5 Dariya News

ਪੰਚਾਇਤੀ ਚੋਣਾਂ ਲਈ 15 ਦਸੰਬਰ ਤੋਂ ਭਰੇ ਜਾਣਗੇ ਨਾਮਜ਼ਦਗੀ ਪੱਤਰ : ਅਪਨੀਤ ਰਿਆਤ

ਜ਼ਿਲ੍ਹੇ ਵਿੱਚ ਚੋਣਾਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, 75 ਫ਼ੀਸਦੀ ਪੁਲਿਸ ਹੋਵੇਗੀ ਤੈਨਾਤ: ਐਸ.ਐਸ.ਪੀ.

5 Dariya News

ਮਾਨਸਾ 14-Dec-2018

ਜ਼ਿਲ੍ਹਾ ਮਾਨਸਾ ਵਿੱਚ 245 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦਾ ਕੰਮ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਮਾਨਸਾ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਬੈਲਟ ਪੇਪਰਾਂ ਰਾਹੀਂ ਹੋਣ ਵਾਲੀਆਂ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ 15 ਦਸੰਬਰ, 2018 ਤੋਂ ਸ਼ੁਰੂ ਹੋਵੇਗੀ ਅਤੇ 19 ਦਸੰਬਰ ਤੱਕ ਨਾਮਜ਼ਦਗੀ ਪੇਪਰ ਲਏ ਜਾਣਗੇ, 20 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 21 ਦਸੰਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 21 ਦਸੰਬਰ ਨੂੰ ਦੁਪਹਿਰ 3:00 ਵਜੇ ਤੋਂ ਬਾਅਦ ਸਬੰਧਤ ਰਿਟਰਨਿੰਗ ਅਫ਼ਸਰ ਵੱਲੋਂ ਸਬੰਧਤ ਉਮੀਦਵਾਰ ਨੂੰ ਨਿਯਮਾਂ ਅਨੁਸਾਰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।ਡਿਪਟੀ  ਕਮਿਸ਼ਨਰ ਨੇ ਦੱਸਿਆ ਕਿ ਨਾਮਜ਼ਦਗੀ ਕਾਗ਼ਜ਼ ਪ੍ਰਾਪਤ ਕਰਨ ਲਈ 27 ਰਿਟਰਨਿੰਗ ਅਫ਼ਸਰ ਅਤੇ 27 ਸਹਾਇਕ ਰਿਟਰਨਿੰਗ ਅਫ਼ਸਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 5 ਬਲਾਕਾਂ ਵਿੱਚ ਬਲਾਕ ਮਾਨਸਾ, ਭੀਖੀ, ਝੁਨੀਰ, ਸਰਦੂਲਗੜ੍ਹ ਲਈ ਸਬੰਧਤ ਬੀ.ਡੀ.ਪੀ.ਓ. ਦਫ਼ਤਰਾਂ ਵਿਖੇ ਨਾਮਜ਼ਦਗੀ ਪੱਤਰ ਲਏ ਜਾਣਗੇ ਅਤੇ ਬਲਾਕ ਬੁਢਲਾਡਾ ਲਈ ਬੀ.ਡੀ.ਪੀ.ਓ. ਦਫ਼ਤਰ ਬੁਢਲਾਡਾ ਸਮੇਤ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਬੁਢਲਾਡਾ ਵਿਖੇ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ। ਚੋਣ ਅਮਲ ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਸਿਰੇ ਚੜ੍ਹਾਉਣ ਸਬੰਧੀ ਦਿਸ਼ਾ-ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਥੇ ਹਰ ਯੋਗ ਵੋਟਰ ਵੱਲੋਂ ਵੋਟ ਦਾ ਭੁਗਤਾਨ ਯਕੀਨੀ ਬਣਾਇਆ ਜਾਵੇ, ਉਥੇ ਸ਼ਰਾਰਤੀ ਅਨਸਰਾਂ ਨੂੰ ਹਰ ਹੀਲੇ ਠੱਲ੍ਹ ਪਾਈ ਜਾਵੇ। ਉਨ੍ਹਾਂ ਬਲਾਕਾਂ ਦੇ ਨੋਡਲ ਅਫ਼ਸਰਾਂ ਅਤੇ ਉਨ੍ਹਾਂ ਅਧੀਨ ਸਮੂਹ ਚੋਣ ਅਮਲੇ ਨੂੰ ਵੋਟ ਪ੍ਰਕਿਰਿਆ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੈੱਕ ਲਿਸਟ ਤਿਆਰ ਕਰਨ ਅਤੇ ਉਸ ਮੁਤਾਬਕ ਕੰਮ ਕਰਨ ਲਈ ਵੀ ਕਿਹਾ। ਉਨ੍ਹਾਂ ਖ਼ਾਸ ਤੌਰ 'ਤੇ ਕਿਹਾ ਕਿ ਉਮੀਦਵਾਰਾਂ ਦੇ ਖ਼ਰਚੇ ਸਬੰਧੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।ਇਸ ਦੌਰਾਨ ਮਾਨਸਾ ਦੇ ਐਸ.ਐਸ.ਪੀ. ਸ੍ਰੀ ਮਨਧੀਰ ਸਿੰਘ ਨੇ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਚੋਣਾ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

