5 Dariya News

ਪੰਚਾਇਤ ਚੋਣਾਂ-2018-ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਸਰਪੰਚੀ ਅਤੇ ਪੰਚੀ ਲਈ ਇੱਕ-ਇੱਕ ਨਾਮਜ਼ਦਗੀ

ਜ਼ਿਲ੍ਹਾ ਲੁਧਿਆਣਾ ਦੇ ਕੁੱਲ 941 ਸਰਪੰਚਾਂ ਅਤੇ 6391 ਪੰਚਾਂ ਦੀ ਚੋਣ ਲਈ ਵੋਟਾਂ 30 ਨੂੰ

5 Dariya News

ਲੁਧਿਆਣਾ 15-Dec-2018

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਅੱਜ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਜ਼ਿਲ੍ਹਾ ਲੁਧਿਆਣਾ ਵਿੱਚ ਦੋ ਨਾਮਜ਼ਦਗੀਆਂ ਭਰੀਆਂ ਗਈਆਂ। ਨਾਮਜ਼ਦਗੀਆਂ 19 ਦਸੰਬਰ, 2018 ਤੱਕ ਜਾਰੀ ਰਹਿਣਗੀਆਂ। ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਹੈ। ਅਗਰਵਾਲ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਬਲਾਕ ਲੁਧਿਆਣਾ-2 ਵਿੱਚ ਸਰਪੰਚੀ ਲਈ ਅਤੇ ਬਲਾਕ ਸਮਰਾਲਾ ਵਿੱਚ ਪੰਚੀ ਲਈ ਇੱਕ-ਇੱਕ ਨਾਮਜ਼ਦਗੀ ਭਰੀ ਗਈ। ਨਾਮਜ਼ਦਗੀਆਂ ਦੀ ਪੜਤਾਲ 20 ਦਸੰਬਰ ਨੂੰ ਕੀਤੀ ਜਾਵੇਗੀ। ਨਾਮਜ਼ਦਗੀਆਂ 21 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਵਾਪਸ ਲਈਆਂ ਜਾ ਸਕਣਗੀਆਂ, ਉਪਰੰਤ ਉਸੇ ਦਿਨ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਵੋਟਾਂ ਮਿਤੀ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਐਲਾਨ ਦਿੱਤੇ ਜਾਣਗੇ। ਜ਼ਿਲ੍ਹਾ ਲੁਧਿਆਣਾ ਦੇ ਕੁੱਲ 941 ਸਰਪੰਚਾਂ ਅਤੇ 6391 ਪੰਚਾਂ ਦੀ ਚੋਣ ਲਈ ਵੋਟਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਅਮਨ-ਅਮਾਨ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜਿਆ ਜਾਵੇਗਾ। 

ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਬਕਾਇਦਾ ਸਥਾਨ/ਦਫ਼ਤਰ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਡੇਹਲੋਂ ਅਧੀਨ ਆਉਂਦੇ ਪਿੰਡ ਦੀਆਂ ਨਾਮਜ਼ਦਗੀਆਂ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਡੇਹਲੋਂ ਅਤੇ ਵੈਟਰਨਰੀ ਦਫ਼ਤਰ ਡੇਹਲੋਂ ਵਿਖੇ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਬਲਾਕ ਦੋਰਾਹਾ ਦੀਆਂ ਨਾਮਜ਼ਦਗੀਆਂ ਨਗਰ ਕੌਂਸਲ ਦਫ਼ਤਰ ਦੋਰਾਹਾ ਅਤੇ ਸਕੱਤਰ ਮਾਰਕੀਟ ਕਮੇਟੀ ਦੋਰਾਹਾ ਵਿਖੇ ਜਮ੍ਹਾਂ ਹੋਣਗੀਆਂ। ਬਲਾਕ ਜਗਰਾਂਉ ਲਈ ਖੇਤੀਬਾੜੀ ਦਫ਼ਤਰ, ਮਾਰਕੀਟ ਕਮੇਟੀ ਦਫ਼ਤਰ, ਨਗਰ ਕੌਂਸਲ ਦਫ਼ਤਰ ਅਤੇ ਖੁਰਾਕ ਸਪਲਾਈ ਦਫ਼ਤਰ ਜਗਰਾਂਉ ਵਿਖੇ ਨਾਮਜ਼ਦਗੀਆਂ ਦਿੱਤੀਆਂ ਜਾ ਸਕਦੀਆਂ ਹਨ। ਬਲਾਕ ਖੰਨਾ ਲਈ ਮਾਰਕੀਟ ਕਮੇਟੀ ਦਫ਼ਤਰ ਵਿਖੇ, ਬਲਾਕ ਲੁਧਿਆਣਾ-1 ਲਈ ਸਤਿਗੁਰ ਰਾਮ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ (ਲੜਕੀਆਂ) ਰਿਸ਼ੀ ਨਗਰ ਲੁਧਿਆਣਾ ਵਿਖੇ, ਬਲਾਕ ਲੁਧਿਆਣਾ-2 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਕੈਂਪ ਸਾਹਮਣੇ ਬੱਸ ਅੱਡਾ ਲੁਧਿਆਣਾ ਵਿਖੇ, ਬਲਾਕ ਪੱਖੋਵਾਲ ਲਈ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਪੱਖੋਵਾਲ ਵਿਖੇ, ਬਲਾਕ ਰਾਏਕੋਟ ਲਈ ਮਾਰਕੀਟ ਕਮੇਟੀ ਦਫ਼ਤਰ ਰਾਏਕੋਟ ਵਿਖੇ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ। ਇਸੇ ਤਰ੍ਹਾਂ ਬਲਾਕ ਮਾਛੀਵਾੜਾ ਲਈ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ, ਮਾਰਕੀਟ ਕਮੇਟੀ ਦਫ਼ਤਰ ਅਤੇ ਨਗਰ ਕੌਂਸਲ ਦਫ਼ਤਰ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਨਾਮਜ਼ਦਗੀਆਂ ਦਿੱਤੀਆਂ ਜਾ ਸਕਦੀਆਂ ਹਨ। 

