5 Dariya News

ਸੈਂਟਰ ਹੈੱਡ ਟੀਚਰਾਂ ਦੀ ਓਰੀਐਂਟੇਸ਼ਨ ਵਰਕਸ਼ਾਪ ਦਾ ਚੌਥਾ ਗੇੜ ਸਮਾਪਤ

5 Dariya News (ਗੁਰਨਾਮ ਸਾਗਰ)

ਐਸ.ਏ.ਐਸ. ਨਗਰ (ਮੁਹਾਲੀ) 30-Oct-2018

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਲੋਂ ਪੰਜਾਬ ਦੇ 73 ਸੈਂਟਰ ਹੈੱਡ ਟੀਚਰਾਂ ਦੀ ਓਰੀਐਂਟੇਸ਼ਨ ਵਰਕਸ਼ਾਪ ਦਾ ਚੌਥਾ ਗੇੜ 29-30 ਅਕਤੂਬਰ ਨੂੰ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਸਮਾਪਤ ਹੋ ਗਿਆ ਹੈ|ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲਾਂ 'ਚ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਸੁਧਾਰਨ ਦੇ ਨਾਲ਼-ਨਾਲ਼ ਜਮਾਤ ਅਨੁਸਾਰ ਨਿਰਧਾਰਿਤ ਸਿੱਖਣ ਪਰਿਣਾਮਾਂ ਦੀ ਗੱਲ ਕੀਤੀ ਜਾਂਦੀ ਹੈ| ਪਾਠਕ੍ਰਮ ਨੂੰ ਕਰਵਾਉਣ ਲਈ ਸਿੱਖਿਆ ਵਿਭਾਗ ਦੀ ਰਾਜ ਸਿੱਖਿਆ ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਅਧਿਆਪਕਾਂ ਨੂੰ ਨਵੀਆਂ ਸਿੱਖਣ-ਸਿਖਾਉਣ ਵਿਧੀਆਂ ਅਤੇ ਸਿੱਖਣ ਸਹਾਇਕ ਸਮੱਗਰੀ ਦੀ ਵਰਤੋਂ ਬਾਰੇ ਜਾਣਕਾਰੀ ਸਮੇਂ-ਸਮੇਂ ਤੇ ਦਿੱਤੀ ਜਾ ਰਹੀ ਹੈ| ਇਸਦੇ ਨਾਲ ਹੀ ਸੈਂਟਰ ਹੈੱਡ ਟੀਚਰਾਂ ਨੂੰ ਵੀ ਵਿਦਿਆਰਥੀ ਕੇਂਦਰਿਤ ਪਹੁੰਚ ਬਣਾਉਣ ਲਈ ਮੁੱਖ ਦਫ਼ਤਰ ਵਿਖੇ ਦੋ-ਦੋ ਦਿਨਾਂ ਰੈਜ਼ੀਡੈਂਸੀਅਲ ਸਿਖਲਾਈ ਦਿੱਤੀ ਜਾ ਰਹੀ ਹੈ|ਸੈਂਟਰ ਹੈੱਡ ਟੀਚਰ ਸਤਿੰਦਰ ਸਿੰਘ ਅਲੂਣਾ ਨੇ ਓਰੀਐਂਟੇਸ਼ਨ ਵਰਕਸ਼ਾਪ ਸਬੰਧੀ ਦੱਸਦਿਆਂ ਕਿਹਾ ਕਿ ਉਹਨਾਂ ਨੇ ਜੋ ਵੀ ਜਾਣਕਾਰੀ ਇਸ ਵਰਕਸ਼ਾਪ ਦੌਰਾਨ ਪ੍ਰਾਪਤ ਕੀਤੀ ਹੈ ਉਸ ਨੂੰ ਉਹ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਲਾਗੂ ਕਰਨਗੇ| ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਵਿਕਾਸ ਲਈ ਜੋ ਮੋਟੀਵੇਸ਼ਨਲ ਵਰਕਸ਼ਾਪਾਂ ਵੱਖ-ਵੱਖ ਜ਼ਿਲ੍ਹਿਆਂ ਅੰਦਰ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਉਹਨਾਂ ਦਾ ਅਸਰ ਸਕੂਲ ਮੁਖੀਆਂ 'ਤੇ ਦੇਖਣ ਨੂੰ ਮਿਲ ਰਿਹਾ ਹੈ| 

