰੀ ਬਾਗ ਵਿਖੇ ਬਾਗਬਾਨੀ ਵਿਭਾਗ ਪਟਿਆਲਾ ਵੱਲੋਂ ਗੁਲਦਾਊਦੀ ਦੀਆਂ ਕਰੀਬ 100 ਕਿਸਮਾਂ ਦੇ 3000 ਤੋਂ ਵਧੇਰੇ ਗਮਲੇ ਸਜਾਏ ਹੋਏ ਹਨ। ਜਦੋਂਕਿ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਇੱਥੇ ਵੱਖ-ਵੱਖ ਖੇਤੀ ਉਤਪਾਦਾਂ, ਫ਼ਲਾਂ ਤੇ ਸਬਜ਼ੀਆਂ ਦੇ ਸਟਾਲ ਲਗਾ ਕੇ ਲੋਕਾਂ ਨੂੰ ਸਿਹਤ ਵਰਧਕ ਵਸਤਾਂ ਪ੍ਰਦਾਨ ਕਰਵਾ ਰਹੇ ਹਨ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਬਾਗਬਾਨੀ ਵਿਭਾਗ ਦੇ ਉਪ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਡਿਪਟੀ ਕਮਿਸ਼ਨਰ ਦਾ ਇਸ ਪ੍ਰਦਰਸ਼ਨੀ ਨੂੰ ਲੋਕਾਂ ਦੇ ਭਰਵੇਂ ਸਹਿਯੋਗ ਬਦਲੇ ਇੱਕ ਦਿਨ ਹੋਰ ਵਧਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਬਲਬੀਰ ਸਿੰਘ ਬਲਿੰਗ, ਬਾਗਬਾਨੀ ਵਿਕਾਸ ਅਫ਼ਸਰ ਡਾ. ਕੁਲਵਿੰਦਰ ਸਿੰਘ, ਬਾਗਬਾਨੀ ਵਿਭਾਗ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਤੇ ਪਟਿਆਲਵੀਆਂ ਨੇ ਸ਼ਮੂਲੀਅਤ ਕੀਤੀ ਅਤੇ ਫੁੱਲਾਂ ਦਾ ਅਨੰਦ ਮਾਣਿਆਂ।