5 Dariya News

PMKVY ਤਹਿਤ ਸਕਿੱਲ ਸੈਂਟਰ ਚੋਂ ਆਏ 1.69 ਕਰੋੜ ਰੁਪਏ ਦੇ ਘਪਲੇ ਦਾ ਮਾਨਸਾ ਪੁਲਿਸ ਨੇ ਕੀਤਾ ਖੁਲਾਸਾ

ਡੂੰਘੀ ਤਫ਼ਤੀਸ਼ ਉਪਰੰਤ ਸੁਸਾਇਟੀ ਦੇ 14 ਮੈਂਬਰਾਂ ਤੇ ਪਰਚਾ ਦਰਜ

5 Dariya News

ਮਾਨਸਾ 01-Dec-2018

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਜਿ਼ਲ੍ਹੇ ਵਿਚ ਬਣੇ ਸਕਿੱਲ ਸੈਂਟਰਾਂ ਨੂੰ ਆਉਣ ਵਾਲੀ ਗਰਾਂਟ ਵਿਚੋਂ 1.69 ਕਰੋੜ ਰੁਪਏ ਕਾਗਜ਼ਾਂ ਦੀ ਹੇਰਾਫੇਰੀ ਅਤੇ ਧੋਖਾਧੜੀ ਨਾਲ ਕਢਵਾਉਣ ਦੇ ਮਾਮਲੇ ਵਿਚ ਮਾਨਸਾ ਪੁਲਿਸ ਨੇ 14 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਐਸ.ਐਸ.ਪੀ. ਮਨਧੀਰ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਮੀਰਾ ਸਾਹਿਬ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ PMKVY(ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ) ਦੇ 12 ਸੈਂਟਰ ਇਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕਿੱਲ ਸੈਂਟਰਾਂ ਨੂੰ ਕੇਂਦਰੀ ਸਰਕਾਰ ਵੱਲੋਂ ਪ੍ਰਤੀ ਬੱਚੇ ਅਤੇ ਪ੍ਰਤੀ ਘੰਟੇ ਦੇ ਹਿਸਾਬ ਨਾਲ ਗਰਾਂਟ ਆਉਂਦੀ ਹੈ ਜਿਸ ਗਰਾਂਟ ਨੂੰ ਇਨ੍ਹਾਂ ਸਕਿੱਲ ਸੈਂਟਰਾਂ ਵਿਚ ਵਿਤਰਿਤ ਕੀਤਾ ਜਾਂਦਾ ਹੈ। ਪਰ ਸੁਸਾਇਟੀ ਦੇ ਪ੍ਰਧਾਨ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਇਸ ਗਰਾਂਟ ਨੂੰ ਆਪਣੇ ਪੱਧਰ ਤੇ ਕਢਵਾ ਲਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਏ ਪੈਸੇ ਦੀ ਦੁਰਵਰਤੋ ਕਰਕੇ ਉਕਤ ਵਿਅਕਤੀ ਜਿੱਥੇ ਕੇਂਦਰ ਸਰਕਾਰ ਦੀ ਸਕੀਮ ਰਾਹੀਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਿਹਾ ਸੀ ਉੱਥੇ ਹੀ ਇਨ੍ਹਾਂ ਸਕਿੱਲ ਸੈਂਟਰਾਂ ਵਿਚ ਪੜ੍ਹਾ ਰਹੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਕਰ ਰਿਹਾ ਸੀ।

ਇਸ ਸਬੰਧੀ ਸਿ਼ਕਾਇਤ ਪ੍ਰਾਪਤ ਹੋਣ ਤੇ ਦੋਸ਼ੀਆਂ ਖਿਲਾਫ਼ ਪੜਤਾਲ ਕਰਨ ਉਪਰੰਤ ਸਿ਼ਕਾਇਤ ਵਿਚ ਦਰਜ ਦੋਸ਼ ਸਹੀ ਸਾਬਤ ਹੋਏ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਵੱਖ—ਵੱਖ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਜਿਸ ਵਿਚ ਪਾਇਆ ਗਿਆ ਕਿ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਵੱਲੋਂ ਕਾਫ਼ੀ ਪੈਸਾ ਆਪਣੇ ਨਿੱਜੀ ਖਾਤੇ ਵਿਚ ਵੀ ਟਰਾਂਸਫਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਿਕਾਰਡ ਦੀ ਜਾਂਚ ਕਰਨ ਉਪਰੰਤ ਪਾਇਆ ਗਿਆ ਕਿ ਆਈ ਗਰਾਂਟ ਦੀ ਸਹੀ ਵਰਤੋ ਨਾ ਕਰਕੇ ਸੁਸਾਇਟੀ ਦੇ ਮੈਂਬਰਾਂ ਅਤੇ ਪ੍ਰਧਾਨ ਵੱਲੋਂ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਕੀਤੀ ਗਈ ਹੈ, ਇਸ ਲਈ ਉਕਤ ਦੋਸ਼ੀਆਂ ਖਿਲਾਫ਼ ਆਈ.ਪੀ.ਸੀ. 1860 ਦੀ ਧਾਰਾ 420/406/465/467/468/471 ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਐਸ.ਐਸ.ਪੀ. ਨੇ ਹੋਰ ਕਿਹਾ ਕਿ ਸਰਕਾਰ ਵੱਲੋਂ ਆਈਆਂ ਸਕੀਮਾਂ ਨੂੰ ਇਸ ਤਰਾਂ ਦੇ ਕੁਝ ਗਲਤ ਅਨਸਰ ਸਹੀ ਤਰੀਕੇ ਨਾਲ ਆਮ ਲੋਕਾਂ ਤੱਕ ਨਹੀਂ ਪਹੁੰਚਣ ਦਿੰਦੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।