ਉਨ੍ਹਾਂ ਉਚੇਚੇ ਤੌਰ 'ਤੇ ਦੱਸਿਆ ਕਿ ਵੋਟ ਅਮਲ ਸ਼ਾਂਤਮਈ ਢੰਗ ਨਾਲ ਸਿਰੇ ਚਾੜ੍ਹਨ ਲਈ ਜ਼ਿਲ੍ਹੇ ਦੀ ਕੁੱਲ ਪੁਲਿਸ ਫ਼ੋਰਸ ਦੇ 75 ਫ਼ੀਸਦੀ ਮੁਲਾਜ਼ਮ ਚੋਣ ਡਿਊਟੀ ਲਈ ਤੈਨਾਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੂੰ ਨਿਯਮਾਂ ਮੁਤਾਬਕ ਚੋਣ ਅਮਲ ਲਈ 2368 ਪੁਲਿਸ ਮੁਲਾਜ਼ਮਾਂ ਦੀ ਲੋੜ ਪਵੇਗੀ ਅਤੇ 982 ਵਾਧੂ ਪੁਲਿਸ ਮੁਲਾਜ਼ਮ ਭੇਜਣ ਦੀ ਹੋਰ ਮੰਗ ਕੀਤੀ ਗਈ ਹੈ। ਐਸ.ਐਸ.ਪੀ. ਨੇ ਦੱਸਿਆ ਕਿ 275 ਥਾਵਾਂ 'ਤੇ ਬਣਾਏ ਗਏ ਜ਼ਿਲ੍ਹੇ ਦੇ ਕੁੱਲ 547 ਪੋਲਿੰਗ ਬੂਥਾਂ ਵਿੱਚੋਂ ਗ਼ੈਰ ਸੰਵੇਦਨਸ਼ੀਲ, ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਨ੍ਹਾਂ ਥਾਵਾਂ 'ਤੇ 1294 ਪੁਲਿਸ ਅਧਿਕਾਰੀ/ਮੁਲਾਜ਼ਮ ਤੈਨਾਤ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਪੁਲਿਸ ਇੰਤਜ਼ਾਮਾਂ ਤਹਿਤ ਹਰਿਆਣਾ ਨਾਲ ਲਗਦੀ ਸਰਹੱਦ ਲਈ 25 ਅੰਤਰ-ਰਾਜੀ ਸਰਹੱਦੀ ਨਾਕੇ ਅਤੇ 7 ਅੰਤਰ-ਜ਼ਿਲ੍ਹਾ ਨਾਕੇ ਲਗਾਏ ਜਾਣਗੇ। ਇਸ ਤੋਂ ਇਲਾਵਾ 37 ਪੈਟਰੌਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ, ਜੋ ਚੋਣਾਂ ਦੌਰਾਨ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣਗੀਆਂ ਅਤੇ 10-15 ਮਿੰਟ ਵਿੱਚ ਜ਼ਿਲ੍ਹੇ ਵਿੱਚ ਕਿਸੇ ਵੀ ਥਾਂ ਪਹੁੰਚ ਸਕਣਗੀਆਂ। ਉਨ੍ਹਾਂ ਕਿਹਾ ਕਿ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਚੋਣਾਂ ਕਰਵਾਉਣ ਲਈ ਬਲਾਕਵਾਰ 5 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਮਾਨਸਾ ਲਈ ਐਸ.ਡੀ.ਐਮ. ਮਾਨਸਾ, ਸਰਦੂਲਗੜ੍ਹ ਲਈ ਐਸ.ਡੀ.ਐਮ. ਸਰਦੂਲਗੜ੍ਹ ਅਤੇ ਬਲਾਕ ਬੁਢਲਾਡਾ ਲਈ ਐਸ.ਡੀ.ਐਮ. ਸਰਦੂਲਗੜ੍ਹ, ਬਲਾਕ ਭੀਖੀ ਲਈ ਸਹਾਇਕ ਕਮਿਸ਼ਨਰ (ਜ) ਮਾਨਸਾ ਅਤੇ ਬਲਾਕ ਝੁਨੀਰ ਲਈ ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਚੋਣਾਂ ਦੌਰਾਨ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ੍ਰੀ ਦਿਨੇਸ਼ ਕੁਮਾਰ ਵਸ਼ਿਸਟ ਡੀ.ਡੀ.ਪੀ.ਓ. ਮਾਨਸਾ ਨੂੰ ਸ਼ਿਕਾਇਤ ਸੈੱਲ ਦਾ ਮੁਖੀ ਲਾਇਆ ਗਿਆ ਹੈ ਜਦਕਿ ਉਮੀਦਵਾਰਾਂ ਵੱਲੋਂ ਕੀਤੇ ਗਏ ਖ਼ਰਚੇ ਦਾ ਹਿਸਾਬ-ਕਿਤਾਬ ਜ਼ਿਲ੍ਹਾ ਫ਼ੂਡ ਸਪਲਾਈ ਕੰਟਰੋਲਰ, ਮਾਨਸਾ ਦੇ ਸੈਕਸ਼ਨ ਅਫ਼ਸਰ ਸ੍ਰੀ ਅਸ਼ਵਨੀ ਕੁਮਾਰ ਰੱਖਣਗੇ।