5 Dariya News

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਮੋਗਾ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਬਾਲ ਮੇਲੇ ਸੰਪੰਨ

ਬੱਚਿਆਂ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹਿਆ, ਅਧਿਆਪਕਾਂ ਦੁਆਰਾ ਕਰਵਾਈ ਜਾ ਰਹੀ ਮਿਹਨਤ ਸਲਾਹੁਣਯੋਗ-ਡੀ.ਈ.ਓ ਪ੍ਰਦੀਪ ਸ਼ਰਮਾ

5 Dariya News

ਮੋਗਾ 15-Nov-2018

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਚਲਾਏ ਜਾ ਰਹੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਸਿੱਖਿਆ ਸਕੱਤਰ ਦੀ ਯੋਗ ਅਗਵਾਈ ਹੇਠ 14 ਨਵੰਬਰ 2017 ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕੀਤੀ ਗਈ ਸੀ। ਇੱਕ ਸਾਲ ਦਾ ਸਮਾਂ ਪੂਰਾ ਹੋਣ ਦੀ ਖੁਸ਼ੀ ਵਿੱਚ ਮਿਤੀ 14 ਨਵੰਬਰ, 2018 ਨੂੰ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਬਾਲ ਮੇਲੇ ਦਾ ਆਯੋਜਨ ਕਰਵਾਇਆ ਗਿਆ।ਜ਼ਿਲ੍ਹਾ ਮੋਗਾ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਦੀਪ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ, ਡਾਇਟ ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਜ਼ਿਲ੍ਹਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਵੱਲੋਂ ਸਮੁੱਚੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨੂੰ ਯੋਗ ਅਗਵਾਈ ਦੇ ਕੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਬਾਲ ਮੇਲੇ ਦਾ ਆਯੋਜਨ ਕਰਵਾਇਆ ਗਿਆ। ਇਸੇ ਤਹਿਤ ਬਲਾਕ ਪੱਧਰ ਤੇ ਬੀ.ਪੀ.ਈ.ਓ. ਕੁਲਦੀਪ ਕੌਰ ਨਿਹਾਲ ਸਿੰਘ ਵਾਲਾ, ਸੁਰਿੰਦਰ ਕੁਮਾਰ ਮੋਗਾ-1, ਹਰਜਿੰਦਰ ਕੌਰ ਮੋਗਾ-2, ਮੈਡਮ ਪ੍ਰੋਮਿਲਾ ਬਾਘਾਪੁਰਾਣਾ, ਜਸਵੀਰ ਕੌਰ ਧਰਮਕੋਟ-1 ਅਤੇ ਸਸ਼ੀ ਬਾਲਾ ਧਰਮਕੋਟ-2 ਵੱਲੋਂ ਵੀ ਸਾਰੇ ਸਕੂਲਾਂ ਵਿੱਚ ਬਾਲ ਮੇਲਾ ਕਰਵਾਉਣ ਲਈ ਉਪਰਾਲੇ ਕੀਤੇ ਗਏ। ਬਾਲ ਮੇਲੇ ਦੌਰਾਨ ਪ੍ਰੀ ਪ੍ਰਾਇਮਰੀ ਗਤੀਵਿਧੀਆਂ ਨੂੰ ਦਰਸਾਉਂਦੇ ਹੋਏ ਵੱਖ-ਵੱਖ ਸਟਾਲ ਜਿਵੇਂ ਸਰੀਰਿਕ ਵਿਕਾਸ, ਭਾਸ਼ਾਈ ਵਿਕਾਸ, ਬੌਧਿਕ ਵਿਕਾਸ, ਰਚਨਾਤਾਮਕ ਵਿਕਾਸ ਅਤੇ ਰਿਪੋਰਟ ਕਾਰਡ ਸਬੰਧੀ ਸਟਾਲ ਲਗਾਏ ਗਏ। ਛੋਟੇ ਛੋਟੇ ਬੱਚਿਆਂ ਦੁਆਰਾ ਕੀਤੀ ਗਈ ਸਟੇਜ ਪੇਸ਼ਕਾਰੀ ਜਿਵੇਂ ਕਵਿਤਾਵਾਂ ਬੋਲਣਾ, ਸੋਲੋ ਡਾਂਸ, ਫੈਂਸੀ ਡਰੈੱਸ ਆਦਿ ਨੇ ਸਭ ਦਾ ਮਨ ਮੋਹ ਲਿਆ। 

