ਸਿਹਤ ਅਤੇ ਸਿੱਖਿਆ ਵਿਭਾਗ ਮਿਲ ਕੇ ਸਕੂਲੀ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਵਾਉਣਗੇ : ਐਮ.ਕੇ.ਅਰਾਵਿੰਦ ਕੁਮਾਰ
ਸਿਹਤ ਵਿਭਾਗ ਮੁਫ਼ਤ ਦੇਵੇਗਾ ਐਣਕਾਂ, ਜਨਧਨ ਬੈਂਕ ਖਾਤਾ ਜੀਰੋ ਬੈਂਲੇਸ ਤੇ ਨਾ ਖੋਲਣ ਵਾਲੇ ਬੈਂਕ ਖਿਲਾਫ ਹੋਵੇਗੀ ਕਾਰਵਾਈ
5 Dariya News
ਸ੍ਰੀ ਮੁਕਤਸਰ ਸਾਹਿਬ 29-Nov-2018
ਜ਼ਿਲਾ ਸਿਹਤ ਸੋਸਾਇਟੀ ਅਤੇ ਜ਼ਿਲਾ ਸਿੱਖਿਆ ਵਿਕਾਸ ਕਮੇਟੀਆਂ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਕੁਮਾਰ ਨੇ ਸਿਹਤ ਅਤੇ ਸਿੱਖਿਆ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਸਕੂਲਾਂ ਵਿਚ ਪੜਦੇ ਜਿਨਾਂ ਬੱਚਿਆਂ ਵਿਚ ਅੱਖਾਂ ਦੀ ਨਜ਼ਰ ਕਮਜੋਰ ਹੋਣ ਦੇ ਲੱਛਣ ਵਿਖਾਈ ਦਿੰਦੇ ਹਨ ਉਨਾਂ ਦੀ ਜਾਂਚ ਕਰਵਾਈ ਜਾਵੇ ਅਤੇ ਸਿਹਤ ਵਿਭਾਗ ਦੀ ਸਕੀਮ ਅਨੁਸਾਰ ਵਿਭਾਗ ਅਜਿਹੇ ਬੱਚਿਆਂ ਨੂੰ ਐਣਕ ਮੁਫ਼ਤ ਮੁਹਈਆ ਕਰਵਾਏਗਾ ਜਿੰਨਾਂ ਨੂੰ ਇਸਦੀ ਜਰੂਰਤ ਹੋਵੇਗੀ। ਉਨਾਂ ਨੇ ਇਸ ਸਬੰਧੀ ਦੋਹਾਂ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਬੱਚਿਆਂ ਨੂੰ ਹਸਪਤਾਲ ਤੱਕ ਲੈਕੇ ਆਉਣ ਲਈ ਸਮਾਂ ਸਾਰਣੀ ਤਿਆਰ ਕੀਤੀ ਜਾਵੇ ਤਾਂ ਜੋ ਜ਼ਿਲਾ ਪ੍ਰਸਾਸ਼ਨ ਇਸ ਕਾਰਜ ਵਿਚ ਸਹਾਇਤਾ ਕਰ ਸਕੇ। ਉਨਾਂ ਦੱਸਿਆ ਕਿ ਨਜਰ ਕਮਜੋਰ ਵਾਲੇ ਬੱਚਿਆਂ ਦੀ ਪਹਿਚਾਣ ਕਰਨ ਲਈ ਮੁੱਢਲੀ ਸਿਖਲਾਈ ਪਹਿਲਾਂ ਹੀ ਵਿਗਿਆਨ ਵਿਸੇ ਦੇ ਅਧਿਆਪਕਾਂ ਨੂੰ ਦਿੱਤੀ ਜਾ ਚੁੱਕੀ ਹੈ। ਫਿਲਹਾਲ ਇਹ ਪ੍ਰਕ੍ਰਿਆ ਸ਼ੁਰੂ ਵੀ ਹੋ ਚੁੱਕੀ ਹੈ ਅਤੇ ਬਲਮਗੜ ਸਕੂਲ ਦੇ 60 ਬੱਚਿਆਂ ਨੂੰ ਨਜਰ ਚੈਕ ਕਰਵਾਉਣ ਲਈ ਅੱਜ ਹਸਪਤਾਲ ਤੱਕ ਲਿਆਂਦਾ ਵੀ ਗਿਆ ਹੈ। ਇਸੇ ਤਰਾਂ ਸਿਹਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਉਨਾਂ ਨੇ ਵਿਭਾਗ ਨੂੰ ਜਨਨੀ ਸੁਰੱਖਿਆ ਯੋਜਨਾ ਤਹਿਤ ਬਣਦੇ ਲਾਭ ਛੇਤੀ ਦੇਣ ਲਈ ਕਿਹਾ। ਉਨਾਂ ਕਿਹਾ ਕਿ ਜੇਕਰ ਕੋਈ ਬੈਂਕ ਅਜਿਹੇ ਲਾਭਪਾਤਰੀਆਂ ਦਾ ਜਨਧਨ ਬੈਂਕ ਖਾਤਾ ਜੀਰੋ ਬੈਂਲੇਸ ਤੇ ਨਹੀਂ ਖੋਲਦਾ ਜਾਂ ਪੈਨ ਕਾਰਡ ਮੰਗਦਾ ਹੈ ਤਾਂ ਤੁਰੰਤ ਸਿਹਤ ਵਿਭਾਗ ਇਸ ਸਬੰਧੀ ਆਪਣੇ ਇਲਾਕੇ ਦੇ ਐਸ.ਡੀ.ਐਮ. ਦੇ ਧਿਆਨ ਵਿਚ ਲਿਆਵੇ ਤਾਂ ਜੋ ਸਬੰਧਤ ਬੈਂਕ ਖਿਲਾਫ ਕਾਰਵਾਈ ਲਈ ਲਿਖਿਆ ਜਾ ਸਕੇ। ਬੈਠਕ ਦੌਰਾਨ ਸਿਵਲ ਸਰਜਨ ਡਾ: ਸੁਖਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਪਿੱਛਲੇ ਮਹੀਨੇ 789 ਲੋਕਾਂ ਦੀ ਕੈਂਸਰ ਸਬੰਧੀ ਮੁੱਢਲੀ ਜਾਂਚ ਕੀਤੀ ਸੀ ਜਿਸ ਵਿਚੋਂ 13 ਸੱਕੀ ਮਰੀਜਾਂ ਦੀ ਜਾਂਚ ਕਰਵਾਈ ਗਈ ਜਿੰਨਾਂ ਵਿਚੋਂ 10 ਕੇਸਾਂ ਵਿਚ ਕੈਂਸਰ ਦੀ ਪੁਸ਼ਟੀ ਨਹੀਂ ਹੋਈ ਜਦ ਕਿ 3 ਦੇ ਨਤੀਜੇ ਆਉਣੇ ਬਾਕੀ ਹਨ। ਡਿਪਟੀ ਕਮਿਸ਼ਨਰ ਨੇ ਇਸ ਜਾਂਚ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਵੀ ਕਿਹਾ। ਜ਼ਿਲੇ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿਚ ਚੰਗੀਆਂ ਪ੍ਰਾਪਤੀਆਂ ਲਈ ਉਨਾਂ ਨੇ ਸਿੱਖਿਆ ਵਿਭਾਗ ਨੂੰ ਵਧਾਈ ਵੀ ਦਿੱਤੀ।ਬੈਠਕ ਵਿਚ ਏ.ਡੀ.ਸੀ. ਜਨਰਲ ਡਾ: ਰਿਚਾ, ਐਸ.ਡੀ.ਐਮ. ਸ: ਰਾਜਪਾਲ ਸਿੰਘ, ਸ: ਗੋਪਾਲ ਸਿੰਘ, ਸ: ਅਰਸ਼ਦੀਪ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ ਮਨਛਿੰਦਰ ਕੌਰ ਆਦਿ ਵੀ ਹਾਜਰ ਸਨ।