ਰਿਸ਼ਵਤ ਦੇ ਖਾਤਮੇ ਲਈ ‘ਕੁਰੱਪਟ ਸਿਸਟਮ’ ਦਾ ਹਿੱਸਾ ਨਾ ਬਣਨ ਦਾ ਦਿ੍ਰੜ ਸੰਕਲਪ ਲਾਜ਼ਮੀ-ਡਿਪਟੀ ਕਮਿਸ਼ਨਰ ਵਿਨੈ ਬਬਲਾਨੀ
ਭਿ੍ਰਸ਼ਟਾਚਾਰ ਰੋਕੂ ਐਕਟ ’ਚ 2018 ਦੀ ਸੋਧ ਨੇ ਇਸ ਨੂੰ ਮਜ਼ਬੂਤੀ ਦਿੱਤੀ-ਐਸ.ਐਸ.ਪੀ. ਦਿਲਜਿੰਦਰ ਸਿੰਘ ਢਿੱਲੋਂ
5 Dariya News
ਨਵਾਂਸ਼ਹਿਰ 03-Nov-2018
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਚੌਕਸੀ ਜਾਗਰੂਕਤਾ ਸਪਤਾਹ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਰਿਸ਼ਵਤ ਦੇ ਖਾਤਮੇ ਲਈ ‘ਕੁਰੱਪਟ ਸਿਸਟਮ’ ਦਾ ਹਿੱਸਾ ਨਾ ਬਣਨ ਦਾ ਦਿ੍ਰੜ ਸੰਕਲਪ ਹੀ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਖਤਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਬੁਰਾਈ ਲਈ ਕਾਨੂੰਨ ਰਾਹੀਂ ਸਖਤੀ ਉਸ ਵੇਲੇ ਹੀ ਕਾਮਯਾਬ ਹੋਵੇਗੀ ਜਦੋਂ ਅਸੀਂ ਮਨ ’ਚ ਇਹ ਧਾਰ ਲਈਏ ਕਿ ਅਸੀਂ ਭਿ੍ਰਸ਼ਟ ਪ੍ਰਣਾਲੀ ਦਾ ਕਿਸੇ ਵੀ ਕੀਮਤ ’ਤੇ ਹਿੱਸਾ ਨਹੀਂ ਬਣਾਂਗੇ।ਸਥਾਨਕ ਡੀ ਏ ਐਨ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਜੀਲੈਂਸ ਬਿਊਰੋ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਵਾਏ ਸਾਂਝੇ ਸੈਮੀਨਾਰ ’ਚ ਬੋਲਦਿਆਂ ਉਨ੍ਹਾਂ ਅੱਗੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਮਿਲਣ ਵਾਲੀਆਂ ਸਹੂਲਤਾਂ ਤੇ ਸੇਵਾਵਾਂ ਦੀ ਪ੍ਰਾਪਤੀ ਲਈ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਦੌੜ ’ਚ ਅਸੀਂ ਵੀ ਇੱਕ ਹੱਦ ਤੱਕ ਰਿਸ਼ਵਤ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਮੇਂਵਾਰ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਪੱਧਰ ’ਤੇ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਜਿੱਥੇ ਜਨਤਕ ਸੇਵਾਵਾਂ ਨੂੰ ਸੇਵਾ ਕੇਂਦਰਾਂ/ਸਾਂਝ ਕੇਂਦਰਾਂ ਰਾਹੀਂ ਅਤੇ ਆਨਲਾਈਨ ਸ਼ੁਰੂ ਕਰਕੇ ਤਕਨੀਕ ਰਾਹੀਂ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੀਆਂ ਕੋਸ਼ਿਸ਼ਾਂ ਨੂੰ ਸਫ਼ਲਤਾ ਮਿਲੀ ਹੈ। ਉਨ੍ਹਾਂ ਇਸ ਮੌਕੇ ਭਿ੍ਰਸ਼ਟਾਚਾਰ ਮੁਕਤ ਸਮਾਜ ਦੀ ਕਾਇਮੀ ਲਈ ਆਮ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਦੁਵੱਲੇ ਪੱਧਰ ’ਤੇ ਸਹਿਯੋਗ ਦੀ ਮੰਗ ਕੀਤੀ ਅਤੇ ਭਿ੍ਰਸ਼ਟਾਚਾਰ ਤੋਂ ਨਿਰਲੇਪ ਰਹਿਣ ਦਾ ਪ੍ਰਣ ਵੀ ਦਿਵਾਇਆ।