5 Dariya News

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਚੈਕਿੰਗ ਦੌਰਾਨ ਪਲਾਸਟਿਕ ਦੇ ਲਿਫਾਫਿਆ ਨੂੰ ਵੇਚਨ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ

ਨਗਰ ਕੌਸਲ ਨੇ ਪਲਾਸਟਿਕ ਦੇ ਲਿਫਾਫੇ ਕੀਤੇ ਜਬਤ

5 Dariya News

ਸ੍ਰੀ ਮੁਕਤਸਰ ਸਾਹਿਬ 11-Dec-2018

ਐੱਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਬਿਪਨ ਕੁਮਾਰ, ਕਾਰਜ ਸਾਧਕ ਅਫਸਰ, ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਜੀ ਦੀ ਯੋਗ ਅਗਵਾਈ ਹੇਠ ਸਿਹਤ ਸ਼ਾਖਾ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਚੈਕਿੰਗ ਦੌਰਾਨ ਪਲਾਸਟਿਕ ਦੇ ਲਿਫਾਫਿਆ ਨੂੰ ਵੇਚਨ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਨ ਲਈ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮਿਸ਼ਨ ਲਈ ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਦੇ ਸੈਨਟਰੀ ਇੰਸਪੈਕਟਰ ਦਵਿੰਦਰ ਸਿੰਘ, ਸੈਨਟਰੀ ਇੰਸਪੈਕਟਰ ਪਰਮਜੀਤ ਸਿੰਘ, ਇੰਸਪੈਕਟਰ ਜਗਸੀਰ ਸਿੰਘ, ਜੇ.ਈ. ਵਿਜੇ ਕੁਮਾਰ ਦੀ ਟੀਮ ਵੱਲੋਂ ਘਾਹ ਮੰਡੀ ਚੌਂਕ ਵਿਖੇ ਥੋਕ ਵਿਕਰੇਤਾ ਸੰਨੀ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਮਕਾਨ ਨੰ: 4080, ਗਲੀ ਤੇਲੀਆਂ ਵਾਲੀ, ਸ਼੍ਰੀ ਮੁਕਤਸਰ ਸਾਹਿਬ (ਸੰਨੀ ਲਿਫਾਫਾ ਸਟੋਰ) ਦੀ ਦੁਕਾਨ ਅਤੇ ਘਰ ਵਿੱਚ ਬਣੇ ਸਟੋਰ ਵਿੱਚੋਂ 3 ਕੁਇੰਟਲ 05 ਕਿੱਲੋਂ ਪਾਬੰਦੀਸ਼ੁਦਾ ਪਲਾਸਟਿਕ ਲਿਫਾਫੇ ਜ਼ਬਤ ਕੀਤੇ ਗਏ ਅਤੇ ਚਲਾਨ ਕੀਤਾ ਗਿਆ। 

ਵਿਸ਼ਵਾਰਪੂਰਵਕ ਜਾਣਕਾਰੀ ਦਿੰਦਿਆਂ ਸੈਨਟਰੀ ਇੰਸਪੈਕਟਰਾਂ ਵੱਲੋਂ ਦੱਸਿਆ ਗਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਅਗਵਾਈ ਹੇਠ ਸ਼ਹਿਰ ਦੇ ਸਮੂਹ ਪਲਾਸਟਿਕ ਥੋਕ ਵਿਕਰੇਤਾਵਾਂ ਦੀ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਦੁਕਾਨਦਾਰਾਂ ਨੂੰ ਇਹ ਪਾਬੰਦੀਸ਼ੁਦਾ ਪਲਾਸਟਿਕ ਲਿਫਾਫੇ 05 ਦਿਸੰਬਰ 2018 ਤੱਕ ਵਾਪਿਸ ਕਰਨ ਦੀ ਹਦਾਇਤ ਕੀਤੀ ਗਈ ਸੀ। ਕੁੱਝ ਦੁਕਾਨਦਾਰਾਂ ਵੱਲੋਂ ਇਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਹ ਪਾਬੰਦੀਸ਼ੁਦਾ ਪਲਾਸਟਿਕ ਲਿਫਾਫੇ ਵਾਪਿਸ ਭੇਜ ਦਿੱਤੇ ਗਏ ਸਨ। 'ਮੇਰਾ ਮੁਕਤਸਰ ਮੇਰਾ ਮਾਣ' ਮੁਹਿੰਮ ਨੂੰ ਹੁਲਾਰਾ ਦੇਣ ਲਈ ਅੱਜ ਨਗਰ ਕੌਂਸਲ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੋਲੀਥੀਨ ਹਟੇਗਾ, ਮੁਕਤਸਰ ਚਮਕੇਗਾ ਦਾ ਨਾਹਰਾ ਸਾਰਥਕ ਬਨਾਉਣ ਲਈ ਉਕਤ ਕਾਰਵਾਈ ਆਰੰਭੀ ਗਈ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਸਾਫ-ਸੁਥਰਾ ਮਾਹੌਲ ਦਿੱਤਾ ਜਾ ਸਕੇ।  ਇਸ ਤੋਂ ਇਲਾਵਾ ਮੇਲਾ ਮਾਘੀ ਨੂੰ ਮੁੱਖ ਰੱਖਦੇ ਹੋਏ ਲੰਗਰ ਕਮੇਟੀਆਂ ਅਤੇ ਐੱਨ.ਜੀ.ਓਜ. ਨੂੰ ਅਪੀਲ ਕੀਤੀ ਕਿ ਮੇਲੇ ਦੌਰਾਨ ਥਰਮੋਕੋਲ ਦੀਆਂ ਬਣੀਆਂ ਪਲੇਟਾਂ ਅਤੇ ਡਿਸਪੋਜ਼ਲ ਦਾ ਸਾਮਾਨ ਨਾ ਵਰਤਿਆ ਜਾਵੇ ਤਾਂ ਜੋ ਸ਼ਹਿਰ ਦੀ ਦਿੱਖ ਸੁੰਦਰ ਲੱਗੇ ਅਤੇ ਆਉਣ ਵਾਲੀਆਂ ਸੰਗਤਾਂ ਨੂੰ ਇੱਕ ਚੰਗਾ ਸੁਨੇਹਾ ਜਾਵੇ।