5 Dariya News

19 ਤੱਕ ਭਰੇ ਜਾ ਸਕਦੇ ਨੇ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ

ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਵਕ ਕਰਵਾਈਆਂ ਜਾਣਗੀਆਂ ਚੋਣਾਂ : ਡਿਪਟੀ ਕਮਿਸ਼ਨਰ

5 Dariya News

ਹੁਸ਼ਿਆਰਪੁਰ 15-Dec-2018

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ 19 ਦਸੰਬਰ ਤੱਕ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ 15 ਤੋਂ 19 ਦਸੰਬਰ ਤੱਕ ਸਬੰਧਤ ਰਿਟਰਨਿੰਗ ਅਫਸਰ ਕੋਲ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 20 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ, ਜਦਕਿ 21 ਦਸੰਬਰ ਨੂੰ ਨਾਮਜ਼ਦਗੀ ਪੇਪਰ ਵਾਪਸ ਲਏ ਜਾ ਸਕਦੇ ਹਨ ਅਤੇ ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਇਸੇ ਦਿਨ ਵੋਟਾਂ ਦਾ ਅਮਲ ਮੁਕੰਮਲ ਹੋਣ 'ਤੇ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਉਮੀਦਵਾਰ ਵਲੋਂ ਕੀਤੇ ਜਾਣ ਵਾਲੇ ਖਰਚੇ ਦੀ ਹੱਦ ਸਰਪੰਚ ਲਈ 30 ਹਜ਼ਾਰ ਰੁਪਏ, ਜਦਕਿ ਪੰਚ ਲਈ 20 ਹਜ਼ਾਰ ਰੁਪਏ ਮਿਥੀ ਗਈ ਹੈ। ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ 10 ਬਲਾਕਾਂ ਵਿਚ 1405 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਕੀਤੀ ਜਾਵੇਗੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਈਆਂ ਜਾਣਗੀਆਂ। 

ਉਨ੍ਹਾਂ ਦੱਸਿਆ ਕਿ ਚੋਣਾਂ ਦਾ ਅਮਲ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਵਿਚ 211 ਰਿਟਰਨਿੰਗ ਅਤੇ 211 ਹੀ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1405 ਸਰਪੰਚਾਂ ਦੀ ਚੋਣ ਕੀਤੀ ਜਾ ਰਹੀ ਹੈ, ਜਿਸ ਤਹਿਤ ਬਲਾਕ ਗੜ੍ਹਸ਼ੰਕਰ ਵਿਚ 145, ਮਾਹਿਲਪੁਰ 149, ਹੁਸ਼ਿਆਰੁਪੁਰ-1 ਵਿਚ 189, ਹੁਸ਼ਿਆਰਪੁਰ-2 ਵਿਚ 120, ਭੂੰਗਾ 181, ਟਾਂਡਾ 118, ਦਸੂਹਾ 155, ਮੁਕੇਰੀਆਂ 140, ਹਾਜੀਪੁਰ 102 ਅਤੇ ਤਲਵਾੜਾ ਬਲਾਕ ਵਿਚ 106 ਸਰਪੰਚ ਚੁਣੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹੇ ਦੇ 8041 ਵਾਰਡਾਂ ਵਿਚ ਪੰਚਾਂ ਦੀ ਚੋਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ  ਬਲਾਕ ਗੜ੍ਹਸ਼ੰਕਰ ਵਿਚ 881, ਮਾਹਿਲਪੁਰ 881, ਹੁਸ਼ਿਆਰੁਪੁਰ-1 ਵਿਚ 1063, ਹੁਸ਼ਿਆਰਪੁਰ-2 ਵਿਚ 770, ਭੂੰਗਾ 987, ਟਾਂਡਾ 700, ਦਸੂਹਾ 845, ਮੁਕੇਰੀਆਂ 784, ਹਾਜੀਪੁਰ 566 ਅਤੇ ਤਲਵਾੜਾ ਬਲਾਕ ਵਿਚ 564 ਪੰਚ ਚੁਣੇ ਜਾਣਗੇ। ਸ਼੍ਰੀਮਤੀ ਈਸ਼ਾ ਕਾਲੀਆ ਜਿੱਥੇ ਨਿਯੁਕਤ ਚੋਣ ਅਮਲੇ ਨੂੰ ਪੂਰੀ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਚੋਣ ਪ੍ਰਕਿਰਿਆ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ, ਉਥੇ ਸਮੂਹ ਵੋਟਰਾਂ ਨੂੰ ਵੱਧ ਚੜ੍ਹ ਕੇ ਬਿਨ੍ਹਾਂ ਕਿਸੇ ਡਰ ਅਤੇ ਭੈਅ ਦੇ ਵੋਟ ਪਾਉਣ ਦੀ ਅਪੀਲ ਕੀਤੀ।