5 Dariya News

ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਮਗੌਲੀ ਵਿਖੇ ਕਰਵਾਇਆ ਸੈਮੀਨਾਰ

5 Dariya News

ਡੇਰਾਬਸੀ 14-Dec-2018

ਵੱਖ-ਵੱਖ ਤਰ੍ਹਾਂ ਦੇ ਤੰਬਾਕੂ ਦੀ ਵਰਤੋਂ ਨਾਲ ਦੇਸ਼ ਭਰ ਵਿਚ ਹਰ ਸਾਲ ਲਗਭਗ ਲੱਖਾਂ ਮੌਤਾਂ ਹੁੰਦੀਆਂ ਹਨ ਜਦਕਿ ਦੁਨੀਆਂ ਭਰ ਵਿਚ ਇਹ ਗਿਣਤੀ ਇਸ ਤੋਂ ਕਈ ਗੁਣਾਂ ਵੱਧ ਹੈ। ਇਸ ਤੋਂ ਪਤਾ ਚਲਦਾ ਹੈ ਕਿ ਤੰਬਾਕੂ ਦੀ ਵਰਤੋਂ ਸਾਡੇ ਸਰੀਰ ਲਈ ਕਿੰਨੀ ਖ਼ਤਰਨਾਕ ਤੇ ਜਾਨਲੇਵਾ ਹੈ। ਇਹ ਗੱਲ  ਜ਼ਿਲ੍ਹਾ ਨੋਡਲ ਅਫ਼ਸਰ, ਤੰਬਾਕੂ ਰੋਕਥਾਮ ਵਿੰਗ, ਡਾ. ਆਰ.ਪੀ. ਸਿੰਘ ਨੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖੀ। ਉਹ ਡੇਰਾਬੱਸੀ ਬਲਾਕ ਦੇ ਪਿੰਡ ਸਮਗੌਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਏ ਗਏ ਤੰਬਾਕੂ ਰੋਕਥਾਮ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 2016-17 ਦੇ ਸਰਵੇ ਮੁਤਾਬਕ ਦੇਸ਼ ਵਿੱਚ ਬੱਚਿਆਂ ਅੰਦਰ ਤੰਬਾਕੂ ਜਿਵੇਂ ਸਿਗਰਟ, ਬੀੜੀ, ਜ਼ਰਦਾ, ਪਾਨ-ਮਸਾਲਾ ਆਦਿ ਦੀ ਵਰਤੋਂ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਹਰ ਰੋਜ਼ ਵੱਡੀ ਗਿਣਤੀ ਵਿੱਚ ਬੱਚੇ ਤੰਬਾਕੂ ਦੀ ਵਰਤੋਂ ਸ਼ੁਰੂ ਕਰਦੇ ਹਨ ਜਿਹੜੀ ਅੱਗੇ ਜਾ ਕੇ ਪੱਕੀ ਆਦਤ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇ ਨਸ਼ਿਆਂ ਦੇ ਮਾੜੇ ਅਸਰ ਬਾਰੇ ਵਿਦਿਆਰਥੀ ਜਾਗਰੂਕ ਹੋਣਗੇ ਤਾਂ ਉਹ ਨਸ਼ਾ ਕਰਨ ਵਾਲਿਆਂ ਨੂੰ ਪ੍ਰੇਰ ਕੇ ਉਨ੍ਹਾਂ ਦਾ ਨਸ਼ਾ ਛੁਡਾਉਣ ਵਿਚ ਅਹਿਮ ਰੋਲ ਨਿਭਾ ਸਕਦੇ ਹਨ। ਡਾ. ਆਰ.ਪੀ. ਸਿੰਘ ਨੇ ਬੱਚਿਆਂ ਨੂੰ ਸਮਝਾਉਂਦਿਆਂ ਕਿਹਾ ਕਿ ਤੰਬਾਕੂ ਕਾਰਨ ਗਲੇ, ਮੂੰਹ ਤੇ ਫੇਫੜਿਆਂ ਦਾ ਕੈਂਸਰ ਹੁੰਦਾ ਹੈ ਤੇ ਦਿਲ ਦੀਆਂ ਬੀਮਾਰੀਆਂ ਵੀ ਲਗਦੀਆਂ ਹਨ। ਇਸ ਲਈ ਹਰ ਬੱਚੇ ਨੂੰ ਤੰਬਾਕੂ ਤੋਂ ਹਰ ਹਾਲਤ ਵਿਚ ਦੂਰ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਵਿਰੋਧੀ ਕਾਨੂੰਨ ਤਹਿਤ ਸਕੂਲ ਦੀ ਬਾਹਰੀ ਕੰਧ ਦੇ 100 ਗਜ਼ ਦੂਰ ਤਕ ਦੇ ਘੇਰੇ ਵਿਚ ਕੋਈ ਵੀ ਵਿਅਕਤੀ ਤੰਬਾਕੂ ਪਦਾਰਥ ਨਹੀਂ ਵੇਚ ਸਕਦਾ ਤੇ ਨਾ ਹੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਪਦਾਰਥ ਵੇਚੇ ਜਾ ਸਕਦੇ ਹਨ। ਇਸ ਮੌਕੇ ਤੰਬਾਕੂ ਸਬੰਧੀ ਬੱਚਿਆਂ ਦੇ ਡਰਾਇੰਗ ਅਤੇ ਸਲੋਗਨ ਮੁਕਾਬਲੇ ਵੀ ਕਰਵਾਏ ਗਏ ਤੇ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਬੱਚਿਆਂ ਨੂੰ ਟਰਾਫ਼ੀਆਂ ਤੇ ਸਰਟੀਫ਼ੀਕੇਟ ਵੰਡੇ ਗਏ। ਸਮਾਗਮ ਵਿਚ ਡਾ. ਰੁਪਿੰਦਰ ਕੌਰ, ਸਕੂਲ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ, ਸਹਾਇਕ ਨੋਡਲ ਅਫ਼ਸਰ ਭੁਪਿੰਦਰ ਸਿੰਘ, ਰਾਜਿੰਦਰ ਸਿੰਘ, ਸਰਬਜੀਤ ਸਿੰਘ ਆਦਿ ਵੀ ਮੌਜੂਦ ਸਨ।