ਨਬਾਰਡ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਤਰਜੀਹੀ ਖੇਤਰ ਲਈ 18110.74 ਕਰੋੜ ਰੁਪਏ ਦੀ ਸਾਲਾਨਾ ਕਰਜ਼ ਯੋਜਨਾ ਜਾਰੀ
ਬੈਂਕਿੰਗ ਅਧਿਕਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪੁਜਦਾ ਕਰਨ 'ਚ ਅਹਿਮ ਭੂਮਿਕਾ ਨਿਭਾਉਣ-ਨਮਨ ਮੜਕਨ
5 Dariya News
ਪਟਿਆਲਾ 04-Dec-2018
ਪਟਿਆਲਾ ਦੇ ਸਹਾਇਕ ਕਮਿਸ਼ਨਰ (ਜਨਰਲ) ਨਮਨ ਮੜਕਨ ਨੇ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਬਾਰਡ) ਵੱਲੋਂ ਪਟਿਆਲਾ ਜ਼ਿਲ੍ਹੇ ਲਈ ਬਣਾਏ ਸਾਲ 2019-20 ਲਈ ਤਰਜੀਹੀ ਖੇਤਰ ਲਈ 18110.74 ਕਰੋੜ ਰੁਪਏ ਦੀ ਸੰਭਾਵਤ ਸਾਲਾਨਾ ਕਰਜ਼ ਯੋਜਨਾ ਜਾਰੀ ਕੀਤੀ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੀਡ ਬੈਂਕ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੀ ਸਲਾਹਕਾਰ ਕਮੇਟੀ ਦੀ ਕਰਵਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਮੜਕਨ ਸਮੂਹ ਬੈਂਕਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖਪਤਕਾਰਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਸਮੇਂ ਸੰਵੇਦਨਸ਼ੀਲ ਰਵੱਈਆ ਅਪਨਾਉਣ।ਇਸ ਕਰਜ ਯੋਜਨਾ ਤਹਿਤ ਫਸਲੀ ਕਰਜਿਆਂ ਲਈ 12045.39 ਕਰੋੜ, ਮਾਇਕਰੋ ਅਤੇ ਛੋਟੇ ਇੰਟਰਪ੍ਰਾਇਜਜ ਲਈ 2372.25 ਕਰੋੜ, ਐਕਸਪੋਰਟ ਕ੍ਰੈਡਿਟ 470.62, ਸਿੱਖਿਆ ਲਈ 769.50, ਮਕਾਨਾਂ ਲਈ 1286.25 ਕਰੋੜ, ਨਵਿਆਉਣਯੋਗ ਊਰਜਾ ਖੇਤਰ ਲਈ 39.33 ਕਰੋੜ, ਸਮਾਜਿਕ ਬੁਨਿਆਦੀ ਢਾਂਚੇ (ਸਕੂਲ, ਉਚੇਰੀ ਸਿੱਖਿਆ ਸੰਸਥਾਵਾਂ, ਹਸਪਤਾਲ, ਜਨ ਸਿਹਤ) ਲਈ 785.25 ਕਰੋੜ ਅਤੇ ਹੋਰ ਖੇਤਰਾਂ ਲਈ341.54ਕਰੋੜ ਰੁਪਏ ਦੇ ਕਰਜੇ ਮੁਹੱਈਆ ਕਰਵਾਉਣ ਦੀ ਯੋਜਨਾ ਉਲੀਕੀ ਗਈ ਹੈ। ਇਸ ਬਾਰੇ ਨਬਾਰਡ ਦੇ ਡੀ.ਡੀ.ਐਮ. ਸ੍ਰੀ ਜੇ.ਪੀ.ਐਸ. ਅਹੂਜਾ ਨੇ ਦੱਸਿਆ ਕਿ ਇਹ ਯੋਜਨਾ 2018-19 ਦੀ ਯੋਜਨਾਂ ਨਾਲੋਂ 5.22 ਫ਼ੀਸਦੀ ਵਧਕੇ ਹੈ।ਇਸ ਮੌਕੇ ਸ੍ਰੀ ਮੜਕਨ ਨੇ ਕਿਹਾ ਕਿ ਬੈਂਕ ਅਧਿਕਾਰੀ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਕਰਜਾ ਲੈਣ ਲਈ ਪ੍ਰਾਪਤ ਹੋਈਆਂ ਅਰਜੀਆਂ ਦਾ ਤੁਰੰਤ ਨਿਪਟਾਰਾ ਕਰਨ ਸਮੇਤ ਯੋਗ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਪ੍ਰਦਾਨ ਕਰਨ 'ਚ ਵੀ ਆਪਣਾ ਯੋਗਦਾਨ ਪਾਉਣ।
ਇਸ ਤੋਂ ਬਿਨ੍ਹਾਂ ਵੱਖ ਵੱਖ ਵਿਭਾਗਾਂ ਵੱਲੋਂ ਲਾਭਪਾਤਰੀਆਂ ਵੱਲੋਂ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਸਪਾਂਸਰ ਕੀਤੇ ਕੇਸਾਂ ਦਾ ਪਹਿਲ ਦੇ ਅਧਾਰ 'ਤੇ ਨਿਪਟਾਰਾ ਕਰਨ।ਸ੍ਰੀ ਮੜਕਨ ਨੇ ਕਿਹਾ ਕਿ ਸੈਲਫ਼ ਹੈਲਪ ਗਰੁੱਪ ਬਣਾ ਕੇ ਘੱਟ ਵਿਆਜ ਤੇ ਕਰਜ਼ੇ ਮੁਹੱਈਆ ਕਰਵਾਉਣ ਨੂੰ ਵੀ ਤਰਜੀਹ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬੈਂਕਾਂ ਵੱਲੋਂ ਪਾਸ ਜਾਂ ਰੱਦ ਕੀਤੇ ਜਾਂਦੇ ਕੇਸਾਂ ਨੂੰ ਵੈਬ ਪੋਰਟਲ 'ਤੇ ਅਪਲੋਡ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਦੀ ਸਹੀ ਰਿਪੋਰਟ ਪੇਸ਼ ਕੀਤੀ ਜਾ ਸਕੇ। ਉਨ੍ਹਾਂ ਨੇ ਸਮੂਹ ਬੈਂਕ ਅਧਿਕਾਰੀਆਂ ਨੂੰ ਬੈਂਕਾਂ ਰਾਹੀਂ ਮਿਲਣ ਵਾਲੀਆਂ ਸੁਵਿਧਾਵਾਂ ਪ੍ਰਤੀ ਜਾਗਰੂਕ ਕਰਨ ਲਈ ਵੀ ਕਿਹਾ।ਇਸ ਤੋਂ ਪਹਿਲਾਂ ਬੈਂਕਾਂ ਦੀ ਸੁਰੱਖਿਆ ਕਮੇਟੀ ਦੀ ਮੀਟਿੰਗ ਮੌਕੇ ਸ੍ਰੀ ਮੜਕਨ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਪਿਛਲੇ ਸਮੇਂ 'ਚ ਜ਼ਿਲ੍ਹੇ ਅੰਦਰ ਹੋਈਆਂ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਬੈਂਕਾਂ ਦੀਆਂ ਸਮੂਹ ਬ੍ਰਾਚਾਂ ਤੇ ਏ.ਟੀ.ਐਮ 'ਚ ਸੀ.ਸੀ.ਟੀ.ਵੀ ਕੈਮਰੇ ਚਾਲੂ ਹਾਲਤ 'ਚ ਹੋਣੇ ਯਕੀਨੀ ਬਣਾਏ ਜਾਣ। ਜਦੋਂਕਿ ਪੁਲਿਸ ਵੱਲੋਂ ਬੈਂਕਾਂ ਦੁਆਲੇ ਕਿਸੇ ਨਿਸਚਿਤ ਸਮੇਂ ਦੀ ਬਜਾਏ ਅਚਨਚੇਤ ਗਸ਼ਤ ਕੀਤੀ ਜਾਵੇ।ਲੀਡ ਬੈਂਕ ਐਸ.ਬੀ.ਆਈ. ਦੇ ਚੀਫ਼ ਮੈਨੇਜਰ ਸ੍ਰੀ ਸੁਰਿੰਦਰ ਮਲਿਕ ਨੇ ਇਸ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਬੈਂਕਾਂ ਦੀ ਕਾਰਵਾਈ ਬਾਬਤ ਜਾਣਕਾਰੀ ਦਿੱਤੀ।ਇਸ ਮੌਕੇ ਰਿਜਰਵ ਬੈਂਕ ਆਫ਼ ਇੰਡੀਆ ਤੋਂ ਏ.ਜੀ.ਐਮ. ਸ. ਕੇ.ਐਸ. ਭੁੱਲਰ, ਨਬਾਰਡ ਦੇ ਡੀ.ਡੀ.ਐਮ. ਸ. ਜੇ.ਪੀ.ਐਸ. ਅਹੂਜਾ, ਐਸ.ਬੀ.ਆਈ. ਦੇ ਸੁਰੱਖਿਆ ਅਫ਼ਸਰ ਸੇਵਾ ਮੁਕਤ ਕਮਾਂਡੈਂਟ ਸਾਧੂ ਸਿੰਘ, ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਸਮੇਤ ਕਈ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।