5 Dariya News

ਜ਼ਿਲ੍ਹਾ ਲੁਧਿਆਣਾ ਦੇ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਲਈ ਖਾਕਾ ਤਿਆਰ

ਪੌਦੇ ਲਗਾਉਣ ਅਤੇ ਇਨ੍ਹਾਂ ਦੀ ਸੰਭਾਲ ਲਈ ਲੋਕ ਸਹਿਯੋਗ ਕਰਨ- ਡਿਪਟੀ ਕਮਿਸ਼ਨਰ

5 Dariya News

ਲੁਧਿਆਣਾ 15-Dec-2018

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਜ਼ਿਲ੍ਹਾ ਲੁਧਿਆਣਾ ਦਾ ਬਕਾਇਦਾ ਖਾਕਾ ਤਿਆਰ ਕਰ ਲਿਆ ਗਿਆ ਹੈ। ਪੌਦੇ ਲਗਾਉਣ ਲਈ ਢੁੱਕਵੀਂ ਜਗ੍ਹਾਂ ਦੀ ਭਾਲ ਤੋਂ ਲੈ ਕੇ ਪੌਦਿਆਂ ਦੀ ਲੋੜੀਂਦੀ ਸੰਭਾਲ ਤੱਕ ਦੀ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਇਸ ਕਮੇਟੀ ਦੀ ਸੁਪਰਵੀਜ਼ਨ ਦੀ ਜਿੰਮੇਵਾਰੀ ਵਧੀਕ ਡਿਪਟੀ ਕਮਿਸ਼ਨਰ (ਵ) ਅਤੇ ਡਵੀਜ਼ਨਲ ਜੰਗਲਾਤ ਅਫ਼ਸਰ ਦੀ ਲਗਾਈ ਗਈ ਹੈ। ਇਸ ਸੰਬੰਧੀ ਬੁਲਾਈ ਵਿਸ਼ੇਸ਼ ਬੈਠਕ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਵਿੱਚ ਸਾਰੇ ਐੱਸ. ਡੀ. ਐੱਮਜ਼, ਸਹਾਇਕ ਆਬਕਾਰੀ ਅਤੇ ਕਰ ਅਫ਼ਸਰ-2 ਲੁਧਿਆਣਾ, ਭੂਮੀ ਅਧਿਗ੍ਰਹਿਣ ਕੁਲੈਕਟਰ ਨਗਰ ਸੁਧਾਰ ਟਰੱਸਟ ਲੁਧਿਆਣਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਅਸਟੇਟ ਅਫ਼ਸਰ ਗਲਾਡਾ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਜ਼ਿਲ੍ਹਾ ਸੂਚਨਾ ਅਫ਼ਸਰ, ਸਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਬਲਾਕ ਪੱਧਰੀ ਵਣ ਅਫ਼ਸਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ 941 ਪਿੰਡਾਂ ਲਈ ਇੱਕ-ਇੱਕ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਅਗਰਵਾਲ ਨੇ ਦੱਸਿਆ ਕਿ ਇਸ ਕੰਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਲੇ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕੀਤਾ ਜਾਣਾ ਹੈ। 

ਹਰੇਕ ਕੰਮ ਨੂੰ ਪੜਾਅ ਵਾਰ ਮੁਕੰਮਲ ਕਰਨ ਲਈ ਬਕਾਇਦਾ ਸਮਾਂ ਸੀਮਾ ਤੈਅ ਕਰ ਦਿੱਤੀ ਗਈ ਹੈ। ਜਿਸ ਤਹਿਤ ਪੌਦਿਆਂ ਲਈ ਢੁੱਕਵੀਂ ਜਗ੍ਹਾਂ ਦੀ ਪਛਾਣ 30 ਦਸੰਬਰ ਤੱਕ, ਪੌਦਿਆਂ ਦੀ ਕਿਸਮ ਦੀ ਚੋਣ 15 ਜਨਵਰੀ 2019 ਤੱਕ, ਪੰਚਾਇਤੀ ਮਤੇ ਪਾਸ ਕਰਾਉਣੇ 31 ਜਨਵਰੀ ਤੱਕ, ਪ੍ਰੋਜੈਕਟ ਪਲਾਨ ਤਿਆਰ ਕਰਨਾ 5 ਫਰਵਰੀ ਤੱਕ, ਪ੍ਰਸਾਸ਼ਨਿਕ ਪ੍ਰਵਾਨਗੀ 15 ਫਰਵਰੀ ਤੱਕ, ਨਰਸਰੀਆਂ ਵਿੱਚ ਪੌਦੇ ਤਿਆਰ ਕਰਨ ਸੰਬੰਧੀ ਕਾਰਵਾਈ 30 ਅਪ੍ਰੈੱਲ ਤੱਕ, ਪੌਦੇ ਲਗਾਉਣ ਲਈ ਜਗ੍ਹਾਂ ਤਿਆਰ ਕਰਨੀ 28 ਫਰਵਰੀ ਤੋਂ 30 ਅਪ੍ਰੈੱਲ ਤੱਕ, ਪੌਦੇ ਲਗਾਉਣੇ 1 ਜੁਲਾਈ ਤੋਂ 30 ਸਤੰਬਰ 2019 ਤੱਕ ਯਕੀਨੀ ਬਣਾਏ ਜਾਣਗੇ। ਪੌਦਿਆਂ ਦੇ ਰੱਖ ਰਖਾਵ ਅਤੇ ਸੁਰੱਖਿਆ ਦੇ ਪ੍ਰਬੰਧਾਂ ਦੀ ਹੇਠਲੇ ਪੱਧਰ 'ਤੇ ਨਿਗਰਾਨੀ 30 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਸ੍ਰੀ ਅਗਰਵਾਲ ਨੇ ਕਿਹਾ ਕਿ ਇਸ ਲਹਿਰ ਨਾਲ ਆਮ ਲੋਕਾਂ ਨੂੰ ਜੋੜਨ ਲਈ ਜ਼ਿਲ੍ਹਾ ਪ੍ਰਸਾਸ਼ਨ ਦੀ ਵੈੱਬਸਾਈਟ www.ludhiana.gov.in 'ਤੇ ਵੱਖਰਾ ਪੇਜ਼ ਬਣਾ ਕੇ ਲੋਕਾਂ ਨੂੰ ਪੌਦਿਆਂ ਨਾਲ ਸੈਲਫੀਆਂ ਭੇਜਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜੋ ਪਿੰਡ ਪੌਦਿਆਂ ਦੇ ਰੱਖ ਰਖਾਵ ਵਿੱਚ ਪਹਿਲੇ 10 ਸਥਾਨਾਂ 'ਤੇ ਆਉਣਗੇ, ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦਾ ਪੂਰਨ ਸਹਿਯੋਗ ਕਰਨ, ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਇਸ ਵੱਡੇ ਅਤੇ ਪਰਉਪਕਾਰੀ ਕਾਰਜ ਵਿੱਚ ਸਫ਼ਲਤਾ ਨਹੀਂ ਮਿਲ ਸਕਦੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।