5 Dariya News

ਆਮ ਜਨਤਾ ਤੱਕ ਪਹੁੰਚੇ ਸਿਹਤ ਸਹੂਲਤਾਂ ਦਾ ਲਾਭ- ਮੁਹਮੰਦ ਤਇਅਬ

ਜਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਸੰਪੰਨ

5 Dariya News

ਕਪੂਰਥਲਾ 14-Dec-2018

ਪੰਜਾਬ ਸਰਕਾਰ ਵੱਲੋਂ ਜੋ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਦਾ ਲਾਭ ਆਮ ਜਨਤਾ ਤੱਕ ਪਹੁੰਚਣਾ ਚਾਹੀਦਾ ਹੈ। ਇਹ ਸ਼ਬਦ ਡਿਪਟੀ ਕਮਿਸ਼ਨਰ ਮੁਹਮੰਦ ਤਇਅਬ ਨੇ ਜਿਲਾ ਸਿਹਤ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿ ਸਵਾਈਨ ਫਲੂ ਦੇ ਮੱਦੇਨਜਰ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਏ ਤੇ ਪੂਰੀ ਤਿਆਰੀ ਰੱਖੀ ਜਾਏ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਬਲਾਈਂਡਨੈੱਸ ਪ੍ਰੋਗਰਾਮ ਦੇ ਤਹਿਤ ਸਾਰੇ ਸਕੂਲੀ ਵਿਦਿਆਰਥੀਆਂ ਦੀ ਅੱਖਾਂ ਦੀ ਨਜਰ ਦਾ ਟੈਸਟ ਸੁਨਿਸ਼ਚਿਤ ਕੀਤਾ ਜਾਏ। ਇਸ ਤੋਂ ਪਹਿਲਾਂ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ ਨੇ ਸਾਰਿਆਂ  ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਸਿਹਤ ਵਿਭਾਗ ਵੱਲੋਂ ਚਲਾਈਆਂ ਸਕੀਮਾਂ ਦਾ ਲਾਭ ਉਨ੍ਹਾਂ ਤੱਕ ਪਹੁੰਚੇ।ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ ਨੇ ਮਦਰ ਐਂਡ ਚਾਈਲਡ ਹੈਲਥ ਸਰਵਿਸੇਜ ਤੇ ਚਾਨਣਾ ਪਾਇਆ। ਉਨ੍ਹਾਂ ਗਰਭਵਤੀ ਮਹਿਲਾਵਾਂ ਵਾਸਤੇ ਚਲਾਈ ਸਿਹਤ ਸਕੀਮ ਜਨਨੀ ਸੁਰੱਖਿਆ ਯੋਜਨਾ ਤੇ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ ਬਾਰੇ ਵੀ ਦੱਸਿਆ। ਡਾ. ਗੁਰਮੀਤ ਕੌਰ ਦੁੱਗਲ ਨੇ ਇਹ ਵੀ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਦਾ ਉਦੇਸ਼ ਜੱਚਾ ਅਤੇ ਬੱਚਾ ਮੌਤ ਦਰ ਨੂੰ ਰੋਕਣਾ ਹੈ। ਇਹੀ ਨਹੀਂ ਹੋਮ ਡਲੀਵਰੀ ਰੋਕਣ ਅਤੇ ਸੰਸਥਾਗਤ ਜਣੇਪੇ ਨੂੰ ਵਧਾਵਾ ਦੇਣ ਲਈ ਸਿਹਤ ਵਿਭਾਗ ਵਚਨਬੱਧ ਹੈ।ਉਨ੍ਹਾਂ 21 ਨਵੰਬਰ ਤੋਂ 4 ਦਸੰਬਰ ਤੱਕ ਚਲਾਏ ਗਏ ਨਸਬੰਦੀ ਪਖਵਾੜੇ ਬਾਰੇ ਵੀ ਦੱਸਿਆ।  

ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਜਿਲੇ ਵਿੱਚ ਚੱਲ ਰਹੇ ਟੀਕਾਕਰਨ ਪ੍ਰੋਗਰਾਮ ਬਾਰੇ ਦੱਸਿਆ। ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਦੇ ਤਹਿਤ ਆਂਗਣਵਾੜੀਆਂ ਦੇ ਬੱਚਿਆਂ ਦੀ ਸਕਰੀਨਿੰਗ ਦੇ ਸੰਬੰਧ ਵਿੱਚ ਉਨ੍ਹਾਂ ਕਿਹਾ ਕਿ ਸਪੈਸ਼ਲ ਕੈਂਪ ਲਗਾ ਕੇ ਰਹਿ ਗਏ ਆਂਗਣਵਾੜੀ ਵਿੱਚ ਪੜ ਰਹੇ ਬੱਚਿਆਂ ਦੀ ਸਕਰੀਨਿੰਗ ਕੀਤੀ ਜਾਏਗੀ।ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਤੰਬਾਕੂਨੋਸ਼ੀ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਅਪ੍ਰੈਲ 2018 ਤੋਂ ਨਵੰਬਰ 2018 ਤੱਕ 34960 ਦੇ 3891 ਚਲਾਨ ਕੱਟੇ ਗਏ ਹਨ। ਇਹੀ ਨਹੀਂ ਸਿਹਤ ਵਿਭਾਗ ਵੱਲੋਂ ਜਲਦੀ ਹੀ ਟੀ.ਬੀ.ਅਤੇ ਤੰਬਾਕੂ ਦਾ ਸਾਂਝਾ ਪ੍ਰੋਗਰਾਮ ਵੀ ਚਲਾਇਆ ਜਾਏਗਾ। ਨਸ਼ਾ ਛਡਾਊ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਜਿਲੇ ਵਿੱਚ ਚੱਲ ਰਹੇ ਓਟ ਪ੍ਰੋਗਰਾਮ ਦੇ ਤਹਿਤ ਅਪ੍ਰੈਲ 2018 ਤੋਂ ਨਵੰਬਰ 2018 ਤੱਕ 2060 ਮਰੀਜਾਂ ਦਾ ਇਲਾਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਡਰੱਗ ਦੀ ਓਵਰਡੋਜ ਕਾਰਣ ਪਿਛਲੇ 6 ਮਹੀਨਿਆਂ ਦੌਰਾਨ ਕੋਈ ਵੀ ਮੌਤ ਨਹੀਂ ਹੋਈ ਹੈ।ਇਸ ਮੌਕੇ ਤੇ ਏ.ਡੀ.ਸੀ. ਰਾਹੁਲ ਚਾਬਾ, ਸੀਨੀਅਰ ਮੈਡੀਕਲ ਅਫਸਰ ਡਾ. ਰੀਟਾ ਬਾਲਾ, ਡਾ. ਸੰਦੀਪ ਧਵਨ, ਡਾ. ਪ੍ਰਿੰਸਜੀਤ, ਡਾ. ਦਕਸ਼ ਝਿੰਮ, ਜਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਜੀਤ ਕੌਰ, ਸੰਦੀਪ ਖੰਨਾ, ਰਾਮ ਸਿੰਘ, ਰਵਿੰਦਰ ਜੱਸਲ ਤੇ ਹੋਰ ਹਾਜਰ ਸਨ।