ਆਬਕਾਰੀ ਤੇ ਕਰ ਵਿਭਾਗ ਵੱਲੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ
5 Dariya News
ਐਸ.ਏ.ਐਸ. ਨਗਰ (ਮੁਹਾਲੀ) 12-Dec-2018
ਪੰਜਾਬ ਵਿੱਚ ਨਾਜਾਇਜ਼ ਸ਼ਰਾਬ ਦੀ ਆਮਦ ਨੂੰ ਰੋਕਣ ਲਈ ਆਬਕਾਰੀ ਤੇ ਕਰ ਕਮਿਸਨਰ, ਪੰਜਾਬ ਦੀਆਂ ਹਦਾਇਤਾਂ ਅਤੇ ਉਪ ਆਬਕਾਰੀ ਤੇ ਕਰ ਕਮਿਸ਼ਨਰ, ਰੂਪਨਗਰ ਮੰਡਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਐਸ.ਏ.ਐਸ. ਨਗਰ ਦੀ ਰਹਿਨੁਮਾਈ ਅਧੀਨ ਮੋਹਾਲੀ ਆਬਕਾਰੀ ਸਟਾਫ ਨੇ 40 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਫੜੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਨੋਦ ਪਾਹੂਜਾ, ਆਬਕਾਰੀ ਤੇ ਕਰ ਅਫਸਰ(ਆਬਕਾਰੀ), ਐਸ.ਏ.ਐਸ ਨਗਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਚੱਪੜਚਿੜੀ ਨੇੜੇ ਹਿਊਂਦਈ ਐਕਸੈਂਟ ਗੱਡੀ ਨੰਬਰ:ਪੀ.ਬੀ.01 ਬੀ1447 ਗੱਡੀ ਵਿੱਚੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਮੁਲਜ਼ਮਾਂ ਮੁਤਾਬਕ ਇਹ ਸ਼ਰਾਬ ਚੰਡੀਗੜ੍ਹ ਤੋਂ ਪਿੰਡ ਚੋਲਟਾ ਖੁਰਦ ਜਾਣੀ ਸੀ। ਇਸ ਸਬੰਧੀ ਥਾਣਾ ਬਲੌਂਗੀ ਵਿਖੇ ਰਕੇਸ਼ ਕੁਮਾਰ ਪੁੱਤਰ ਬਾਬੂ ਸਿੰਘ, ਪਿੰਡ ਚੋਲਟਾ ਖੁਰਦ ਅਤੇ ਮੰਗਤ ਸਿੰਘ ਪੁੱਤਰ ਨਿਰਮਲ ਸਿੰਘ ਵਿਰੁੱਧ ਆਬਕਾਰੀ ਐਕਟ ਅਧੀਨ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ।ਦੂਸਰੇ ਕੇਸ ਵਿੱਚ ਫੇਜ਼ 8-9 ਦੀਆਂ ਲਾਈਟਾਂ ਤੇ ਲਾਏ ਨਾਕੇ ਉਤੇ ਓਲਾ ਕੈਬ (ਟਾਟਾ ਇੰਡੀਗੋ ਗੱਡੀ ਨੰ:ਪੀ.ਬੀ.01 ਬੀ 2396) ਵਿਚੋਂ ਆਬਕਾਰੀ ਨਿਰੀਖਕ ਸ੍ਰੀ ਜਸਪ੍ਰੀਤ ਸਿੰਘ ਨੇ 20 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਸ ਸਬੰਧੀ ਰਣਜੀਤ ਸਿੰਘ ਪੁੱਤਰ ਜਗਦੀਸ਼ ਸਿੰਘ, ਵਾਸੀ ਪਿੰਡ ਚੋਲਟਾ ਖੁਰਦ ਵਿਰੁੱਧ ਪੁਲਿਸ ਚੌਕੀ, ਫੇਜ਼ 8, ਮੋਹਾਲੀ ਵਿਖੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ।ਸ੍ਰੀ ਵਿਨੋਦ ਪਾਹੂਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਚੋਲਟਾ ਖੁਰਦ ਵਿਖੇ ਨਜਾਇਜ ਸ਼ਰਾਬ ਦੀ ਵਿਕਰੀ ਦੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ, ਜਿਸ ਤੇ ਉਨ੍ਹਾਂ ਵੱਲੋਂ ਕਾਰਵਾਈ ਕਰਦੇ ਹੋਏ ਸ੍ਰੀ ਜਸਪ੍ਰੀਤ ਸਿੰਘ ਆਬਕਾਰੀ ਨਿਰੀਖਕ, ਖਰੜ ਦੀ ਉਚੇਚੇ ਤੌਰ ਤੇ ਡਿਊਟੀ ਲਗਾਈ ਗਈ ਸੀ। ਸ੍ਰੀ ਜਸਪ੍ਰੀਤ ਸਿੰਘ, ਆਬਕਾਰੀ ਨਿਰੀਖਕ ਵੱਲੋਂ ਮੁਲਜ਼ਮਾਂ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਹੋਰ ਕੇਸ ਵਿੱਚ ਰਕੇਸ਼ ਕੁਮਾਰ ਨਾਮ ਦੇ ਵਿਅਕਤੀ ਕੋਲੋਂ 12 ਬੋਤਲਾਂ ਅੰਗ੍ਰੇਜ਼ੀ ਸ਼ਰਾਬ ਦੀਆਂ ਬਰਾਮਦ ਕਰਕੇ ਉਸ ਤੋਂ ਪੰਜਾਬ ਆਬਕਾਰੀ ਐਕਟ ਅਧੀਨ 2 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਵਿੱਚ ਆਬਕਾਰੀ ਕੇਸਾਂ ਵਿੱਚ ਕੰਪਾਉਡਿੰਗ ਵਜੋਂ ਹੁਣ ਤੱਕ 11 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਅਤੇ ਵਸੂਲ ਕੀਤਾ ਗਿਆ ਹੈ।