ਕਈ ਦੇਸ਼ਾਂ ਵਿਚਾਲੇ ਉਦਯੋਗਿਕ ਸਬੰਧ ਮਜਬੂਤ ਕਰੇਗਾ ਪਾਈਟੈਕਸ- ਕਮਲਜੀਤ ਸਿੰਘ ਸੰਘਾ
ਗੁਰੂ ਕੀ ਨਗਰੀ ਵਿੱਚ ਅੱਜ ਤੋਂ ਸ਼ੁਰੂ ਹੋਵੇਗਾ 13ਵਾਂ ਪਾਈਟੈਕਸ ਮੇਲਾ, ਨਵਜੋਤ ਸਿੱਧੂ ਅਤੇ ਓ.ਪੀ.ਸੋਨੀ ਕਰਨਗੇ ਉਦਘਾਟਨ
5 Dariya News
ਅੰਮ੍ਰਿਤਸਰ 05-Dec-2018
'ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਰਾਂਹੀ ਜਿਥੇ ਕਈ ਦੇਸ਼ਾਂ ਵਿਚਾਲੇ ਸਨਅਤੀ ਸਬੰਧ ਮਜਬੂਤ ਹੋਣਗੇ, ਉਥੇ ਹੀ ਉਦਯੋਗਿਕ ਖੇਤਰ ਵਿੱਚ ਅੰਮ੍ਰਿਤਸਰ ਦਾ ਗ੍ਰਾਫ ਵੀ ਵਧੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਕਰਵਾਏ ਜਾ ਰਹੇ 13ਵੇਂ ਪਾਈਟੈਕਸ ਮੇਲੇ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਪਤੱਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨਾਂ ਦੱਸਿਆ ਕਿ ਮੇਲੇ ਦਾ ਰਸਮੀ ਉਦਘਾਟਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਓ.ਪੀ. ਸੋਨੀ ਵਲੋਂ ਸਾਂਝੇ ਤੌਰ 'ਤੇ 6 ਦਸਬੰਰ ਨੂੰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਸਨਅਤੀ ਮੇਲੇ ਦੀ ਮੇਜਬਾਨੀ ਪੰਜਾਬ ਸਰਕਾਰ ਵਲੋਂ ਕੀਤੀ ਜਾਂਦੀ ਹੈ ਅਤੇ ਪਿਛਲੇ 12 ਸਾਲਾਂ ਦੌਰਾਨ ਪਾਈਟੈਕਸ ਨੇ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਜਿਸ ਕਾਰਨ ਲੋਕਾਂ ਨੂੰ ਇਸਦਾ ਬੜੀ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ। ਡੀ.ਸੀ. ਨੇ ਅੰਮ੍ਰਿਤਸਰ ਵਾਸੀਆਂ ਨੂੰ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਮੂਹ ਸ਼ਹਿਰ ਵਾਸੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਪਾਈਟੈਕਸ ਦਾ ਆਯੋਜਨ ਇਸ ਸ਼ਹਿਰ ਵਿੱਚ ਹੁੰਦਾ ਹੈ।ਇਸ ਤੋਂ ਪਹਿਲਾਂ ਬੋਲਦਿਆਂ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ.ਐਸ.ਸਚਦੇਵਾ ਅਤੇ ਪਿੰਰਸੀਪਲ ਡਾਇਰੈਕਟਰ ਰਣਜੀਤ ਮਹਿਤਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਐਨ.ਐਸ.ਆਈ.ਸੀ., ਐਮ.ਐਸ.ਐਮ.ਈ., ਨੈਸ਼ਨਲ ਜੂਟ ਬੋਰਡ ਤੋਂ ਇਲਾਵਾ ਪੰਜਾਬ ਸਰਕਾਰ ਦੇ ਪੀ.ਐਸ.ਆਈ.ਈ.