5 Dariya News

ਨਹਿਰੂ ਯੁਵਾ ਕੇਂਦਰ ਵੱਲੋਂ ਕਮਜ਼ੋਰ ਵਰਗ ਭਲਾਈ ਦਿਵਸ ਅਤੇ ਥੀਮ ਬੈੱਸਟ ਜਾਗਰੂਕਤਾ ਤੇ ਸਿੱਖਿਆ ਅਭਿਆਨ ਪ੍ਰੋਗਰਾਮ ਦਾ ਆਯੋਜਨ

ਨੌਜਵਾਨ ਰਾਸ਼ਟਰੀ ਏਕਤਾ ਅਤੇ ਦੇਸ਼ ਦੇ ਵਿਕਾਸ ਵਿੱਚ ਪਾਉਣ ਆਪਣਾ ਵਿਸ਼ੇਸ਼ ਯੋਗਦਾਨ - ਸਰਬਜੀਤ ਸਿੰਘ ਬੇਦੀ

5 Dariya News

ਫਿਰੋਜ਼ਪੁਰ 20-Nov-2018

ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਭਾਰਤ ਸਰਕਾਰ ਵੱਲੋਂ ਸਹਾਇਕ ਕਮਿਸ਼ਨਰ (ਜ.) ਸ੍ਰ. ਰਣਜੀਤ ਸਿੰਘ ਦੀ ਅਗਵਾਈ ਹੇਠ ਕੌਮੀ ਏਕਤਾ ਹਫ਼ਤੇ ਦੇ ਤਹਿਤ ਪਿੰਡ ਪੋਜੋ ਕੇ ਵਿਖੇ ਸ਼ਹੀਦ ਊਧਮ ਸਿੰਘ ਯੂਥ ਐਂਡ ਸਪੋਰਟਸ ਕਲੱਬ ਅਤੇ ਜ਼ਿਲ੍ਹਾ ਭਲਾਈ ਵਿਭਾਗ ਫਿਰੋਜ਼ਪੁਰ ਦੇ ਸਹਿਯੋਗ ਨਾਲ ਕਮਜ਼ੋਰ ਵਰਗ (ਪੱਛੜੀਆਂ ਸ਼੍ਰੇਣੀਆਂ) ਭਲਾਈ ਦਿਵਸ ਅਤ ਥੀਮ ਬੈੱਸਟ ਜਾਗਰੂਕਤਾ ਤੇ ਸਿੱਖਿਆ ਅਭਿਆਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ੍ਰ. ਸਰਬਜੀਤ ਸਿੰਘ ਬੇਦੀ ਨੇ ਕੀਤੀ। ਪ੍ਰੋਗਰਾਮ ਵਿੱਚ ਏ.ਐੱਸ.ਆਈ. ਸ੍ਰ.ਲਖਵੀਰ ਸਿੰਘ ਟ੍ਰੈਫਿਕ ਸੈੱਲ ਫਿਰੋਜ਼ਪੁਰ, ਗੁਰਮੀਤ ਸਿੰਘ ਨੁਮਾਇੰਦਾ ਜ਼ਿਲ੍ਹਾ ਭਲਾਈ ਅਫ਼ਸਰ, ਸ੍ਰ. ਵਿਕਰਮਜੀਤ ਸਿੰਘ ਬਲਾਕ ਪ੍ਰਧਾਨ ਅਤੇ ਡਾ. ਪੰਜਾਬ ਸਿੰਘ ਵਿਸ਼ੇਸ਼ ਬੁਲਾਰੇ ਦੇ ਰੂਪ ਵਿੱਚ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਲੇਖਾਕਾਰ ਨਹਿਰੂ ਯੁਵਾ ਕੇਂਦਰ ਸ੍ਰ. ਗੁਰਦੇਵ ਸਿੰਘ ਵੱਲੋਂ ਪ੍ਰੋਗਰਾਮ ਦੇ ਉਦੇਸ਼ ਅਤੇ ਰੂਪ ਰੇਖਾ ਬਾਰੇ ਚਰਚਾ ਕਰਦਿਆਂ ਕੀਤੀ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਵੀ ਕਿਹਾ। ਪ੍ਰੋਗਰਾਮ ਵਿੱਚ ਸ੍ਰ. ਲਖਵੀਰ ਸਿੰਘ ਨੇ ਟ੍ਰੈਫਿਕ ਨਿਯਮਾਂ, ਨਸ਼ੇ ਦੀ ਰੋਕਥਾਮ ਅਤੇ ਸਮਾਜਿਕ ਮੁੱਦਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸ੍ਰ. ਗੁਰਮੀਤ ਸਿੰਘ ਨੇ ਕਮਜ਼ੋਰ ਵਰਗ ਸਬੰਧੀ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਜ਼ਰੂਰਤਮੰਦ ਲਾਭਪਾਤਰੀਆਂ ਲਈ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਅਰਜ਼ੀਆਂ ਵੀ ਲਈਆਂ। ਪ੍ਰੋਗਰਾਮ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਸ੍ਰ. ਵਿਕਰਮਜੀਤ ਸਿੰਘ ਅਤੇ ਡਾ. ਪੰਜਾਬ ਸਿੰਘ ਵੱਲੋਂ ਨੌਜਵਾਨਾਂ ਨੂੰ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਪਿੰਡ ਦੇ ਵਿਕਾਸ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਦੀਆਂ ਕਲੱਬਾਂ ਨੂੰ ਲੋਕ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ੍ਰ. ਸਰਬਜੀਤ ਸਿੰਘ ਬੇਦੀ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦੇ ਮਹੱਤਵਪੂਰਨ ਅੰਗ ਹਨ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰੀ ਏਕਤਾ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਦੇ ਸ਼ਹੀਦਾਂ ਵੱਲੋਂ ਪਾਏ ਪੂਰਨਿਆਂ ਤੇ ਚੱਲ ਕੇ  ਵੱਧ ਤੋਂ ਵੱਧ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਮਨਾਏ ਜਾ ਰਹੇ ਕੌਮੀ ਏਕਤਾ ਹਫ਼ਤੇ ਦੌਰਾਨ ਪਿੰਡਾਂ ਵਿੱਚ ਵੱਧ ਤੋਂ ਵੱਧ ਪ੍ਰੋਗਰਾਮ ਕਰਵਾ ਕੇ ਰਾਸ਼ਟਰੀ ਏਕਤਾ ਅਤੇ ਦੇਸ਼ ਭਗਤੀ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੁਨੀਲ ਕੁਮਾਰ, ਜਤਿੰਦਰ ਸਿੰਘ ਸਮੇਤ ਭਲਾਈ ਦਫ਼ਤਰ ਦੇ ਨੁਮਾਇੰਦੇ ਅਤੇ ਕਲੱਬ ਮੈਂਬਰ ਵੀ ਮੌਜੂਦ ਸਨ।