5 Dariya News

ਮਜੀਠੀਆ ਤੇ ਬਾਦਲ ਪਰਿਵਾਰ ਵਲੋਂ ਕੀਤੇ ਗੁਨਾਹਾਂ ਨੂੰ ਇਤਿਹਾਸ ਵਿੱਚ ਕਾਲੇ ਅੱਖਰਾਂ 'ਚ ਦਰਜ਼ ਕੀਤਾ ਜਾਵੇਗਾ : ਰਣਜੀਤ ਸਿੰਘ ਬ੍ਰਹਮਪੁਰਾ

'ਖਿਮਾ ਜਾਚਨਾ' ਬਹਾਨੇ ਬਾਦਲ ਤੇ ਮਜੀਠੀਆ ਪਰਿਵਾਰ ਵਲੋਂ ਕੀਤਾ ਜਾ ਰਿਹਾ ਸਿਰਫ਼ ਪਖੰਡ: ਬ੍ਰਹਮਪੁਰਾ

5 Dariya News

ਤਰਨ ਤਾਰਨ 09-Dec-2018

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਖਡੂਰ ਸਾਹਿਬ ਦੇ ਪਿੰਡ ਭਰੋਵਾਲ ਵਿਖੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਤ ਕੀਤਾ। ਜ਼ਿਕਰਯੋਗ ਹੈ ਕਿ ਟਕਸਾਲੀ ਅਕਾਲੀ ਆਗੂਆਂ ਵਲੋਂ ਲਗਾਤਾਰ ਸੂਬਾ ਪੱਧਰ ਤੇ ਮੀਟਿੰਗਾਂ ਦਾ ਸਿਲਸਿਲਾ ਜੰਗੀ ਪੱਧਰ ਤੇ ਜਾਰੀ ਹੈ ਅਤੇ ਬਾਦਲਾਂ ਤੋਂ ਸਤਾਏਂ ਹੋਏ ਲੋਕਾਂ ਵਲੋਂ ਵੀ ਇਹਨਾਂ ਟਕਸਾਲੀ ਆਗੂਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮਜੀਠੀਆ ਤੇ ਬਾਦਲ ਪਰਿਵਾਰ 'ਅਕਾਲ ਤਖ਼ਤ ਸਾਹਿਬ' ਵਿਖੇ ਖਿਮਾਂ ਜਾਚਨਾ ਬਹਾਨੇ ਲੋਕਾਂ ਸਿਰਫ਼ ਗੁਮਰਾਹ ਕਰ ਰਹੇ ਹੈ ਪਰ ਇਹਨਾਂ ਵਲੋਂ ਕੀਤੀਆਂ ਗਲਤੀਆਂ ਕਾਰਨ ਹੁਣ ਸਭ ਕੁੱਝ ਸਾਫ਼ ਹੋ ਚੁੱਕਾ ਹੈ ਅਤੇ ਲੋਕ ਇਹਨਾਂ ਦੇ ਝੂਠੇ ਬਹਿਕਾਵੇ ਵਿੱਚ ਨਹੀਂ ਆਉਣਗੇ ਕਿਉਜੋ ਇਹਨਾਂ ਪੰਥ ਦੇ ਗ਼ਦਾਰਾਂ ਵਲੋਂ ਗਲਤੀਆਂ ਨਹੀਂ ਪਾਪ ਕੀਤੇ ਗਏ ਹਨ ਜੋ ਕਿਸੇ ਕੀਮਤ ਤੇ ਬਖਸ਼ੇ ਨਹੀਂ ਜਾ ਸਕਦੇ ਅਤੇ ਮਜੀਠੀਆ ਤੇ ਬਾਦਲ ਪਰਿਵਾਰ ਦਾ ਨਾਂ ਇਤਿਹਾਸ ਦੇ ਪੰਨਿਆਂ ਵਿਚ ਕਾਲੇ ਅੱਖਰਾਂ ਵਿਚ ਦਰਜ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਇਸ ਪਰਿਵਾਰ ਦਾ ਕਬਜ਼ਾ ਹੈ ਜੋ ਇਸ ਸਿੱਖ ਸੰਸਥਾ ਨੂੰ ਆਪਣੇ ਢੰਗ ਨਾਲ ਹੀ ਚਲਾਉਂਦਾ ਹੈ ਜਿਸ ਨਾਲ ਸਿੱਖ ਪੰਥ ਦੀ ਮਰਿਆਦਾ ਦਾ ਉਲੰਘਣ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਇਸ ਪਰਿਵਾਰ ਦੇ ਕਬਜ਼ੇ ਵਿਚੋਂ ਸ਼੍ਰੋਮਣੀ ਕਮੇਟੀ ਨੂੰ ਜਲਦ ਮੁਕਤ ਕਰਾਇਆ ਜਾਵੇਗਾ ਜਿਸ ਨਾਲ ਇਹ ਸੰਸਥਾ ਆਪਣੇ ਪੁਰਾਣੇ 1925 ਵਾਲੇ ਸਿਧਾਤਾਂ ਮੁਤਾਬਕ ਕਿਸੇ ਦੀ ਵੀ ਦਖਲ ਅੰਦਾਜੀ ਤੋਂ ਬਗੈਰ ਸੁਚਾਰੂ ਢੰਗ ਨਾਲ ਕੰਮ ਕਰ ਸਕੇ। 

ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸ਼ੀਰਵਾਦ ਲੈਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਜਾਵੇਗਾ ਅਤੇ ਇਹ ਅਕਾਲੀ ਦਲ ਸੂਬੇ ਦੇ ਹਰ ਵਰਗ ਦੇ ਲੋਕਾਂ ਲਈ ਕੰਮ ਕਰੇਗਾ ਜਿਸ ਨਾਲ ਪੰਜਾਬ ਵਿੱਚ ਖੁਸ਼ਹਾਲੀ ਆ ਸਕੇ। ਉਨ੍ਹਾਂ ਲੋਕਾਂ ਨੂੰ 16 ਦਸੰਬਰ ਨੂੰ ਨਵੇਂ ਅਕਾਲੀ ਦਲ ਦੇ ਗਠਨ ਕਰਨ ਵਾਲੇ ਦਿਨ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ।ਇਸ ਇਕੱਠ ਨੂੰ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਸੰਬੋਧਨ ਕੀਤਾ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਜੀਠੀਆ ਤੇ ਬਾਦਲ ਪਰਿਵਾਰ ਵਲੋਂ ਸ਼੍ਰੋਮਣੀ ਕਮੇਟੀ 'ਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵੀ ਡਰਾਇਆ, ਧਮਕਾਇਆ ਜਾ ਰਿਹਾ ਹੈ ਪਰ ਲੋਕ ਸਿਰਫ਼ ਹੱਕ ਸੱਚ ਤੇ ਹੀ ਪਹਿਰਾ ਦੇਣਗੇ। ਇਹਨਾਂ ਵਲੋਂ ਜੋ ਗੁਨਾਹ ਕੀਤੇ ਗਏ ਉਹ ਮਾਫ਼ੀਯੋਗ ਨਹੀਂ ਹਨ ਜਿਸਦੀ ਸਜ਼ਾ ਇਹਨਾਂ ਪਾਪੀਆਂ ਨੂੰ ਜ਼ਰੂਰ ਮਿਲੇਗੀ ਜਿਨ੍ਹਾਂ ਆਪਣੇ ਨਿੱਜੀ ਸਵਾਰਥਾਂ ਲਈ ਸਿੱਖ ਪੰਥ ਅਤੇ ਕੌਮ ਨਾਲ ਗ਼ਦਾਰੀ  ਕੀਤੀ ਹੈ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਵਿੰਦਰ ਸਿੰਘ ਵੇਈਂ ਪੂਈਂ, ਅਜਮੇਰ ਸਿੰਘ, ਸਰਪੰਚ ਜ਼ਬਰ ਸਿੰਘ, ਬਲਦੇਵ ਸਿੰਘ ਕੱਲਾ, ਕੈਪਟਨ ਦਲਬੀਰ ਸਿੰਘ, ਭੁਪਿੰਦਰ ਸਿੰਘ ਖੱਖ, ਸਰਪੰਚ ਅਮਰਜੀਤ ਸਿੰਘ ਖੇਲਾ, ਸਰਪੰਚ ਮਨਜਿੰਦਰ ਸਿੰਘ ਭੋਈਆਂ, ਸਰਪੰਚ ਰਾਜਬੀਰ ਸਿੰਘ ਵੇਈਂ ਪੂਈਂ, ਓਐਸਡੀ ਦਮਨਜੀਤ ਸਿੰਘ, ਸਰਪੰਚ ਭੁਪਿੰਦਰ ਸਿੰਘ ਫਤਿਹਾਬਾਦ, ਸੰਮਤੀ ਮੈਂਬਰ ਤੇਜਿੰਦਰ ਸਿੰਘ ਪ੍ਰਿੰਸ ਭਰੋਵਾਲ, ਜਤਿੰਦਰ ਸਿੰਘ, ਹਰਜਿੰਦਰ ਸਿੰਘ ਢੋਟੀਆਂ ਚੰਦ ਭੈਹਿਲ, ਅਵਤਾਰ ਸਿੰਘ ਬੱਬੂ, ਬਲਜਿੰਦਰ ਸਿੰਘ ਪੱਪੂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