ਸੀ., ਗਮਾਡਾ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੇਡਾ, ਮਿਲਕਫੈਡ ਅਤੇ ਮਾਰਕਫੈਡ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਜਦੋਂ ਪਾਈਟੈਕਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਟਾਲ ਬੁੱਕ ਹੋ ਚੁੱਕੇ ਹਨ। ਇਸ ਵਾਰ ਪਾਈਟੈਕਸ ਵਿੱਚ ਜਿਥੇ ਅਫਗਾਨਿਸਤਾਨ, ਤੁਰਕੀ, ਥਾਈਲੈਂਡ, ਮਿਸ਼ਰ ਆਦਿ ਦੇਸ਼ਾਂ ਦੇ ਕਾਰੋਬਾਰੀ ਭਾਗ ਲੈ ਰਹੇ ਹਨ, ਉਥੇ ਹੀ ਲੋਕਾਂ ਨੂੰ ਇਥੇ ਪਾਕਿਸਤਾਨੀ ਉਤਪਾਦ ਵੀ ਮਿਲਣਗੇ। ਇਸ ਤੋਂ ਇਲਾਵਾ ਝਾਰਖੰਡ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਆਦਿ ਸੂਬਿਆਂ ਵਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਛੇ ਦਸੰਬਰ ਨੂੰ ਉਦਘਾਟਨ ਤੋਂ ਬਾਅਦ ਕਪੈਸਟੀ ਬਿਲਡਿੰਗ ਆਫ ਐਮ.ਐਸ.ਐਮ.ਈ. ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਬਤੌਰ ਮੁੱਖ ਮਹਿਮਾਨ ਭਾਗ ਲੈ ਰਹੇ ਹਨ। ਅੱਠ ਦਸੰਬਰ ਨੂੰ ਮਿਸ਼ਨ ਦੀਪ ਸੰਸਥਾ ਦੇ ਸਹਿਯੋਗ ਨਾਲ ਵਿਦਿਆਰਥੀ ਪਾਈਟੈਕਸ ਮੇਲਾ ਦੇਖਣਗੇ। ਉਨ੍ਹਾਂ ਦੱਸਿਆ ਕਿ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨੂੰ ਸਮਝਦੇ ਹੋਏ ਪੀ.ਐਚ.ਡੀ ਚੈਂਬਰ ਵਲੋਂ 9 ਦਸੰਬਰ ਨੂੰ ਸ਼ਹਿਰ ਵਿੱਚ ਅੰਗਦਾਨ ਬਾਰੇ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਵਾਕਥਨ ਵੀ ਕਰਵਾਈ ਜਾਵੇਗੀ।ਇਸ ਮੌਕੇ ਤੇ ਬੋਲਦੇ ਹੋਏ ਪੀ.ਐਚ.ਡੀ. ਚੈਂਬਰ ਆਫ ਕਾਮਰਸ ਦੀ ਖੇਤਰੀ ਡਾਇਰੈਕਟਰ ਮਧੂ ਪਿੱਲੇ ਨੇ ਦੱਸਿਆ ਕਿ ਕਰੀਬ ਦੱਸ ਹਜਾਰ ਵਰਗ ਮੀਟਰ ਵਿੱਚ ਇਥੇ 425 ਸਟਾਲ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਾਲ 2005 ਵਿੱਚ ਜਦੋਂ ਅੰਮ੍ਰਿਤਸਰ ਵਿੱਚ ਪਾਈਟੈਕਸ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਇਥੇ ਕਰੀਬ 150 ਕਾਰੋਬਾਰੀਆਂ ਨੇ ਭਾਗ ਲਿਆ ਸੀ ਅਤੇ ਕੇਵਲ 50 ਹਜਾਰ ਲੋਕਾਂ ਵਲੋਂ ਇਥੇ ਦੌਰਾ ਕੀਤਾ ਗਿਆ ਸੀ। ਚੈਂਬਰ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਗਾਤਾਰ ਇਸਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਰਟੀ ਦੇ ਕੁਆਰਡੀਨੇਟਰ ਜੈਦੀਪ ਸਿੰਘ ਤੋਂ ਇਲਾਵਾ ਕਈ ਪਤਵੰਤੇ ਹਾਜਰ ਸਨ।