ਬਲਾਕ ਮਲੌਦ ਲਈ ਨਗਰ ਪੰਚਾਇਤ ਦਫ਼ਤਰ ਅਤੇ ਮਾਰਕੀਟ ਕਮੇਟੀ ਦਫ਼ਤਰ ਮਲੌਦ ਵਿਖੇ ਨਾਮਜ਼ਦਗੀਆਂ ਲਈਆਂ ਜਾਣਗੀਆਂ। ਬਲਾਕ ਸਮਰਾਲਾ ਲਈ ਪੀ. ਡਬਲਿਊ. ਡੀ ਦਫ਼ਤਰ, ਨਗਰ ਕੌਂਸਲ ਦਫ਼ਤਰ ਅਤੇ ਮਾਰਕੀਟ ਕਮੇਟੀ ਦਫ਼ਤਰ ਸਮਰਾਲਾ ਵਿਖੇ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ। ਬਲਾਕ ਸਿੱਧਵਾਂ ਬੇਟ ਲਈ ਬਾਲ ਵਿਕਾਸ ਅਤੇ ਸੁਰੱਖਿਆ ਅਫ਼ਸਰ ਦਫ਼ਤਰ ਅਤੇ ਬੀ. ਪੀ. ਈ. ਓ. ਦਫ਼ਤਰ ਸਿੱਧਵਾਂ ਬੇਟ ਨਿਰਧਾਰਤ ਕੀਤੇ ਗਏ ਹਨ। ਇਸੇ ਤਰ੍ਹਾਂ ਬਲਾਕ ਸੁਧਾਰ ਲਈ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀਜ਼ ਕਾਲਜ ਰੋਡ ਦਾਖਾ ਵਿਖੇ ਨਾਮਜ਼ਦਗੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਚੋਣ ਪ੍ਰਕਿਰਿਆ ਨਾਲ ਜੁੜੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਸਮੂਹ ਚੋਣ ਅਧਿਕਾਰੀਆਂ ਖਾਸ ਕਰਕੇ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਨਾਮਜ਼ਦਗੀਆਂ ਦੌਰਾਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜ਼ਰੂਰੀ ਤੌਰ 'ਤੇ ਆਪਣੇ ਦਫ਼ਤਰ ਜਾਂ ਨਿਰਧਾਰਤ ਸਥਾਨਾਂ 'ਤੇ ਬੈਠਣਾ ਯਕੀਨੀ ਬਣਾਉਣ। ਲੋਕਾਂ ਨੂੰ ਵੋਟਾਂ ਬਣਵਾਉਣ ਅਤੇ ਚਾਹਵਾਨ ਉਮੀਦਵਾਰਾਂ ਨੂੰ ਇਤਰਾਜਹੀਣਤਾ ਸਰਟੀਫਿਕੇਟ ਜਾਰੀ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਅਤੇ ਹੋਰ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।