ਅਧਿਆਪਕਾਂ ਨੇ ਆਪਣੇ ਸਾਥੀਆਂ ਦੇ ਸਕੂਲਾਂ ਤੋਂ ਵੱਖਰੇ-ਵੱਖਰੇ ਵਿਚਾਰ ਲੈ ਕੇ ਸਕੂਲਾਂ ਦੀ ਕਾਇਆ ਕਲਪ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਸਮੁਦਾਇ ਵਧ-ਚੜ੍ਹ ਕੇ ਸਹਿਯੋਗ ਵੀ ਦੇ ਰਿਹਾ ਹੈ|ਸੈਂਟਰ ਹੈੱਡ ਟੀਚਰ ਮਨਜੀਤ ਸਿੰਘ ਲੁਧਿਆਣਾ ਨੇ ਦੱਸਿਆ ਕਿ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਖੇਡ ਮਹਿਲ ਸ਼ੁਰੂ ਕਰਨ ਨਾਲ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ ਤਾਂ ਹੋਇਆ ਹੀ ਹੈ ਨਾਲ ਹੀ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦਾ ਵਿਸ਼ਵਾਸ ਵੀ ਵਧਿਆ ਹੈ| ਅਧਿਆਪਕ ਬਾਕੀ ਜਮਾਤਾਂ ਦੇ ਬੱਚਿਆਂ ਨੂੰ ਖੇਡ ਵਿਧੀਆਂ ਨਾਲ ਕੰਮ ਕਰਵਾ ਕੇ ਤੇ ਵੱਖ-ਵੱਖ ਜਮਾਤਾਂ ਦੇ ਸਿੱਖਣ ਪੱਧਰ ਦੇ ਟੀਚੇ ਪੂਰੇ ਕਰਵਾ ਕੇ ਮਾਪਿਆਂ ਨੂੰ ਕਾਰਗੁਜ਼ਾਰੀ ਦਿਖਾ ਰਹੇ ਹਨ|ਓਰੀਐਂਟੇਸ਼ਨ ਵਰਕਸ਼ਾਪ ਦੌਰਾਨ ਸੈਂਟਰ ਹੈੱਡ ਟੀਚਰਾਂ ਨੂੰ ਸੰਬੋਧਨ ਕਰਦਿਆਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਹਾ ਕਿ ਅਧਿਆਪਕਾਂ ਦਾ ਮੁੱਢਲਾ ਫਰਜ਼ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣਾ ਹੈ ਅਤੇ ਬਹੁਤ ਸਾਰੇ ਅਧਿਆਪਕ ਸਕੂਲਾਂ ਦੀ ਦਿੱਖ ਨੂੰ ਵੀ ਸੁਧਾਰਨ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ| ਉਹਨਾਂ ਕਿਹਾ ਕਿ ਇਹਨਾਂ ਸਿਖਲਾਈ ਪ੍ਰੋਗਰਾਮਾਂ ਦਾ ਫਾਇਦਾ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਮਿਲਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਜੀਵਨ 'ਚ ਸਫਲਤਾ ਪ੍ਰਾਪਤ ਕਰ ਸਕਣ|ਇਸ ਮੌਕੇ ਡਾਇਰੈਕਟਰ ਐੱਸਸੀਈਆਰਟੀ ਪੰਜਾਬ ਇੰਦਰਜੀਤ ਸਿੰਘ, ਸਹਾਇਕ ਡਾਇਰੈਕਟਰ ਟਰੇਨਿੰਗਾਂ ਡਾ. ਜਰਨੈਲ ਸਿੰਘ ਕਾਲੇਕੇ, ਸਟੇਟ ਕੋਆਰਡੀਨੇਟਰਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਡਾ. ਦਵਿੰਦਰ ਸਿੰਘ ਬੋਹਾ ਅਤੇ ਹੋਰ ਰਿਸੋਰਸ ਪਰਸਨਾਂ ਨੇ ਵੀ ਓਰੀਐਂਟੇਸ਼ਨ ਵਰਕਸ਼ਾਪ 'ਚ ਸੈਂਟਰ ਹੈੱਡ ਟੀਚਰਾਂ ਨੂੰ ਸੰਬੋਧਨ ਕੀਤਾ|