5 Dariya News

ਸਿਹਤ ਵਿਭਾਗ ਲੁਧਿਆਣਾ ਅਤੇ ਕੈਥਲ (ਹਰਿਆਣਾ) ਵੱਲੋਂ ਸਾਂਝੀ ਛਾਪੇਮਾਰੀ ਦੌਰਾਨ ਪਿੰਡ ਜੜਤੌਲੀ ਤੋਂ ਗੈਰ-ਕਾਨੂੰਨੀ ਲਿੰਗ ਜਾਂਚ ਮਸ਼ੀਨ ਬਰਾਮਦ

ਮੌਕੇ ’ਤੋਂ 20,000 ਰੁਪਏ ਅਤੇ ਇੱਕ ਵਿਅਕਤੀ ਗਿ੍ਰਫਤਾਰ

5 Dariya News

ਲੁਧਿਆਣਾ 13-Dec-2018

ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਿਹਤ ਵਿਭਾਗ (ਚੀਕਾ) ਕੈਥਲ ਅਤੇ ਸਿਹਤ ਵਿਭਾਗ, ਲੁਧਿਆਣਾ ਵੱਲੋਂ ਇੱਕ ਸਾਂਝੇ ਤੌਰ ’ਤੇ ਛਾਪੇਮਾਰੀ ਪਿੰਡ ਜੜਤੋਲੀ, ਜ਼ਿਲ੍ਹਾ ਲੁਧਿਆਣਾ ਵਿਖੇ ਕੀਤੀ ਗਈ। ਉਹਨਾਂ ਦੱਸਿਆ ਕਿ ਪਿੰਡ ਜੜਤੋਲੀ ਵਿਖੇ ਅਮਰਜੀਤ ਸਿੰਘ ਉਰਫ ਗੁਰਪ੍ਰੀਤ ਪੁੱਤਰ ਕਰਨੈਲ ਸਿੰਘ ਵੱਲੋਂ ਉਸਦੇ ਘਰ ਵਿੱਚ ਹੀ ਗੈਰ ਕਾਨੂੰਨੀ ਲਿੰਗ ਜਾਂਚ ਦਾ ਕੰਮ ਚਲਾਇਆ ਜਾ ਰਿਹਾ ਸੀ ਅਤੇ ਲਿੰਗ ਜਾਂਚ ਉਸ ਦੀ ਪਤਨੀ ਅਮਨਦੀਪ ਕੌਰ ਵੱਲੋਂ ਕੀਤੀ ਜਾਂਦੀ ਸੀ। ਉਹਨਾਂ ਦੱਸਿਆ ਕਿ ਸੁਖਵਿੰਦਰ ਕੁਮਾਰ ਨਾਂਅ ਦਾ ਵਿਅਕਤੀ, ਜੋ ਕਿ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹੈ, ਉਹ ਗਰਭਵਤੀ ਔਰਤ ਨੂੰ ਲਿੰਗ ਜਾਂਚ ਲਈ ਅਮਰਜੀਤ ਸਿੰਘ ਉਰਫ ਗੁਰਪ੍ਰੀਤ ਦੇ ਘਰ ਲੈ ਕੇ ਆਇਆ ਅਤੇ ਅਮਨਦੀਪ ਕੌਰ ਵੱਲੋਂ ਲਿੰਗ ਜਾਂਚ ਕਰਨ ਲਈ 20,000 ਦੀ ਰਾਸ਼ੀ ਗਰਭਵਤੀ ਔਰਤ ਪਾਸੋਂ ਲਈ ਗਈ। ਉਸ ਸਮੇਂ ਮੌਕੇ ’ਤੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੇ ਅਮਰਜੀਤ ਸਿੰਘ ਅਤੇ ਸੁਖਵਿੰਦਰ ਕੁਮਾਰ ਨੂੰ ਫੜ੍ਵ ਲਿਆ ਅਤੇ ਤਲਾਸ਼ੀ ਦੌਰਾਨ 20,000 ਰੁਪਏ ਦੇ ਨੋਟ ਵੀ ਬਰਾਮਦ ਕੀਤੇ ਗਏ। ਉਸ ਉਪਰੰਤ ਅਮਰਜੀਤ ਸਿੰਘ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਇੱਕ ਭਰੂਣ ਲਿੰਗ ਜਾਂਚ ਕਰਨ ਵਾਲੀ ਮਸ਼ੀਨ (6 4)  ਬਰਾਮਦ ਹੋਈ ਅਤੇ ਅਮਨਦੀਪ ਕੌਰ ਮੌਕੇ ’ਤੇ ਫਰਾਰ ਹੋ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਕੈਸ਼, ਲੈਪਟਾਪ ਅਤੇ ਭਰੂਣ ਲਿੰਗ ਜਾਂਚ ਕਰਨ ਵਾਲੀ ਮਸ਼ੀਨ (6 4) ਬਰਾਮਦ ਕਰਕੇ ਦੋਨਾਂ ਦੋਸ਼ੀਆਂ ਨੂੰ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਨ੍ਹਾਂ ਦੇ ਵਿਰੁੱਧ 420 ਧਾਰਾ ਅਤੇ ਪੀ.ਸੀ.ਪੀ.ਐਨ.ਡੀ.ਟੀ. ਸੈਕਸ਼ਨ 5 (2) ਦੇ ਤਹਿਤ ਐਫ.ਆਈ.ਆਰ. ਨੰ 271 ਥਾਣਾ ਸਦਰ ਲੁਧਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਲੋਕਾਂ ਤੋਂ ਬਚ ਕੇ ਰਹਿਣ। ਭਰੂਣ ਹੱਤਿਆ ਤੇ ਲਿੰਗ ਜਾਂਚ ਕਰਵਾਉਣਾ ਗੈਰ-ਕਾਨੂੰਨੀ ਹੈ ਅਤੇ ਅਜਿਹਾ ਕਰਨ ਵਾਲੇ ਕਾਨੂੰਨ ਦੀ ਨਿਗ੍ਹਾ ’ਚ ਗੁਨਾਹਗਾਰ ਤੇ ਸਜ਼ਾ ਦੇ ਹੱਕਦਾਰ ਹਨ। ਛਾਪਾਮਾਰੀ ਕਰਨ ਵਾਲੀ ਟੀਮ ’ਚ ਜ਼ਿਲ੍ਹਾ ਲੁਧਿਆਣਾ ਵੱਲੋਂ ਡਾ. ਐਸ.ਪੀ. ਸਿੰਘ ਜ਼ਿਲ੍ਹਾ ਪਰਿਵਾਰਕ ਭਲਾਈ ਅਫਸਰ, ਡਾ. ਸੰਤੋਸ਼ ਐਸ.ਐਮ.ਓ. ਡੇਹਲੋਂ, ਡਾ. ਗੋਬਿੰਦ ਐਸ.ਐਮ.ਓ. ਮਲੌਦ, ਸਿਹਤ ਵਿਭਾਗ (ਚੀਕਾ) ਕੈਥਲ ਟੀਮ ’ਚ ਡਾ. ਗੌਰਵ ਪੁਨੀਆ ਪੀ.ਐਨ.ਡੀ.ਟੀ. ਨੋਡਲ ਅਫਸਰ, ਡਾ. ਸੰਜੀਵ ਗਰਗ ਪੀ.ਐਚ ਸੀ. ਅਤੇ ਸ਼੍ਰੀ ਨਰਿੰਦਰ ਕੁਮਾਰ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਕੈਥਲ ਸ਼ਾਮਿਲ ਸਨ।