5 Dariya News

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ 1473 ਸਕੂਲਾਂ ਨੂੰ ਦਿੱਤੀਆਂ ਫਸਟ ਏਡ ਕਿੱਟਾਂ

ਸਕੂਲਾਂ 'ਚ ਮਿਆਰੀ ਸਿੱਖਿਆ ਦੇ ਨਾਲ-ਨਾਲ ਦਿੱਤੀਆਂ ਜਾ ਰਹੀਆਂ ਨੇ ਵਧੀਆ ਸਿਹਤ ਸਹੂਲਤਾਂ : ਈਸ਼ਾ ਕਾਲੀਆ

5 Dariya News

ਹੁਸ਼ਿਆਰਪੁਰ 14-Dec-2018

ਡਿਪਟੀ ਕਮਿਸ਼ਨਰ  ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵਧੀਆ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹ ਅੱਜ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਫ਼ਸਟ ਏਡ ਕਿੱਟਾਂ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ 1250 ਸਰਕਾਰੀ ਪ੍ਰਾਇਮਰੀ ਅਤੇ ਸਾਰੇ 223 ਸਰਕਾਰੀ ਮਿਡਲ ਸਕੂਲਾਂ ਸਮੇਤ 1473 ਸਕੂਲਾਂ ਨੂੰ 'ਸਮਰਪਣ' ਪ੍ਰੋਜੈਕਟ ਤਹਿਤ ਇਕੱਤਰ ਰਾਸ਼ੀ ਵਿਚੋਂ ਕਰੀਬ 2 ਲੱਖ ਰੁਪਏ ਦੀ ਲਾਗਤ ਨਾਲ ਫਸਟ ਏਡ ਕਿੱਟਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ 'ਤੇ ਵਿਦਿਆਰਥੀਆਂ ਨੂੰ ਮੁਢਲੀ ਸਹਾਇਤਾ ਦਿੱਤੀ ਜਾ ਸਕੇ। ਈਸ਼ਾ ਕਾਲੀਆ ਨੇ ਕਿਹਾ ਕਿ ਸਕੂਲਾਂ ਦੇ ਮੁਖੀ ਇਹ ਯਕੀਨੀ ਬਣਾਉਣ ਕਿ ਇਸ ਕਿੱਟ ਵਿੱਚ ਮੌਜੂਦ ਦਵਾਈਆਂ ਦੀ ਮਿਆਦ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇ ਅਤੇ ਮਿਆਦ ਪੂਰੀ ਹੋਣ 'ਤੇ ਇਹ ਦਵਾਈਆਂ ਬਿਲਕੁੱਲ ਵਰਤੋਂ ਵਿੱਚ ਨਾ ਲਿਆਂਦੀਆਂ ਜਾਣ। ਉਨ੍ਹਾਂ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਫਸਟ ਏਡ ਕਿੱਟ ਮੁਹੱਈਆ ਕਰਵਾਉਣ ਦਾ ਉਦੇਸ਼ ਇਹ ਹੈ ਕਿ ਸਕੂਲ ਮੁਖੀ ਆਪਣੇ ਪੱਧਰ 'ਤੇ ਵੀ ਅਜਿਹੇ ਉਪਰਾਲੇ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਇਸ ਫਸਟ ਏਡ ਰਾਹੀਂ ਕੇਵਲ ਮੁਢਲੀ ਸਹਾਇਤਾ ਹੀ ਪ੍ਰਦਾਨ ਕੀਤੀ ਜਾਵੇ, ਜਦਕਿ ਜ਼ਰੂਰਤ ਪੈਣ 'ਤੇ ਤੁਰੰਤ ਡਾਕਟਰੀ ਸਹਾਇਤਾ ਵੀ ਲਈ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਕਰਦਿਆਂ ਮਿਡ ਡੇਅ ਮੀਲ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ.ਪੀ.ਈ.ਓਜ਼) ਸਕੂਲਾਂ ਵਿੱਚ ਅਨਾਜ ਦੀ ਗੁਣਵੱਤਾ ਦਾ ਸਮੇਂ-ਸਮੇਂ 'ਤੇ ਜਾਇਜ਼ਾ ਲੈਣਾ ਵੀ ਯਕੀਨੀ ਬਣਾਉਣ, ਤਾਂ ਜੋ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਬੱਚਿਆਂ ਨੂੰ ਪੌਸ਼ਟਿਕ ਆਹਾਰ ਮੁਹੱਈਆ ਕਰਵਾਇਆ ਜਾ ਸਕੇ। 