ਐਸ.ਪੀ. (ਐਚ) ਹਰੀਸ਼ ਦਿਆਮਾ ਨੇ ਆਪਣੇ ਸੰਖੇਪ ਸੰਬੋਧਨ ’ਚ ਕਿਹਾ ਕਿ ਸਾਡੀ ‘ਸ਼ਾਰਟ ਕੱਟ’ ਦੀ ਆਦਤ ਹੀ ਅਸਲ ਵਿੱਚ ਭਿ੍ਰਸ਼ਟਾਚਾਰ ਦੀ ਜਨਮਦਾਤੀ ਹੈ। ਉਨ੍ਹਾਂ ਕਿਹਾ ਕਿ ਸਪਤਾਹ ਮਨਾਉਣ ਦਾ ਲਾਭ ਤਾਂ ਹੀ ਹੋਵੇਗਾ ਜੇਕਰ ਅਸੀਂ ਆਪਣੀਆਂ ਆਦਤਾਂ ’ਚ ਤਬਦੀਲੀ ਲਿਆਵਾਂਗੇ। ਉਨ੍ਹਾਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਈ ਵਾਰ ਲਾਪ੍ਰਵਾਹੀ ਜਾਨ ’ਤੇ ਵੀ ਬਣ ਆਉਂਦੀ ਹੈ ਤੇ ਉਦੋਂ ਸਾਡੇ ਕੋਲ ਸੰਭਲਣ ਦਾ ਮੌਕਾ ਤੱਕ ਨਹੀਂ ਹੁੰਦਾ ਪਰ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਸਾਡੇ ਕੋਲ ਸੰਭਲਣ ਦਾ ਮੌਕਾ ਹੈ। ਇਸ ਲਈ ਸਾਨੂੰ ਮੇਹਨਤ ਅਤੇ ਇਮਾਨਦਾਰੀ ਦੇ ਰਸਤੇ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।
ਐਸ.ਐਸ.ਪੀ. (ਵਿਜੀਲੈਂਸ) ਜਲੰਧਰ ਰੇਂਜ, ਦਿਲਜਿੰਦਰ ਸਿੰਘ ਢਿੱਲੋਂ ਨੇ ਭਿ੍ਰਸ਼ਟਾਚਾਰ ਖਿਲਾਫ਼ ਲੜਾਈ ’ਚ ਨੌਜੁਆਨਾਂ ਨੂੰ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਦੱਸਿਆ ਕਿ ਭਿ੍ਰਸ਼ਟਾਚਾਰ ਰੋਕੂ ਐਕਟ 1988 ’ਚ ਹਾਲੀਆ ਸੋਧ ਬਾਅਦ ਬਣਿਆ ਨਵਾਂ ਐਕਟ ਭਿ੍ਰਸ਼ਟਾਚਾਰ ਰੋਕੂ ਐਕਟ (ਸੋਧ) 2018 ਬਹੁਤ ਸਖਤ ਤੇ ਜਨਹਿੱਤ ਵਾਲਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਸੋਧ ਬਾਅਦ ਸੈਕਸ਼ਨ 7 ਏ ਤਹਿਤ ਸਰਕਾਰੀ ਦਫ਼ਤਰਾਂ ’ਚ ਸਰਗਰਮ ਏਜੰਟ/ਟਾੳੂਟ ਕਿਸਮ ਦੇ ਵਿਅਕਤੀਆਂ ’ਤੇ ਵੀ ਕਾਰਵਾਈ ਕਰਨੀ ਸੌਖੀ ਹੋ ਗਈ ਹੈ। ਇਸ ਦੀ ਸਜ਼ਾ 7 ਸਾਲ ਜਾਂ ਇਸ ਤੋਂ ਵਧੇਰੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੇਂ ਐਕਟ ’ਚ ਸੈਕਸ਼ਨ 8 ਉਨ੍ਹਾਂ ਸਮਾਜ ਦੇ ਉਨ੍ਹਾਂ ਭਿ੍ਰਸ਼ਟ ਲੋਕਾਂ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਦੇਣ ਦਾ ਉਪਬੰਧ ਕਰਦਾ ਹੈ, ਜਿਹੜੇ ਸਰਕਾਰੀ ਦਫ਼ਤਰਾਂ ’ਚ ਆਪਣੇ ਕੰਮ ਕਢਵਾਉਣ ਲਈ ਰਿਸ਼ਵਤ ਸਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ। ਅਜਿਹੇ ਵਿਅਕਤੀ ਜੇਕਰ ਰਿਸ਼ਵਤ ਦੇਣ ਦੇ 7 ਦਿਨ ’ਚ ਬਿਊਰੋ ਨੂੰ ਸੂਚਨਾ ਨਹੀਂ ਦਿੰਦੇ ਤਾਂ ਕਾਰਵਾਈ ਹੋਣ ਦੀ ਸੂਰਤ ’ਚ ਬਰਾਬਰ ਦੇ ਕਸੂਰਵਾਰ ਮੰਨੇ ਜਾਣਗੇ। ਉਨ੍ਹਾਂ ਕਿਹਾ ਕਿ ਰਿਸ਼ਵਤ ਲੈਣ ਨਾਲ ਕਾਨੂੰਨੀ ਤੌਰ ’ਤੇ ਤਾਂ ਸਜ਼ਾ ਮਿਲਦੀ ਹੀ ਹੈ ਪਰ ਸਮਾਜਿਕ ਤੌਰ ’ਤੇ ਵੀ ਰਿਸ਼ਵਤਖੋਰ ਖੁਦ ਤੇ ਉਸ ਦਾ ਪਰਿਵਾਰ ਪੱਕੇ ਤੌਰ ’ਤੇ ਸਮਾਜਿਕ ਧੱਬੇ ਦਾ ਸ਼ਿਕਾਰ ਹੋ ਜਾਂਦਾ ਹੈ, ਇਸ ਲਈ ਭਿ੍ਰਸ਼ਟਚਾਰ ਤੋਂ ਦੂਰ ਰਹਿਣ ’ਚ ਭਲਾਈ ਹੈ। ਉਨ੍ਹਾਂ ਭਿ੍ਰਸ਼ਟਾਚਾਰ ਖਿਲਾਫ਼ ਸ਼ਿਕਾਇਤ ਲਈ ਟੋਲ ਫ੍ਰੀ ਨੰ. 1800 1800 1000 ਯਾਦ ਰੱਖਣ ਲਈ ਆਖਿਆ। ਇਸ ਮੌਕੇ ਡੀ ਏ ਐਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਸਕਿੱਟ ‘ਚਾਹ ਪਾਣੀ’ ਨੇ ਸਭ ਦਾ ਧਿਆਨ ਖਿੱਚਿਆ ਅਤੇ ਸਮਾਜਿਕ ਤਾਣੇ ਬਾਣੇ ’ਚ ਸਾਡੇ ਵੱਲੋਂ ਹਰ ਥਾਂ ਰਿਸ਼ਵਤ ਦੀ ਪੇਸ਼ਕਸ਼ ਦੇ ਦੁਖਤ ਅੰਤ ਨੂੰ ਉਭਾਰਿਆ। ਇਸੇ ਕਾਲਜ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ ਤੇ ਸੋਨੀਆ ਰਾਣਾ, ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਦੇ ਭਿ੍ਰਸ਼ਟਾਚਾਰ ਖਿਲਾਫ਼ ਪ੍ਰਭਾਵਸ਼ਾਲੀ ਤੇ ਪ੍ਰੇਰਣਾਦਾਇਕ ਭਾਸ਼ਨ, ਇਸੇ ਸਕੂਲ ਦੇ ਵਿਦਿਆਰਥੀ ਯੁਵਰਾਜ ਸਿੱਧੂ ਵੱਲੋਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਵੱਲੋਂ ਗਾਏ ਦੇਸ਼ ਭਗਤੀ ਗੀਤਾਂ ਨੇ ਵੀ ਸਭ ਦਾ ਧਿਆਨ ਖਿੱਚਿਆ। ਕਾਲਜ ਪ੍ਰੋਫ਼ੈਸਰ ਕਰੁਨਾ ਉਬਰਾਏ ਨੇ ਸਭ ਦਾ ਧੰਨਵਾਦ ਕੀਤਾ।ਹੋਰਨਾਂ ਤੋਂ ਇਲਾਵਾ ਐਸ.ਪੀ. (ਡੀ) ਬਲਰਾਜ ਸਿੰਘ, ਡੀ ਐਸ ਪੀ ਨਵਾਂਸ਼ਹਿਰ ਮੁਖਤਿਆਰ ਰਾਏ, ਸਮਾਗਮ ਦੇ ਪ੍ਰਬੰਧਕ ਵਿਜੀਲੈਂਸ ਬਿਊਰੋ ਨਵਾਂਸ਼ਹਿਰ ਦੇ ਡੀ ਐਸ ਪੀ ਕੁਲਵੰਤ ਰਾਏ, ਵੱਖ-ਵੱਖ ਥਾਣਿਆਂ ਦੇ ਐਸ.ਐਚ.ਓ., ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਸੈਮੀਨਾਰ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।