5 Dariya News

ਸ਼ਹਿਰ ’ਚ ਆਵਾਜਾਈ ਨੂੰ ਨਿਯੰਤਿ੍ਰਤ ਕਰਨ ਲਈ ਟ੍ਰੈਫ਼ਿਕ ਮੁਲਾਜ਼ਮਾਂ ਦੀ ਨਫ਼ਰੀ ’ਚ ਕੀਤੀ ਜਾਵੇਗੀ ਵਾਧੇ ਦੀ ਸਿਫ਼ਾਰਸ਼- ਡੀ.ਸੀ. ਵਿਨੈ ਬਬਲਾਨੀ

ਧੁੰਦਾਂ ਤੋਂ ਪਹਿਲਾਂ ਟ੍ਰਾਲੀਆਂ ’ਤੇ ਰਿਫ਼ਲੈਕਟਰ ਲਾਉਣ ਦੀ ਮੁਹਿੰਮ ਚੱਲੇਗੀ, ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਹੋਈ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 30-Oct-2018

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਅਗਵਾਈ ’ਚ ਕਲ੍ਹ ਸ਼ਾਮ ਹੋਈ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ’ਚ ਸ਼ਹਿਰ ’ਚ ਆਵਾਜਾਈ ਨੂੰ ਹੋਰ ਸੁਚਾਰੂ ਢੰਗ ਨਾਲ ਨਿਯੰਤਿ੍ਰਤ ਕਰਨ ਟ੍ਰੈਫ਼ਿਕ ਮੁਲਾਜ਼ਮਾਂ ਦੀ ਨਫ਼ਰੀ ’ਚ ਵਾਧਾ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਿਫ਼ਾਰਸ਼ ਕਰਨ ਦਾ ਫ਼ੈਸਲਾ ਲਿਆ ਗਿਆ।ਮੀਟਿੰਗ ਦੌਰਾਨ ਚੰਡੀਗੜ੍ਹ ਰੋਡ ਅਤੇ ਰਾਹੋਂ ਰੋਡ ’ਤੇ ਟ੍ਰੈਫ਼ਿਕ ਮੁਲਾਜ਼ਮਾਂ ਦੀ ਹੋਰ ਲੋੜ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਕਮੇਟੀ ਵੱਲੋਂ ਸਿਫ਼ਾਰਸ਼ ਭੇਜੇ ਜਾਣ ਲਈ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਵੇਂ ਚੰਡੀਗੜ੍ਹ ਚੌਂਕ ਤੇ ਅੰਬੇਦਕਰ ਚੌਂਕ ’ਚ ਟ੍ਰੈਫ਼ਿਕ ਮੁਲਾਜ਼ਮਾਂ ਦੀ ਗਿਣਤੀ ਸੰਤੋਖਜਨਕ ਹੈ ਪਰੰਤੂ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਦੇ ਬਾਕੀ ਹਿੱਸਿਆਂ ’ਚ ਟ੍ਰੈਫ਼ਿਕ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਮੁਕਾਬਲਤਨ ਮੁਲਾਜ਼ਮਾਂ ਦੀ ਗਿਣਤੀ ਘੱਟ ਹੈ।ਇਸ ਦੇ ਨਾਲ ਹੀ ਧੁੰਦਾਂ ਤੋਂ ਪਹਿਲਾਂ ਟ੍ਰਾਲੀਆਂ ’ਤੇ ਰਿਫ਼ਲੈਕਟਰ ਲਾਉਣ ਦੀ ਮੁਹਿੰਮ ਵਿੱਢਣ ਦਾ ਫੈਸਲਾ ਵੀ ਲਿਆ ਗਿਆ ਜਿਸ ਵਿੱਚ ਹੋਰਨਾਂ ਅਦਾਰਿਆਂ ਤੇ ਐਨ.ਜੀ.ਓਜ਼ ਦੀ ਮੱਦਦ ਵੀ ਲਈ ਜਾਵੇਗੀ। ਇਸ ਸਬੰਧੀ ਐਸ.ਡੀ.ਐਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ ਨੂੰ ਟ੍ਰਾਂਸਪੋਰਟ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਆਖਿਆ ਗਿਆ।ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਸਮਾਜ ਸੇਵੀ ਜੇ ਐਸ ਗਿੱਦਾ ਦੀ ਟ੍ਰਾਲੀਆਂ ’ਤੇ ਖੁਦ ਹੀ ਲਾਈਟਾਂ ਲਗਾਉਣ ਵਾਲੇ ਟ੍ਰੈਕਟਰ ਚਾਲਕਾਂ ਨੂੰ ਸਨਮਾਨ ਕੇ ਸਮਾਜ ’ਚ ਪ੍ਰੇਰਨਾ ਸ੍ਰੋਤ ਵਜੋਂ ਪੇਸ਼ ਕਰਨ ਦੇ ਮਸ਼ਵਰੇ ਨਾਲ ਸਹਿਮਤੀ ਪ੍ਰਗਟਾਉਂਦਿਆਂ, ਅਜਿਹੇ ਜ਼ਿੰਮੇਂਵਾਰ ਨਾਗਰਿਕਾਂ ਨੂੰ ਢੁਕਵਾਂ ਸਨਮਾਨ ਦੇਣ ਦੀ ਗੱਲ ਵੀ ਆਖੀ। ਗਿੱਦਾ ਵੱਲੋਂ ਹੀ ਚੰਡੀਗੜ੍ਹ ਰੋਡ ’ਤੇ ਸ਼ਹਿਰੀ ਹੱਦ ’ਚ ਵਾਹਨਾਂ ਦੀ ਬੇਤਹਾਸ਼ਾ ਸਪੀਡ ਨੂੰ ਕੰਟਰੋਲ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣ ਦੀ ਮੰਗ ’ਤੇ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਇਸ ਸਬੰਧੀ ਜਲਦ ਹੀ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।ਡਿਪਟੀ ਕਮਿਸ਼ਨਰ ਨੇ ਛੁੱਟੀ ਦੌਰਾਨ ਸਕੂਲਾਂ ਨੇੜੇ ਬੱਚਿਆਂ ਦੀ ਸੁਰੱਖਿਆ ਲਈ ਸਕੂਲ ਪ੍ਰਬੰਧਕਾਂ ਨੂੰ ਜ਼ਿੰਮੇਂਵਾਰ ਅਧਿਆਪਕਾਂ ਨੂੰ ਖੜ੍ਹਾਉਣ ਤੋਂ ਇਲਾਵਾ ਪੀ ਸੀ ਆਰ ਦਸਤਿਆਂ ਨੂੰ ਗਸ਼ਤ ਕਰਦੇ ਰਹਿਣ ਲਈ ਵੀ ਆਖਿਆ ਗਿਆ। ਇਸ ਦੇ ਨਾਲ ਹੀ ਨਾਬਾਲਗ਼ ਬੱਚਿਆਂ ਹੱਥ ਵਾਹਨ ਨਜ਼ਰ ਆਉਣ ’ਤੇ ਚਲਾਨ ਕਰਨ ਲਈ ਵੀ ਕਿਹਾ ਗਿਆ।ਸ੍ਰੀ ਬਬਲਾਨੀ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਹੀਂ ਜ਼ਿਲ੍ਹੇ ਦੀਆਂ ਸਕੂਲੀ ਬੱਸਾਂ ’ਚ ਸੁਰੱਖਿਆ ਸੇਫ਼ ਵਾਹਨ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਚੈਕਿੰਗ ਕਰਦੇ ਰਹਿਣ ਦੀ ਹਦਾਇਤ ਵੀ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਟ੍ਰੈਫ਼ਿਕ ਪ੍ਰਬੰਧਾਂ ਨੂੰ ਦੇਖਣ ਅਤੇ ਲੋੜੀਂਦੇ ਸੁਧਾਰਾਂ ਲਈ ਭਵਿੱਖ ਵਿੱਚ ਸੀਨੀਅਰ ਅਧਿਕਾਰੀਆਂ ਦਾ ਦੌਰਾ ਵੀ ਕਰਵਾਇਆ ਜਾਵੇਗਾ।ਮੀਟਿੰਗ ’ਚ ਐਸ.ਡੀ.ਐਮ. ਬੰਗਾ ਦੀਪ ਸ਼ਿਖਾ ਸ਼ਰਮਾ, ਐਸ.ਡੀ.ਐਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਇਕਬਾਲ ਸਿੰਘ ਚੀਮਾ ਤੇ ਹੋਰ ਅਧਿਕਾਰੀ ਮੌਜੂਦ ਸਨ।