ਇੰਡਸ ਸਕੂਲ 'ਚ ਵਿਦਿਆਰਥੀ ਲਈ ਮਨਾਇਆ ਗਿਆ ਟਰੈਫ਼ਿਕ ਜਾਗਰੂਕਤਾ ਦਿਹਾੜਾ
ਵਿਦਿਆਰਥੀਆਂ ਨੇ ਰੈਲੀ ਕੱਢਕੇ ਟਰੈਫਿਕ ਨਿਯਮਾਂ ਲਈ ਲੋਕਾਂ ਨੂੰ ਕੀਤਾ ਜਾਗਰੂਕ
5 Dariya News
ਖਰੜ 23-Nov-2018
ਇੰਡਸ ਪਬਲਿਕ ਸਕੂਲ, ਵਡਾਲਾ ਰੋਡ ਵੱਲੋਂ ਟਰੈਫਿਕ ਪੁਲਿਸ ਮੁਹਾਲੀ ਦੇ ਸਹਿਯੋਗ ਨਾਲ ਸਕੂਲ ਦੇ ਡਰਾਈਵਰਾਂ, ਕਲੀਨਰਾਂ,ਵਿਦਿਆਰਥੀਆਂ ਅਤੇ ਸ਼ਹਿਰੀਆਂ ਨੂੰ ਸੜਕੀ ਨਿਯਮਾਂ ਦੀ ਜਾਣਕਾਰੀ ਦੇਣ ਦੇ ਮੰਤਵ ਨਾਲ ਸਕੂਲ ਵਿਚ ਟਰੈਫ਼ਿਕ ਜਾਗਰੂਕਤਾ ਦਿਹਾੜਾ ਮਨਾਇਆ ਗਿਆ । ਇਸ ਦਾ ਮੁੱਖ ਮੰਤਵ ਰੋਜ਼ਾਨਾ ਹੋਣ ਵਾਲੇ ਸੜਕ ਹਾਦਸੇ ਤੋਂ ਬਚਣ ਲਈ ਡਰਾਈਵਰਾਂ ਅਤੇ ਵਿਦਿਆਰਥੀਆਂ ਨੂੰ ਟਰੈਫ਼ਿਕ ਦੇ ਨਿਯਮਾਂ ਨਾਲ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਦੇ ਪਾਲਨ ਲਈ ਪ੍ਰੇਰਿਤ ਕਰਨਾ ਸੀ। ਇਸ ਦੌਰਾਨ ਟਰੈਫ਼ਿਕ ਮੁਲਾਜ਼ਮਾਂ ਵੱਲੋਂ ਕੈਂਪਸ ਵਿਚ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਕੂਲ ਦੇ ਅਧਿਆਪਕਾਂ ਵੱਲੋਂ ਟਰੈਫ਼ਿਕ ਨਿਯਮਾਂ ਤੇ ਟਰੈਫ਼ਿਕ ਦੇ ਸਾਈਨ ਬੋਰਡਾਂ ਬਾਰੇ ਅਹਿਮ ਜਾਣਕਾਰੀ ਦਿਤੀ । ਟਰੈਫ਼ਿਕ ਮੁਲਾਜ਼ਮਾਂ ਨੇ ਵਿਦਿਆਰਥੀਆਂ ਨੂੰ ਟਰੈਫ਼ਿਕ ਸਾਈਨ,ਸਿਗਨਲ,ਜ਼ੈਬਰਾ ਕਰਾਸਿੰਗ,ਫੁੱਟਪਾਥ ਅਤੇ ਟਰੈਫ਼ਿਕ ਲਾਈਟਾਂ ਬਾਰੇ ਜਾਣਕਾਰੀ ਦਿਤੀ । ਇਸ ਤੋਂ ਸਕੂਲੀ ਵਿਦਿਆਰਥੀਆਂ ਨੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਇਕ ਰੈਲੀ ਦਾ ਆਯੋਜਨ ਵੀ ਕੀਤਾ। ਜਿਸ ਵਿਚ ਵਿਦਿਆਰਥੀਆਂ ਨੇ ਹੱਥਾਂ ਵਿਚ ਟਰੈਫਿਕ ਨਿਯਮਾਂ ਨੂੰ ਜਾਗਰੂਕ ਕਰਦੀਆਂ ਤਖਤੀਆਂ ਫੜੀਆਂ ਹੋਈਆਂ ਸਨ।
ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਕਰਨਲ ਸੀ ਐੱਸ ਚੀਮਾ ਅਤੇ ਮੈਨੇਜਰ ਕਰਨਲ ਐੱਸ ਪੀ ਐੱਸ ਚੀਮਾ ਨੇ ਦੱਸਿਆ ਕਿ ਟਰੈਫ਼ਿਕ ਜਾਗਰੂਕਤਾ ਦੌਰਾਨ ਵਿਦਿਆਰਥੀਆਂ ਨੂੰ ਨਾ ਸਿਰਫ਼ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿਤੀ ਗਈ ਬਲਕਿ ਛੋਟੇ-ਛੋਟੇ ਬੱਚਿਆਂ ਨੂੰ ਇਹ ਵੀ ਸਮਝਾਇਆ ਗਿਆ ਕਿ ਜੇਕਰ ਉਨ੍ਹਾਂ ਦੇ ਮਾਪੇ ਵੀ ਕਿਸੇ ਤਰਾਂ ਸੜਕ ਤੇ ਜਾਂਦੇ ਹੋਏ ਨਿਯਮਾਂ ਦੀ ਪਾਲਣਾ ਨਹੀ ਕਰਦੇ ਤਾਂ ਉਹ ਆਪਣੇ ਮਾਪਿਆਂ ਨੂੰ ਕਾਨੂੰਨ ਦੀ ਪਾਲਨ ਕਰਨ ਲਈ ਪ੍ਰੇਰਿਤ ਕਰਨ,ਕਿਉਂਕਿ ਅਕਸਰ ਵੇਖਿਆ ਗਿਆ ਹੈ ਕਿ ਮਾਪੇ ਆਪਣੇ ਬੱਚਿਆਂ ਦੀ ਕਹੀ ਹੋਈ ਗੱਲ ਨੂੰ ਬਹੁਤ ਧਿਆਨ ਨਾਲ ਸੁਣਦੇ ਹਨ । ਇਸ ਲਈ ਜੇਕਰ ਉਨ੍ਹਾਂ ਦੀ ਇਸ ਕੋਸ਼ਿਸ਼ ਨਾਲ ਜੇਕਰ ਇਕ ਪਰਿਵਾਰ ਵੀ ਜਾਗਰੂਕ ਹੁੰਦਾ ਹੈ ਤਾਂ ਇਹ ਉਨ੍ਹਾਂ ਦੀ ਕਾਮਯਾਬੀ ਹੋਵੇਗੀ।ਸਕੂਲ ਦੇ ਪ੍ਰਿਸੀਪਲ ਪਰਮਪ੍ਰੀਤ ਕੌਰ ਚੀਮਾ ਨੇ ਸਮੂਹ ਸਟਾਫ਼ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਛੋਟੀ ਉਮਰ 'ਚ ਲਈ ਗਈ ਜਾਣਕਾਰੀ ਬਾਲ ਮਨਾਂ ਤੇ ਜ਼ਿਆਦਾ ਅਸਰ ਕਰਦੀ ਹੈ ਅਤੇ ਭਵਿਖ 'ਚ ਇਹੀ ਆਦਤਾਂ ਬੱਚਿਆਂ ਨੂੰ ਚੰਗੇ ਸ਼ਹਿਰੀ ਬਣਨ ਸਹਾਇਕ ਹੁੰਦੀਆਂ ਹਨ।