5 Dariya News

ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਦੇ ਮਾਹਿਰਾਂ ਵੱਲੋਂ ਗੋਭੀ ਸਰੋਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਗਈ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 15-Dec-2018

ਸਰ੍ਹੋਂ ਜਾਤੀ ਦੀਆਂ ਫ਼ਸਲਾਂ ਜਿਵੇਂ ਕਿ ਤੋਰੀਆ, ਗੋਭੀ ਸਰ੍ਹੋਂ ਅਤੇ ਤਾਰਾਮੀਰਾ ਦੀ ਕਾਸ਼ਤ ਪੰਜਾਬ ਵਿੱਚ ਲਗਭਗ 32 ਹਜ਼ਾਰ ਹੈਕਟੇਅਰ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚੋਂ ਗੋਭੀ ਸਰੋਂ ਅਤੇ ਤੋਰੀਆ ਸੇਂਜੂ ਹਾਲਤਾ ਵਿੱਚ ਅਤੇ ਤਾਰਾਮੀਰਾ ਦੀ ਕਾਸ਼ਤ ਬਰਾਨੀ ਹਾਲਤਾਂ ਵਿੱਚ ਕੀਤੀ ਜਾਂਦੀ ਹੈ। ਇਹ ਜਾਣਕਾਰੀ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਕੇਂਦਰ ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਮਨੋਜ ਸ਼ਰਮਾ ਨੇ ਕਿਸਾਨ ਵੀਰਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਗੋਭੀ ਸਰੋਂ ਦੀ ਕਿਸਮ ਜੀ ਐਸ ਸੀ 7 ਕਨੋਲਾ ਦੇ ਗੁਣ ਅੰਤਰਾਸ਼ਟਰੀ ਪੱਧਰ ’ਤੇ ਵੀ ਜਾਣੇ ਜਾਂਦੇ ਹਨ। ਕਨੋਲਾ ਕਿਸਮ ਦੀ ਸਰੋਂ ਜੀ ਐਸ ਸੀ 7 ਦੇ ਤੇਲ ਦੇ ਗੁਣਾਂ ਦਾ ਵਰਨਣ ਕਰਦਿਆਂ ਡਾ. ਸ਼ਰਮਾ ਨੇ ਦੱਸਿਆ ਕਿ ਇਸ ਕਿਸਮ ਦੇ ਤੇਲ ਵਿੱਚ ਹਾਨੀਕਾਰਕ ਤੱਤ ਬਿਲਕੁਲ ਨਹੀ ਹੁੰਦੇ ਹਨ, ਦਿਲ ਦੀਆਂ ਨਾੜੀਆਂ ਨੂੰ ਮਜ਼ਬੂਤੀ ਦੇਣ ਵਾਲੇ ਤੱਤ ਦੂਜੇ ਤੇਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੁੰਦੇ ਹਨ, ਜਿਸ ਕਾਰਨ ਇਸ ਕਿਸਮ ਦੀ ਗੋਭੀ ਸਰੋਂ ਦੀ ਕਾਸ਼ਤ ਵੱਲ ਕਿਸਾਨ ਵੀਰ ਬਹੁਤ ਰੁਚੀ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਿਸਮ ਲੱਗਭਗ 9 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਝਾੜ ਦਿੰਦੀ ਹੈ ਅਤੇ ਮੰਡੀ ਵਿੱਚ ਇਸ ਦਾ ਵਧੀਆ ਮੁੱਲ ਮਿਲਣ ਕਰਕੇ ਕਿਸਾਨ ਵੀਰਾਂ ਲਈ ਕਾਫ਼ੀ ਮੁਨਾਫ਼ਾ ਭਰਪੂਰ ਫਸਲ ਗਿਣੀ ਜਾਂਦੀ ਹੈ। ਕੇ ਵੀ ਕੇ ਦੇ ਫ਼ਸਲ ਵਿਗਿਆਨੀ ਡਾ. ਮਨਪ੍ਰੀਤ ਜੈਦਕਾ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀ ਐਸ ਸੀ 7 ਗੋਭੀ ਸਰ੍ਹੋਂ ਦੀ ਇਕ ਦਰਮਿਆਨੇ ਕੱਦ ਵਾਲੀ ਕਨੋਲਾ ਕਿਸਮ ਹੈ ਜਿਸ ਨੂੰ ਚਿੱਟੀ ਕੁੰਗੀ ਦਾ ਰੋਗ ਨਹੀਂ ਲੱਗਦਾ ਅਤੇ ਝੁਲਸ ਰੋਗ ਘੱਟ ਲਗਦਾ ਹੈ। 

ਇਸ ਦੇ ਬੀਜ ਚਮਕੀਲੇ ਅਤੇ ਕਾਲੇ ਭੂਰੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਝਾੜ 8.9 ਕੁਇੰਟਲ ਪ੍ਰਤੀ ਏਕੜ ਹੈ। ਇਸ ਵਿੱਚ ਤੇਲ ਦੀ ਮਾਤਰਾ 40.5 ਪ੍ਰਤੀਸ਼ਤ ਹੈ। ਇਹ 154 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਬਿਜਾਈ 10 ਤੋਂ 30 ਅਕਤੂਬਰ ਤੱਕ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਿਸਮ ਨੂੰ ਪਨੀਰੀ ਵਿਧੀ ਰਾਹੀ ਵੀ ਲਗਾਇਆ ਜਾ ਸਕਦਾ ਹੈ ਜੋ ਕਿ ਨਵੰਬਰ ਤੋਂ ਅੱਧ ਦਸੰਬਰ ਤੱਕ ਵੀ ਖੇਤ ਵਿੱਚ ਲਗਾਈ ਜਾ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੋਭੀ ਸਰੋਂ ਦੀ ਬਿਜਾਈ ਬਿਨਾਂ ਵਹਾਈ ਤੋਂ ਜ਼ੀਰੋ ਟਿਲ ਡਰਿਲ ਨਾਲ ਵੀ ਕੀਤੀ ਜਾ ਸਕਦੀ ਹੈ। ਕੇ ਵੀ ਕੇ ਦੇ ਪੌਦਾ ਰੋਗ ਮਾਹਰ ਡਾ. ਬਲਜੀਤ ਸਿੰਘ ਨੇ ਗੋਭੀ ਸਰੋਂ ਦੀ ਫਸਲ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਫਸਲ ਵਿੱਚ ਵਾਲਾਂ ਵਾਲੀ ਸੁੰਡੀ ੳਤੇ ਚੇਪੇ ਦਾ ਹਮਲਾ ਹੋ ਸਕਦਾ ਹੈ ਜਿਸ ਦੀ ਰੋਕਥਾਮ ਮਾਹਰਾਂ ਦੀ ਸਲਕਾਹ ਨਾਲ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਫਸਲ ਦੀ ਬਿਜਾਈ ਅਗੇਤੀ ਕੀਤੀ ਜਾਵੇ ਅਤੇ ਖਾਦਾਂ ਵੀ ਨਿਰਧਾਰਤ ਮਾਤਰਾ ਵਿੱਚ ਪਾਈਆਂ ਜਾਣ ਤਾਂ ਫਸਲ ਨੂੰ ਬਿਮਾਰੀ ਬਹੁਤ ਘੱਟ ਲਗਦੀ ਹੈ।