5 Dariya News

ਪਟਿਆਲਾ ਜ਼ਿਲ੍ਹੇ ਦੇ ਅਧਿਆਪਕਾਂ ਨੇ ਦਿਖਾਏ ਖੇਡਾਂ ਦੇ ਟਰਾਇਲਾਂ ਵਿੱਚ ਜੌਹਰ

5 Dariya News

ਪਟਿਆਲਾ 14-Dec-2018

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ  ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿੱਖਿਆ ਵਿਭਾਗ ਵੱਲੋਂ 26  ਤੋਂ 28 ਦਸੰਬਰ ਤੱਕ ਲੁਧਿਆਣਾ ਵਿਖੇ ਅਧਿਆਪਕਾਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਪਟਿਆਲਾ ਜ਼ਿਲ੍ਹੇ ਦੇ ਟਰਾਇਲ ਅੱਜ ਪੋਲੋ ਗਰਾਊਂਡ ਵਿਖੇ ਕਰਵਾਏ ਗਏ, ਜਿਸ ਵਿੱਚ ਵੱਡੀ ਗਿਣਤੀ ਅਧਿਆਪਕਾਂ ਨੇ ਹਿੱਸਾ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆ ਏ.ਈ.ੳ. ਜਗਤਾਰ ਸਿੰਘ ਟਿਵਾਣਾ ਨੇ ਦੱਸਿਆ ਕਿ ਅੱਜ ਪਟਿਆਲਾ ਜ਼ਿਲ੍ਹੇ ਦੇ ਅਧਿਆਪਕਾਂ ਦੇ ਟਰਾਇਲ ਲਏ ਗਏ ਹਨ, ਇਨ੍ਹਾਂ ਵਿਚੋਂ ਚੁਣੇ ਗਏ ਅਧਿਆਪਕ ਲੁਧਿਆਣਾ ਵਿਖੇ ਹੋਣ ਵਾਲੀਆਂ ਖੇਡਾਂ ਵਿੱਚ ਭਾਗ ਲੈਣਗੇ।ਸ. ਜਗਤਾਰ ਸਿੰਘ ਟਿਵਾਣਾ ਨੇ ਦੱਸਿਆ ਕਿ ਅੱਜ ਵਾਲੀਬਾਲ, ਖੋ-ਖੋ, ਬਾਸਕਟਬਾਲ, ਬੈਡਮਿੰਟਨ, ਟੇਬਲਟੈਨਿਸ, ਚੈੱਸ, ਹੈਂਡਬਾਲ, ਫੁੱਟਬਾਲ, ਹਾਕੀ, ਰਸਾਕੱਸੀ, ਕਬੱਡੀ ਨੈਸ਼ਨਲ ਅਤੇ ਅਥਲੈਟਿਕਸ ਆਦਿ ਦੇ ਟਰਾਇਲ ਕਰਵਾਏ ਗਏ ਹਨ। ਜਿਹਨਾਂ ਵਿੱਚ ਅਧਿਆਪਕਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ ਅਤੇ ਆਪਣੀ-ਆਪਣੀ ਖੇਡਦੇ ਜੌਹਰ ਦਿਖਾਏ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਫੁੱਟਬਾਲ ਦੀ ਖੇਡ ਵਿੱਚ ਅਧਿਆਪਕਾਂ ਨੇ ਟਰਾਇਲ ਦਿੱਤੇ ਜਿਸ ਵਿੱਚ ਤਕਰੀਬਨ 75 ਦੇ ਕਰੀਬ ਅਧਿਆਪਕ ਸ਼ਾਮਲ ਹੋਏ ਅਤੇ ਵਾਲੀਬਾਲ ਦੀ ਖੇਡ ਵਿੱਚ 60 ਤੋਂ 55 ਅਧਿਆਪਕਾਂ ਨੇ ਟਰਾਇਲ ਦਿੱਤੇ। ਉਨ੍ਹਾਂ ਦੱਸਿਆ ਕਿ ਕਬੱਡੀ ਨੈਸ਼ਨਲ ਦੇ ਵਿੱਚ ਵੀ 50 ਦੇ ਕਰੀਬ ਅਧਿਆਪਕਾਂ ਨੇ ਟਰਾਇਲ ਦਿੱਤੇ। ਇਸ ਤੋਂ ਇਲਾਵਾ ਅਥਲੈਟਿਕਸ, ਹੈਂਡਬਾਲ ਅਤੇ ਕਬੱਡੀ ਵਿੱਚ ਵੀ ਅਧਿਆਪਕਾਂ ਨੇ ਆਪਣੀਆਂ ਖੇਡਾਂ ਦੇ ਜੌਹਰ ਦਿਖਾਏ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ. ਕੁਲਭੂਸ਼ਨ ਸਿੰਘ ਬਾਜਵਾ ਨੇ ਪੋਲੋ ਗਰਾਊਂਡ ਪਹੁੰਚਕੇ ਅਧਿਆਪਕਾਂ ਦੀ ਹੌਸਲਾ ਅਵਜਾਈ ਕੀਤੀ।ਇਸ ਮੌਕੇ ਕਈ ਸਕੂਲਾਂ ਦੇ ਪ੍ਰਿੰਸੀਪਲ ਅਤੇ ਵੱਡੀ ਗਿਣਤੀ ਅਧਿਆਪਕ ਹਾਜ਼ਰ ਸਨ।