ਕਈ ਸਕੂਲਾਂ ਵਿੱਚ ਇਸ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਹਾਜ਼ਰ ਹੋਏ ਪਤਵੰਤੇ ਸੱਜਣਾਂ ਵੱਲੋਂ ਸਕੂਲ ਨੂੰ ਕਈ ਪ੍ਰਕਾਰ ਦੀ ਸਹਾਇਤਾ ਵੀ ਦਿੱਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਲੰਡੇ ਵਿਖੇ ਸਕੂਲ ਨੂੰ ਐਲ.ਈ.ਡੀ. ਦਾਨ ਵਜੋ ਦਿੱਤੀ ਗਈ। ਧਰਮਕੋਟ ਸਕੂਲ ਵਿਖੇ ਏ.ਐਸ.ਆਈ. ਪੂਰਨ ਸਿੰਘ ਦੁਆਰਾ ਸਕੂਲ ਨੂੰ 11 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਮੋਗਾ ਨੰਬਰ-3 ਸਕੂਲ ਨੂੰ ਡਾ. ਵੀਨਾ ਗੁਪਤਾ ਡੈਂਟਲ ਸਰਜਨ ਦੁਆਰਾ ਸਾਊਂਡ ਸਿਸਟਮ ਦਾਨ ਦਿੱਤਾ ਗਿਆ। ਸਕੂਲ ਸੈਦੇ ਸ਼ਾਹ ਵਾਲਾ ਬਲਾਕ ਧਰਮਕੋਟ-2 ਵਿਖੇ ਦਾਨੀ ਸੱਜਣਾਂ ਵੱਲੋਂ ਵਿਦਿਆਰਥੀਆਂ ਨੂੰ ਬੂਟ ਵੀ ਵੰਡੇ ਗਏ। ਇਸ ਸਮੇਂ ਸਕੂਲ ਅਧਿਆਪਕਾਂ ਦੁਆਰਾ ਕਰਵਾਈ ਜਾ ਰਹੀ ਮਿਹਨਤ ਤੋਂ ਮਾਤਾ-ਪਿਤਾ ਬਹੁਤ ਖੁਸ਼ ਨਜ਼ਰ ਆਏ ਅਤੇ ਪ੍ਰੀ ਪ੍ਰਾਇਮਰੀ ਵਿੱਚ ਬਹੁਤ ਸਾਰਾ ਨਵਾਂ ਦਾਖਲਾ ਵੀ ਹੋਇਆ। ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਬਾਲ ਮੇਲੇ ਦੀ ਅਪਾਰ ਸਫਲਤਾ ਲਈ ਸਮੁੱਚੀ ਟੀਮ ਅਤੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਗਈਆਂ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਦੌਰਾਨ ਸਹਾਇਕ ਜ਼ਿਲ੍ਹਾ ਕੋ-ਆਰਡੀਨੇਟਰ ਬਲਦੇਵ ਰਾਮ, ਬਲਾਕ ਮਾਸਟਰ ਟਰੇਨਰਜ਼ ਸਵਰਨਜੀਤ ਸਿੰਘ, ਸਤੀਸ਼ ਕੁਮਾਰ, ਰੇਸ਼ਮ ਸਿੰਘ, ਮਨੋਜ ਕੁਮਾਰ, ਸੁਰਿੰਦਰ ਸਿੰਘ, ਹਰਬੰਸ ਸਿੰਘ, ਕਲੱਸਟਰ ਮਾਸਟਰ ਟਰੇਨਰਜ਼ ਕੁਲਦੀਪ ਸਿੰਘ, ਵਿਕਾਸ ਨਾਗਪਾਲ, ਮਨਜੀਤ ਸਿੰਘ, ਹਰਮਿੰਦਰ ਸਿੰਘ, ਪਵਨ ਕੁਮਾਰ, ਮਨਦੀਪ ਸਿੰਘ, ਜੈਇੰਦਰਪਾਲ ਸਿੰਘ, ਗੁਰਵਿੰਦਰ ਸਿੰਘ, ਹਰਬੰਸ ਸਿੰਘ, ਪ੍ਰਦੀਪ ਕੁਮਾਰ, ਰਾਇਨਾ, ਰੁਬਿੰਦਰ ਕੌਰ, ਕੁਲਵੰਤ ਸਿੰਘ, ਕੁਲਦੀਪ ਸਿੰਘ, ਸ਼ੁਸ਼ੀਲ ਕੁਮਾਰ, ਜਗਸੀਰ ਸਿੰਘ, ਗੁਰਮੇਲ ਸਿੰਘ, ਮਨਪ੍ਰੀਤ ਸਿੰਘ ਅਤੇ ਸੰਦੀਪ ਵੱਲੋਂ ਸਕੂਲ ਵਿਜ਼ਿਟ ਕਰਕੇ ਬਾਲ ਮੇਲਾ ਸਫ਼ਲ ਬਣਾਉਣ ਲਈ ਅਧਿਆਪਕਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ।