5 Dariya News

ਜੁਇੰਟ ਰਜਿਸਟਰਾਰ ਜਨਮ ਤੇ ਮੌਤ ਵੱਲੋਂ ਸਿਵਲ ਹਸਪਤਾਲ ਦਾ ਨਿਰੀਖਣ

ਹਰੇਕ ਸਰਕਾਰੀ ਹਸਪਤਾਲ ਵਿਚੋਂ ਮੌਕੇ 'ਤੇ ਮਿਲੇ ਜਨਮ ਤੇ ਮੌਤ ਸਰਟੀਫਿਕੇਟ

5 Dariya News

ਅੰਮ੍ਰਿਤਸਰ 15-Dec-2018

ਡਾਇਰੈਕਟਰ ਜਨਗਣਨਾ ਪੰਜਾਬ ਕਮ ਜੁਇੰਟ ਰਜਿਸਟਰਾਰ ਜਨਮ ਤੇ ਮੌਤ ਭਾਰਤ ਸਰਕਾਰ, ਸ੍ਰੀ ਅਭਿਸ਼ੇਕ ਜੈਨ (ਆਈ ਏ ਐਸ) ਨੇ ਸਿਵਲ ਹਸਪਤਾਲ ਅੰਮ੍ਰਿਤਸਰ ਤੇ ਸਿਵਲ ਸਰਜਨ ਦਫਤਰ ਵਿਚ ਹੁੰਦੀ ਜਨਮ ਤੇ ਮੌਤ ਰਜਿਸਟਰੇਸ਼ਨ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸਪੱਸ਼ਟ ਕੀਤਾ ਕਿ ਹਰੇਕ ਜਨਮ ਤੇ ਮੌਤ ਦਰਜ ਕਰਨੀ ਕਾਨੂੰਨੀ ਤੌਰ 'ਤੇ ਲਾਜ਼ਮੀ ਹੈ ਅਤੇ ਇਸ ਡੈਟੇ ਨਾਲ ਹੀ ਦੇਸ਼ ਵਿਚ ਸਿਹਤ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ।ਉਨਾਂ ਸਪੱਸ਼ਟ ਕੀਤਾ ਕਿ ਸਰਕਾਰੀ ਹਸਪਤਾਲ ਵਿਚ ਜਨਮ ਜਾਂ ਮੌਤ ਹੋਣ 'ਤੇ ਤੁਰੰਤ ਉਸਦੇ ਪਰਿਵਾਰ ਨੂੰ ਮੌਕੇ 'ਤੇ ਸਰਟੀਫਿਕੇਟ ਦਿੱਤਾ ਜਾਵੇ ਅਤੇ ਇਸ ਵਿਚ ਕਿਸੇ ਤਰਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।  ਉਨਾਂ ਦੱਸਿਆ ਕਿ ਹਰੇਕ ਵਿਅਕਤੀ, ਹਸਤਪਾਲ, ਅਦਾਰੇ ਅਤੇ ਸੰਸਥਾ ਲਈ ਜਨਮ ਤੇ ਮੌਤ ਦਰ ਦਰਜ ਕਰਵਾਉਣੀ ਕਾਨੂੰਨ ਅਨੁਸਾਰ ਲਾਜ਼ਮੀ ਹੈ ਅਤੇ ਅਜਿਹਾ ਨਾ ਕਰਨ 'ਤੇ ਉਸ ਵਿਅਕਤੀ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਸ੍ਰੀ ਜੈਨ ਨੇ ਦੱਸਿਆ ਕਿ ਘਰ ਦੇ ਮਾਲਕ, ਸਰਕਾਰੀ ਤੇ ਨਿੱਜੀ ਹਸਪਤਾਲ ਦੇ ਇੰਚਾਰਜ, ਹੋਸਟਲ ਤੇ ਹੋਟਲ ਦੇ ਮੈਨੇਜਰ, ਪਿੰਡ ਦੇ ਨੰਬਰਦਾਰ ਆਦਿ ਦੀ ਕਾਨੂੰਨ ਅਨੁਸਾਰ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਅਧਿਕਾਰੀ ਖੇਤਰ ਵਿਚ ਹੁੰਦੇ ਹਰੇਕ ਜਨਮ ਤੇ ਮੌਤ ਨੂੰ ਦਰਜ ਕਰਵਾਉਣ।ਜਨਮ ਸਰਟੀਫਿਕੇਟ ਵਿਚ ਬੱਚੇ ਦਾ ਨਾਮ ਬਦਲਣ ਜਾਂ ਸੋਧਣ ਬਾਬਤ ਬੋਲਦੇ ਸ੍ਰੀ ਜੈਨ ਨੇ ਕਿਹਾ ਕਿ ਨਾਮ ਵਿਚ ਸੋਧ ਅਕਸਰ ਉਰਫ਼ ਕਰਕੇ ਕਰ ਦਿੱਤੀ ਜਾਂਦੀ ਹੈ, ਪਰ ਪਾਸਪੋਰਟ ਜਾਂ ਕਈ ਹੋਰ ਲੋੜਾਂ ਵਿਚ ਉਰਫ਼ ਨਹੀਂ ਚੱਲਦਾ। ਇਸ ਲਈ ਜ਼ਰੂਰੀ ਹੈ ਕਿ ਸਬੰਧਤ ਰਜਿਸਟਰਾਰ ਆਪਣੀ ਸੰਤਸ਼ੁਟੀ, ਜਿਸ ਵਿਚ ਅਖਬਾਰਾਂ ਦੇ ਇਸ਼ਤਹਾਰ, ਗਵਾਹੀ, ਹਲਫੀਆ ਬਿਆਨ ਆਦਿ ਹੋ ਸਕਦੇ ਹਨ, ਤੋਂ ਕਰਕੇ ਸਰਟੀਫਿਕੇਟ ਉਪਰ ਨਾਮ ਦੀ ਸੋਧ ਕਰ ਸਕਦਾ ਹੈ।ਸਿਵਲ ਹਸਪਤਾਲ ਦਾ ਰਿਕਾਰਡ ਬਾਬਤ ਬੋਲਦੇ ਉਨਾਂ ਦੱਸਿਆ ਕਿ ਸਾਰੇ ਹਸਪਤਾਲਾਂ ਵਾਂਗ ਇੰਨਾ ਦਾ ਰਿਕਾਰਡ ਵੀ ਕੰਪਿਊਟਰੀਕ੍ਰਿਤ ਹੋ ਚੁੱਕਾ ਹੈ ਅਤੇ ਅੱਜ ਤੱਕ ਹਸਪਤਾਲ ਵਿਚ ਜਨਵਰੀ 2018 ਤੋਂ ਲੈ ਕੇ 2303 ਜਨਮ ਹੋਏ ਹਨ ਅਤੇ 21 ਮੌਤਾਂ ਦਰਜ ਕੀਤੀਆਂ ਗਈਆਂ ਹਨ। ਉਨਾਂ ਨਾਲ ਇਸ ਮੌਕੇ ਸਿਵਲ ਸਰਜਨ ਸ੍ਰੀ ਹਰਦੀਪ ਸਿੰਘ ਘਈ, ਐਸ ਐਮ ਓ ਡਾ. ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।