ਇਸ ਤੋਂ ਇਲਾਵਾ ਉਨ੍ਹਾਂ ਨਸ਼ਿਆਂ ਦੀ ਰੋਕਥਾਮ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਨੂੰ ਹਦਾਇਤ ਕੀਤੀ ਕਿ ਅਧਿਆਪਕ 25 ਦਸੰਬਰ ਤੱਕ ਸਾਰੇ ਸਕੂਲਾਂ ਵਿੱਚ ਨਸ਼ਿਆਂ ਖਿਲਾਫ਼ ਭਾਸ਼ਣ ਦੇਣੇ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਬੁੱਕ ਬੈਂਕ ਸਥਾਪਿਤ ਕੀਤਾ ਜਾਵੇ, ਤਾਂ ਜੋ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਕੋਈ ਸਮੱਸਿਆ ਨਾ ਆ ਸਕੇ। ਉਨ੍ਹਾਂ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਰਾਹੀਂ ਇਹ ਬੁੱਕ ਬੈਂਕ ਸਥਾਪਿਤ ਕੀਤੇ ਜਾ ਸਕਦੇ ਹਨ। ਉਨ੍ਹਾਂ ਬਡੀ ਪ੍ਰੋਗਰਾਮ ਤਹਿਤ ਵੀ ਗਤੀਵਿਧੀਆਂ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਸਕੂਲਾਂ ਵਿੱਚ ਸਾਫ ਸਫ਼ਾਈ, ਖਾਣੇ ਦੀ ਗੁਣਵੱਤਾ ਅਤੇ ਸਟਾਕ ਰਜਿਸਟਰ ਮੇਨਟੇਨ ਕਰਨ ਸਬੰਧੀ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਸਮੇਂ-ਸਮੇਂ 'ਤੇ ਮੈਡੀਕਲ ਚੈਕਅਪ ਸੁਚਾਰੂ ਢੰਗ ਨਾਲ ਕਰਵਾਉਣਾ ਯਕੀਨੀ ਬਣਾਇਆ ਜਾਵੇ। ਈਸ਼ਾ ਕਾਲੀਆ ਨੇ ਕਿਹਾ ਕਿ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ ਜ਼ਿਆਦਾ ਦਾਖਲੇ ਵਾਲੇ 3 ਪ੍ਰਾਇਮਰੀ ਅਤੇ 3 ਸੈਕੰਡਰੀ ਸਕੂਲਾਂ ਨੂੰ 26 ਜਨਵਰੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ, ਜਦਕਿ ਲੜਕੀਆਂ ਦੀ ਮਨਾਈ ਜਾ ਰਹੀ ਲੋਹੜੀ ਦੌਰਾਨ ਪੜ੍ਹਾਈ, ਖੇਡਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਚੰਗੀ ਕਾਰਗੁਜ਼ਾਰੀ ਵਾਲੀਆਂ ਵਿਦਿਆਰਥਣਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਆ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਸ੍ਰੀ ਮੋਹਨ ਸਿੰਘ ਲੇਹਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸ੍ਰੀ ਸੰਜੀਵ ਗੌਤਮ, ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਸ੍ਰੀਮਤੀ ਰਜਨੀਸ਼ ਕੌਰ, ਕੋਆਰਡੀਨੇਟਰ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਸ੍ਰੀ ਹਰਮਿੰਦਰ ਸਿੰਘ, ਸਟੇਟ ਐਵਾਰਡੀ ਅਧਿਆਪਕ ਸ੍ਰੀ ਦੀਪਕ ਵਸ਼ਿਸ਼ਟ ਤੋਂ ਇਲਾਵਾ ਸਾਰੇ ਬਲਾਕਾਂ ਦੇ ਬੀ.ਪੀ.ਈ.ਓਜ਼ ਹਾਜ਼ਰ ਸਨ।