5 Dariya News

ਸ਼ਹੀਦ ਦੇਸ਼ ਤੇ ਕੌਮ ਦਾ ਹੁੰਦੇ ਨੇ ਸਰਮਾਇਆ- ਮਨਪ੍ਰੀਤ ਸਿੰਘ ਛੱਤਵਾਲ

ਵਿਜੈ ਦਿਵਸ ਮੌਕੇ ਆਸਫ ਵਾਲਾ ਵਿਖੇ ਪ੍ਰੋਗਰਾਮ ਆਯੋਜਿਤ, ਭਾਰਤ-ਪਾਕਿ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਕੀਤਾ ਗਿਆ ਸਨਮਾਨਿਤ

5 Dariya News

ਫਾਜ਼ਿਲਕਾ 15-Dec-2018

ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਇਥੇ ਬਾਰਡਰ ਰੋਡ 'ਤੇ ਆਸਫ ਵਾਲਾ ਵਿਖੇ ਸਥਿਤ ਸ਼ਹੀਦੀ ਸਮਾਰਕ ਵਿਖੇ ਭਾਰਤ-ਪਾਕਿ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਸੈਨਾ ਦੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਕਿਹਾ ਕਿ ਸ਼ਹੀਦ ਸਾਡੇ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ। ਇਥੇ ਸ਼ਹੀਦੀ ਸਮਾਰਕ ਵਿਖੇ ਕਰਵਾਏ ਗਏ ਸਲਾਨਾ ਯਾਦਗਾਰੀ ਸਮਾਗਮ ਨੂੰ ਸਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਤੋ ਪਹਿਲਾ ਮੇਜਰ ਜਨਰਲ ਪੀ.ਐਸ.ਸਿੱਧੂ, ਬੀ.ਐਸ.ਐਫ ਦੇ ਡੀ.ਆਈ.ਜੀ ਟਿੱਕਾ ਰਾਮ ਮੀਨਾ, 169 ਬਟਾਲੀਅਨ ਦੇ ਕਮਾਡਰ ਪੀ.ਕੇ ਪੰਕਜ, 96 ਬਟਾਲੀਅਨ ਦੇ ਕਮਾਂਡਰ ਨਰੇਸ਼ ਕੁਮਾਰ, 181 ਬਟਾਲੀਅਨ ਦੇ ਕਮਾਂਡਰ ਮਯੰਕ ਦ੍ਰਿਵੇਦੀ, 118 ਬਟਾਲੀਅਨ ਦੇ ਕਮਾਂਡਰ ਰਣਬੀਰ ਸਿੰਘ, 181 ਬਟਾਲੀਅਨ ਦੇ ਡਿਪਟੀ ਕਮਾਂਡਰ ਸ਼ਤੀਸ ਦਈਆਂ ਤੋ ਇਲਾਵਾ ਆਸਫ ਵਾਲਾ ਸ਼ਹੀਦੀ ਸਮਾਰਕ ਕਮੇਟੀ ਦੇ ਪ੍ਰਧਾਨ ਸੰਦੀਪ ਗਲੋਤਰਾ, ਮੈਡਮ ਉਮਾ ਸ਼ਰਮਾਂ ਤੋਂ ਇਲਾਵਾ 1971 ਦੀ ਭਾਰਤ-ਪਾਕਿ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਥੇ ਬਣੀ ਸਮੂਹਿਕ ਸ਼ਹੀਦੀ ਯਾਦਗਾਰ 'ਤੇ ਸ਼ਹੀਦ ਜਵਾਨਾਂ ਨੂੰ ਨਤਮਸਤਕ ਹੁੰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਮਾਗਮ ਦੌਰਾਨ 1971 ਦੀ ਭਾਰਤ-ਪਾਕਿ ਜੰਗ ਦੌਰਾਨ ਇਥੇ ਮੌਜੂਦ ਰਹੇ ਰਿਟਾਇਡ ਕਰਨਲ ਯੂ.ਬੀ.ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਇਥੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਦੇਸ਼ ਤੋ ਕੌਮ ਲਈ ਮਹਾਨ ਦੱਸਿਆ। 

ਇਸ ਮੌਕੇ ਉਨ੍ਹਾਂ ਇਥੇ ਹੋਈ ਜੰਗ ਦੀਆਂ ਕਦੇ ਵੀ ਨਾ ਭੁੱਲਣ ਵਾਲੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਇਸ ਸਮਾਗਮ ਮੌਕੇ ਬੰਗਲੋਰ (ਮਦਰਾਸ) ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ  ਬਰਾਸ ਬੈਂਡ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਧੁੰਨਾ ਰਾਹੀਂ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਦੌਰਾਨ ਏ.ਵੀ.ਪਬਲਿਕ ਸਕੂਲ ਫਾਜ਼ਿਲਕਾ ਦੀ ਵਿਦਿਆਰਥਣ ਸ਼ੋਰੀਆ ਲੂਣਾਂ ਨੇ ਇਥੇ ਹੋਈ ਜੰਗ ਨਾਲ ਸਬੰਧਤ ਭਾਸ਼ਣ ਦੇ ਕੇ ਹੋਈ ਜੰਗ ਦੀ ਯਾਦ ਤਾਜ਼ਾ ਕਰਵਾਈ। ਸਰਵ-ਹਿਤਕਾਰੀ ਵਿਦਿਆ ਮੰਦਿਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਸਕਿੱਟ ਪੇਸ਼ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਿਖਲਾਈ ਸੈਂਟਰ ਫਤਿਹਗੜ੍ਹ (ਯੂ.ਪੀ) ਤੋਂ ਪਹੁੰਚੇ ਨੌਜਵਾਨਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਇਸ ਉਪਰੰਤ ਸਰਕਾਰੀ ਗਲਰਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ। ਇਸ ਯਾਦਗਾਰੀ ਸਮਾਗਮ ਦੇ ਅਖੀਰ ਵਿੱਚ ਆਸਫ ਵਾਲਾ ਸ਼ਹੀਦੀ ਸਮਾਰਕ ਕਮੇਟੀ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸਮੂਹ ਸਖਸੀਅਤਾਂ ਤੋਂ ਇਲਾਵਾਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾ  ਨੈਸ਼ਨਲ ਏਕਤਾ ਮੈਰਾਥਨ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਲੜਕੇ ਅਤੇ ਲੜਕੀਆਂ ਵੱਲੋਂ ਪੂਰੇ ਉਤਸਾਹ ਨਾਲ ਸਮੂਲੀਅਤ ਕੀਤੀ ਗਈ। ਇਸ ਮੌਕੇ ਕਾਗਰਸੀ ਆਗੂ ਸੁੱਖਵੰਤ ਸਿੰਘ ਬਰਾੜ ਖਿੱਪਾ ਵਾਲੀ,  ਸ. ਗੁਰਪ੍ਰੀਤ ਲਵਲੀ ਕਾਠਪਾਲ ਤੋਂ ਇਲਾਵਾ ਬੀ.ਐਸ.ਐਫ, ਭਾਰਤੀ ਸੈਨਾ ਦੇ ਜਵਾਨ ਤੇ ਸੇਵਾ ਮੁਕਤ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।